ਨਿਕ ਕਿਰਗਿਅਸ ਨੇ ਟੈਨਿਸ ਖਿਡਾਰੀ ਨੋਵੇਕ ਜੋਕੋਵਿਕ ਦੇ ਬਿਆਨ ਦੀ ਕੀਤੀ ਨਿੰਦਾ -ਕਿਹਾ ਕਰੋਨਾ ਦੀ ਰੋਕਥਾਮ ਲਈ ਨਿਯਮ ਸਭ ਲਈ ਬਰਾਬਰ

(ਨਿਕ ਕਿਰਗਿਅਸ)

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਅੰਤਰ-ਰਾਸ਼ਟਰੀ ਟੈਨਿਸ ਦੇ ਨੰਬਰ ਇੱਕ ਦੇ ਖਿਡਾਰੀ ਨੋਵੇਕ ਜੋਕੋਵਿਕ ਦੇ ਬਿਆਨ, ਕਿ ਖਿਡਾਰੀਆਂ ਲਈ ਆਸਟ੍ਰੇਲੀਆਈ ਸਰਕਾਰ ਨੂੰ ਕਰੋਨਾ ਦੀਆਂ ਛੋਟਾਂ ਦੇਣੀਆਂ ਚਾਹੀਦੀਆਂ ਹਨ ਅਤੇ ਇੰਨਾ ਸਖ਼ਤ ਕੁਆਰਨਟੀਨ ਨਹੀਂ ਹੋਣਾ ਚਾਹੀਦਾ, ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਟੈਨਿਸ ਜਗਤ ਵਿੱਚ 47ਵੇਂ ਪਾਏਦਾਨ ਦੇ ਖਿਡਾਰੀ, ਨਿਕ ਕਿਰਗਿਅਸ ਨੇ ਕਿਹਾ ਹੈ ਕਿ ਕਰੋਨਾ ਇੱਕ ਬਿਮਾਰੀ ਹੈ ਅਤੇ ਇਸ ਬਿਮਾਰੀ ਤੋਂ ਪੂਰੇ ਦੇਸ਼ ਅਤੇ ਸਮਾਜ ਨੂੰ ਬਚਾਇਆ ਜਾ ਰਿਹਾ ਹੈ ਅਤੇ ਇਸ ਵਾਸਤੇ ਸਰਕਾਰ ਅਤੇ ਸਿਹਤ ਅਧਿਕਾਰੀਆਂ ਵੱਲੋਂ ਜੋ ਵੀ ਨਿਯਮ ਲਾਗੂ ਕੀਤੇ ਜਾਂਦੇ ਹਨ, ਉਹ ਸਭ ਲਈ ਬਰਾਬਰ ਹੁੰਦੇ ਹਨ ਅਤੇ ਇਸ ਦਾ ਪਾਲਣ ਕਰਨਾ ਵੀ ਸਭ ਦਾ ਫ਼ਰਜ਼ ਬਣਦਾ ਹੈ ਅਤੇ ਅਜਿਹੇ ਪੁੱਠੇ-ਸਿੱਧੇ ਬਿਆਨਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਮੌਜੂਦਾ ਸਮੇਂ ਵਿੱਚ ਦੇਸ਼ ਅੰਦਰ ਬਾਹਰਲੇ ਦੇਸ਼ਾਂ ਤੋਂ ਆਏ 72 ਟੈਨਿਸ ਖਿਡਾਰੀ, 14 ਦਿਨਾਂ ਲਈ ਕੁਆਰਨਟੀਨ ਵਿੱਚ ਹਨ ਅਤੇ ਇਸ ਦੇ ਚਲਦਿਆਂ ਜੋਕੋਵਿਕ ਨੇ ਆਸਟ੍ਰੇਲੀਆਈ ਓਪਨ ਦੇ ਬਾਸ ਕਰੇਗ ਟਿਲੇ ਨੂੰ ਇੱਕ ਚਿੱਠੀ ਰਾਹੀਂ ਆਪਣੀਆਂ 6 ਮੰਗਾਂ ਲਿੱਖ ਕੇ ਭੇਜੀਆਂ ਹਨ ਜਿਨ੍ਹਾਂ ਵਿੱਚ ਕਿਹਾ ਗਿਆ ਹੈ ਕਿ ਖਿਡਾਰੀਆਂ ਨੂੰ ਕਰੋਨਾ ਕੇ ਸਖ਼ਤ ਕੁਆਰਨਟੀਨ ਵਿੱਚੋਂ ਛੋਟਾਂ ਦਿੱਤੀਆਂ ਜਾਣ ਅਤੇ ਇਸ ਵਿੱਚ ਕੁਆਰਨਟੀਨ ਦਾ ਸਮਾਂ ਘਟਾਉਣਾ, ਵਧੀਆ ਭੋਜਨ ਦੀ ਵਿਵਸਥਾ ਅਤੇ ਖਿਡਾਰੀਆਂ ਨੂੰ ਅਜਿਹੀਆਂ ਥਾਵਾਂ ਉਪਰ ਰੱਖਣਾ ਜਿੱਥੇ ਕਿ ਟੈਨਿਸ ਖੇਡਣ ਦਾ ਸਾਜੋ-ਸਾਮਾਨ ਮੌਜੂਦ ਹੋਵੇ ਆਦਿ ਸ਼ਾਮਿਲ ਹਨ। ਕੁਆਰਨਟੀਨ ਵਿੱਚ ਮੌਜੂਦ ਇੱਕ ਹੋਰ ਖਿਡਾਰੀ ਦੀ ਦੋਸਤ ਨੇ ਤਾਂ ਟਵੀਟ ਕਰਦਿਆਂ ਇੱਥੋਂ ਤੱਕ ਲਿੱਖ ਦਿੱਤਾ ਹੈ ਕਿ ਮੈਂ ਤਾਂ ਕਦੇ ਆਪਣਾ ਸਿਰ ਵੀ ਆਪ ਨਹੀਂ ਧੋਇਆ ਅਤੇ ਇਹ ਕੰਮ ਤਾਂ ਹੇਅਰ-ਡ੍ਰੈਸਰ ਕਰਦੇ ਹਨ ਅਤੇ ਹੁਣ ਮੈਂ ਕੀ ਕਰਾਂ, ਇਹ ਸਮਝ ਨਹੀਂ ਆ ਰਿਹਾ। ਜੋਕੋਵਿਕ ਚੋਟੀ ਦੇ ਟੈਨਿਸ ਖਿਡਾਰੀਆਂ ਵਿੱਚੋਂ ਇੱਕ ਹੈ ਅਤੇ ਬੀਤੇ ਸਾਲ 2020 ਦੇ ਟੈਨਿਸ ਓਪਨ ਚੈਂਪਿਅਨਸ਼ਿਪ ਦੌਰਾਨ ਵੀ ਉਸਨੇ ਆਪਣੇ ਰਹਿਣ ਬਹਿਣ ਲਈ ਵੱਖਰੀ ਥਾਂ ਲਈ ਸੀ ਅਤੇ ਉਹ ਬਾਕੀ ਦੇ ਖਿਡਾਰੀਆਂ ਨਾਲ ਨਹੀਂ ਸੀ ਰਿਹਾ, ਅਤੇ ਇਸ ਸਾਲ ਐਡੀਲੇਡ ਵਿੱਚ ਉਸਨੂੰ ਕੁਆਰਨਟੀਨ ਕੀਤਾ ਗਿਆ ਹੈ ਅਤੇ ਇਸਤੋਂ ਬਾਅਦ ਉਸਨੇ ਮੈਲਬੋਰਨ ਜਾਣਾ ਹੈ ਤਾਂ ਕਿ ਪਹਿਲੇ ਗ੍ਰੈਂਡ ਸਲੈਮ ਵਿੱਚ ਹਿੱਸਾ ਲੈ ਸਕੇ।

Install Punjabi Akhbar App

Install
×