ਦੱਖਣੀ ਆਸਟ੍ਰੇਲੀਆ ਵਿੱਚ ਸਖ਼ਤ ਲਾਕਡਾਊਨ ਵਾਜਿਬ; ਕਰੋਨਾ ਦੇ ਦੂਸਰੇ ਹਮਲੇ ਦੀ 99% ਸੰਭਾਵਨਾ -ਨਿਕੋਲਾ ਸਪਰੀਅਰ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਦੱਖਣੀ ਆਸਟ੍ਰੇਲੀਆ ਦੀ ਮੁੱਖ ਜਨਤਕ ਸਿਹਤ ਅਧਿਕਾਰੀ ਨਿਕੋਲਾ ਸਪਰੀਅਰ ਦਾ ਕਹਿਣਾ ਹੈ ਕਿ ਸਥਿਤੀਆਂ ਨੂੰ ਵਾਚਣ ਉਪਰ ਉਹ ਇਸ ਨਤੀਜੇ ਉਪਰ ਪੁੱਜੇ ਹਨ ਕਿ ਰਾਜ ਅੰਦਰ ਲਗਾਇਆ ਗਿਆ ਲਾਕ-ਡਾਊਨ ਬਿਲਕੁਲ ਵਾਜਿਬ ਹੈ ਅਤੇ ਰਾਜ ਅੰਦਰ ਕਰੋਨਾ ਦੇ ਦੂਸਰੇ ਹਮਲੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਬੀਤੇ ਹਫਤੇ ਉਨ੍ਹਾਂ ਨੂੰ ਮਹੱਈਆ ਕਰਵਾਈ ਗਈ ਮਾਡਲਿੰਗ ਦੇ ਆਂਕੜਿਆਂ ਤੋਂ ਉਨ੍ਹਾਂ ਨਤੀਜੇ ਕੱਢੇ ਹਨ ਕਿ ਆਂਕੜਿਆਂ ਮੁਤਾਬਿਕ 50% ਤਾਂ ਚਾਂਸ ਇਹੀ ਬਣਦੇ ਸਨ ਕਿ ਆਉਣ ਵਾਲੇ ਦਿਸੰਬਰ ਦੇ ਮਹੀਨੇ ਵਿੱਚ 100 ਮਾਮਲੇ ਪ੍ਰਤੀ ਦਿਨ ਦੇ ਹਿਸਾਬ ਨਾਲ ਦਰਜ ਹੋਣਗੇ ਪਰੰਤੂ ਇਨਕਾਰ ਇਸ ਗੱਲ ਤੋਂ ਨਹੀਂ ਕੀਤਾ ਜਾ ਸਕਦਾ ਕਿ ਇਹ ਮਾਮਲੇ 200 ਵੀ ਹੋ ਸਕਦੇ ਹਨ। ਜ਼ਿਕਰਯੋਗ ਹੈ ਕਿ ਅੱਜ ਹੀ ਐਤਵਾਰ ਨੂੰ ਰਾਜ ਵਿਚਲੇ ਲਾਕਡਾਊਨ ਨੂੰ ਖ਼ਤਮ ਕੀਤਾ ਗਿਆ ਹੈ ਅਤੇ ਹੁਣ 10 ਦੀ ਗਿਣਤੀ ਵਿੱਚ ਲੋਕ ਪੱਬਾਂ ਜਾਂ ਰੈਸਟੋਰੈਂਟਾਂ ਵਿੱਚ ਆ ਜਾ ਸਕਦੇ ਹਨ; ਅਤੇ ਨਿਜੀ ਇਕੱਠਾਂ ਵਿੱਚ 50 ਲੋਕ (ਪ੍ਰਤੀ ਵਿਅਕਤੀ 4 ਵਰਗ ਮੀਟਰ ਦੀ ਦੂਰੀ ਨਾਲ) ਇਕੱਠੇ ਹੋ ਸਕਦੇ ਹਨ ਅਤੇ ਬਿਊਟੀ ਸੈਲੂਨਾਂ ਅਤੇ ਜਿਮਾਂ ਵਿੱਚ ਜਾ ਸਕਦੇ ਹਨ। ਸਕੂਲਾਂ ਅਤੇ ਬੱਚਿਆਂ ਦੇ ਕੇਅਰ ਸੈਂਟਰਾਂ ਸਮੇਤ ਹੋਰ ਵੀ ਅਦਾਰੇ ਹਨ ਜੋ ਕਿ ਖੁੱਲ੍ਹਣ ਜਾ ਰਹੇ ਹਨ। ਹਾਲ ਦੀ ਘੜੀ ਭਾਈਚਾਰਕ ਖੇਡਾਂ ਜਾਂ ਮਨੋਰੰਜਨ ਦੇ ਸੈਂਟਰ ਆਦਿ ਬੰਦ ਹੀ ਰਹਿਣਗੇ। ਅਗਲੇ 8 ਤੋਂ 10 ਦਿਨਾਂ ਤੱਕ ਲੋਕਾਂ ਨੂੰ ਇਹੋ ਸਲਾਹ ਦਿੱਤੀ ਜਾ ਰਹੀ ਹੈ ਕਿ ਜਿੱਥੇ ਕਿਤੇ ਵੀ ਸੰਭਵ ਹੋਵੇ, ਆਪਣੇ ਘਰਾਂ ਤੋਂ ਰਹਿ ਕੇ ਹੀ ਕੰਮਾਂਕਾਜਾਂ ਨੂੰ ਨੇਪਰੇ ਚਾੜ੍ਹਦੇ ਰਹੋ ਅਤੇ ਖਾਸ ਲੋੜ ਪੈਣ ਤੇ ਹੀ ਘਰਾਂ ਵਿੱਚੋਂ ਬਾਹਰ ਨਿਕਲੋ। ਜਿੱਥੇ ਸਰੀਰਕ ਦੂਰੀ ਨਹੀਂ ਬਣਾਈ ਜਾ ਸਕਦੀ ਉਥੇ ਫੇਸ ਮਾਸਕ ਜ਼ਰੂਰੀ ਹੈ। ਅੱਜ ਐਤਵਾਰ ਨੂੰ ਰਾਜ ਅੰਦਰ ਇੱਕ ਮਹਿਲਾ ਦਾ ਕਰੋਨਾ ਟੈਸਟ ਪਾਜ਼ਿਟਿਵ ਆਇਆ ਹੈ ਜੋ ਕਿ ਬਾਹਰਲੇ ਦੇਸ਼ ਤੋਂ ਆਈ ਹੈ ਅਤੇ ਕੁਆਰਨਟੀਨ ਵਿੱਚ ਹੈ। ਪ੍ਰੀਮੀਅਰ ਸਟੀਵਨ ਮਾਰਸ਼ਲ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ, ਐਡੀਲੇਡ ਦੇ ਕਲਸਟਰ ਵਿੱਚ ਹੁਣ 26 ਮਾਮਲੇ ਚਲੰਤ ਹਨ। ਬੀਤੇ 2 ਦਿਨਾਂ ਵਿਚਕਾਰ, ਲੋਕਾਂ ਨੂੰ ਕਰੋਨਾ ਦੇ ਖ਼ਿਲਾਫ਼ ਨਿਯਮਾਂ ਨੂੰ ਤੋੜਨ ਦੇ ਤਹਿਤ ਪੁਲਿਸ ਵੱਲੋਂ 182 ਚਿਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ ਅਤੇ 103 ਜੁਰਮਾਨੇ ਵੀ ਕੀਤੇ ਗਏ ਹਨ।

Install Punjabi Akhbar App

Install
×