ਨਿਊਜ਼ੀਲੈਂਡ ‘ਚ ਭਾਰਤੀ ਮੂਲ ਦੇ ਲੋਕ ਬਣੇ ਚੌਥਾ ਵੱਡਾ ਭਾਈਚਾਰਾ |

180 ਕੌਮਾਂ ਵਾਲੇ ਮੁਲਕ ਵਿਚ ਤਕਰੀਬਨ ਅੱਧੇ ਲੋਕ ਨਾਸਤਿਕ ,ਸਿੱਖ ਹੋਏ ਦੁੱਗਣੇ |
ਆਕਲੈਂਡ (ਤਰਨਦੀਪ ਬਿਲਾਸਪੁਰ ) ਨਿਊਜ਼ੀਲੈਂਡ ਦਾ ਵਿਵਾਦਤ ਜਨਗਣਨਾ ਅੰਕੜਾ ਬੀਤੀ ਸ਼ਾਮ ਜਾਰੀ ਕਰ ਦਿੱਤਾ ਗਿਆ ਹੈ | ਇਸ ਅੰਕੜੇ ਤੇ ਪਹਿਲੇ ਸਰੂਪ ਨੂੰ ਦੇਖਦਿਆਂ ਨਿਊਜ਼ੀਲੈਂਡ ਦੀ ਮਲਟੀ ਕਰਲਚਰਲ ਬਹੁਲਤਾ ਝਲਕਾਰੇ ਮਾਰਦੀ ਨਜ਼ਰ ਆ ਰਹੀ ਹੈ | 2018 ਦੀ ਇਸ ਜਨਗਣਨਾ ਅਨੁਸਾਰ ਤਕਰੀਬਨ 48 ਲੱਖ ਦੀ ਅਬਾਦੀ ਵਾਲੇ ਇਸ ਮੁਲਕ ਵਿਚ ਦੁਨੀਆਂ ਦਾ ਹਰ ਰੰਗ ਆਪਣੀ ਝਾਤ ਪਵਾਉਂਦਾ ਨਜ਼ਰ ਆ ਰਿਹਾ ਹੈ | 180 ਕੌਮੀਅਤਾਂ ਜਾਂ ਕੌਮਾਂ ਇਸ ਮੁਲਕ ਵਿਚ ਵੱਸਦੀਆਂ ਹਨ | ਜਿਹਨਾਂ ਵਿਚ ਨਿਊਜ਼ੀਲੈਂਡ ਯੂਰਪੀਨ 3025587 ਲੱਖ ਦੀ ਅਬਾਦੀ ਨਾਲ ਸਭ ਤੋਂ ਪਹਿਲੇ ਨੰਬਰ ਤੇ ਹਨ | ਜਦੋਂਕਿ ਦੂਸਰਾ ਨੰਬਰ ਸਥਾਨਿਕ ਮੂਲਵਾਸੀ ਮੌਰੀ ਭਰਾਵਾਂ ਦਾ ਹੈ ਜੋ ਕਿ ਇਸ ਸਾਲ ਦੇ ਨਵੇਂ ਅੰਕੜਿਆਂ ਮੁਤਾਬਿਕ 777195 ਲੱਖ ਹਨ | ਤੀਸਰੇ ਨੰਬਰ ਤੇ ਸੱਤ ਕਿਸਮ ਦੇ ਚੀਨੀ ਭਾਈਚਾਰੇ ਦੇ ਲੋਕ ਤਕਰੀਬਨ 2 ਲੱਖ 60 ਹਜ਼ਾਰ ਦੀ ਅਬਾਦੀ ਨਾਲ ਆਪਣਾ ਡੰਕਾ ਵਜਾਉਂਦੇ ਨਜ਼ਰ ਆ ਰਹੇ ਹਨ | ਇਥੇ ਭਾਰਤੀ ਮੂਲ ਦੇ ਦੇ ਲੋਕ ਸਮੂਹਿਕ ਤੌਰ ਤੇ 244717 ਲੱਖ ਦੀ ਅਬਾਦੀ ਨਾਲ ਚੀਨੀ ਮੂਲ ਦੇ ਲੋਕਾਂ ਦੇ ਪੂਰੇ ਮੁਕਾਬਲੇ ਵਿਚ ਹਨ | ਜੇਕਰ ਪਾਕਿਸਤਾਨੀ, ਬੰਗਲਾਦੇਸ਼ੀ ,ਸ੍ਰੀ ਲੰਕਣ ,ਨੇਪਾਲ, ਭੁਟਾਨੀਂ ਅਤੇ ਅਫਗਾਨੀ ਮੂਲ ਦੇ ਲੋਕਾਂ ਨੂੰ ਆਪਿਸ ਵਿਚ ਜੋੜ ਕੇ ਦੱਖਣ ਏਸ਼ੀਆਈ ਲੋਕਾਂ ਦੀ ਗਿਣਤੀ ਕੀਤੀ ਜਾਵੇ ਤਾਂ , ਤਕਰੀਬਨ ਪੌਣੇ ਤਿੰਨ ਲੱਖ ਦੀ ਗਿਣਤੀ ਦੇ ਨਾਲ ਇਹ ਭਾਈਚਾਰਾ ਨਿਊਜ਼ੀਲੈਂਡ ਵਿਚ ਆਪਣੀ ਵੱਖਰੀ ਪਹਿਚਾਣ ਦਾ ਪਰਚਮ ਲਹਿਰਾਉਂਦਾ ਨਜ਼ਰ ਆ ਰਿਹਾ ਹੈ | ਕਿਓਂਕਿ ਇਸ ਖਿੱਤੇ ਦੇ ਬਹੁਤ ਸਾਰੇ ਰਸਮੋ ਰਿਵਾਜ਼ ,ਬੋਲੀਆਂ ,ਖਾਣੇ ਇੱਕ ਦੂਸਰੇ ਨਾਲ ਅੰਤਰ ਸੰਬੰਧਿਤ ਹਨ |
ਇਸ ਬਾਰ ਦੀ ਨਿਊਜ਼ੀਲੈਂਡ ਦੀ ਜਨਗਣਨਾ ਵਿਚ ਇੱਕ ਹੋਰ ਖਾਸ਼ ਤੌਰ ਤੇ ਦੇਖਣ ਵਾਲੀ ਹੈ ਕਿ ਇਸ ਮੁਲਕ ਵਿਚ ਲੋਕ ਲਗਾਤਾਰ ਧਰਮ ਤੋਂ ਆਪਣਾ ਮੁਖ ਮੋੜਦੇ ਨਜ਼ਰ ਆ ਰਹੇ ਹਨ , ਜੋ ਕਿ ਕਾਫੀ ਹੈਰਾਨੀਜਨਕ ਹੈ | ਤਾਜ਼ਾ ਅੰਕੜਿਆਂ ਅਨੁਸਾਰ 48.59 ਫ਼ੀਸਦ ਲੋਕ ਕਿਸੇ ਵੀ ਧਰਮ ਵਿਚ ਆਸਥਾ ਨਹੀਂ ਰੱਖਦੇ , ਭਾਵ ਕਿ ਨਾਸਤਿਕ ਹਨ | ਇਹ ਗ੍ਰਾਫ 2013 ਦੀ ਜਨਗਣਨਾ ਤੋਂ ਕਾਫੀ ਤੇਜ਼ੀ ਨਾਲ ਵੱਧਿਆ ਹੈ | ਪਿਛਲੀ ਬਾਰ 41.92 ਫ਼ੀਸਦ ਲੋਕਾਂ ਨੇ ਆਪਣੇ ਆਪ ਨੂੰ ਨਾਸਤਿਕ ਦਰਸਾਇਆ ਸੀ | ਇਥੇ ਇਹ ਵੀ ਜ਼ਿਕਰਯੋਗ ਹੈ ਕਿ ਸਭ ਤੋਂ ਜਿਆਦਾ ਨਾਸਤਿਕ ਲੋਕਾਂ ਦੀ ਗਿਣਤੀ ਕਰਿਸਚਨ ਧਰਮ ਵਿਚੋਂ ਆਉਣ ਵਾਲਿਆਂ ਦੀ ਹੈ | ਕਿਓਂਕਿ 2013 ਦੇ ਤਕਰੀਬਨ 47 ਫ਼ੀਸਦ ਕਰਿਸਚਨ 2018 ਦੀ ਜਨਗਣਨਾਂ ‘ਚ 10 ਫ਼ੀਸਦ ਦੀ ਖੜੋਤ ਨਾਲ 37 ਫ਼ੀਸਦ ਤੇ ਆਕੇ ਖੜ ਗਏ ਹਨ |
ਪਰ ਦੂਸਰੇ ਪਾਸੇ ਬਾਹਰੋਂ ਆਕੇ ਵੱਸਣ ਵਾਲੇ ਪਰਵਾਸੀ ਭਾਈਚਾਰੇ ਦੇ ਆਪਣੇ ਧਰਮਾਂ ਵਿਚ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ | ਜਿਸ ਵਿਚ ਸਿੱਖ ਭਾਈਚਾਰੇ ਦੀ ਗਿਣਤੀ 2013 ਦੀ 19,191 ਤੋਂ ਵਧਕੇ 2018 ‘ਚ 40,908 ਭਾਵ ਕਿ ਦੁੱਗਣੀ ਹੋ ਗਈ ਹੈ | ਇਸੇ ਤਰੀਕੇ ਨਾਲ ਮੁਸਲਿਮ ਧਰਮ ਦੇ ਪੈਰੋਕਾਰ ਇਸ ਮੁਲਕ ਵਿਚ 46,149 ਤੋਂ ਵਧਕੇ 61,455 ਹੋ ਗਏ ਹਨ | ਇਸੇ ਤਰੀਕੇ ਨਾਲ ਹਿੰਦੂ ਧਰਮ ਵੀ 2013 ਦੀ ਜਨਗਣਨਾ ਦੀ ਗਿਣਤੀ 89,319 ਤੋਂ ਵੱਧਕੇ 2018 ‘ਚ  123,534 ਤੱਕ ਉੱਪੜ ਗਿਆ ਹੈ |
ਇਸਤੋਂ ਇਲਾਵਾ ਇਸ ਜਨਗਣਨਾਂ ਵਿਚ ਨਿਊਜ਼ੀਲੈਂਡ ਵਿਚ ਜਨਮ ਲੈਣ ਵਾਲੇ ਲੋਕਾਂ ਤੋਂ ਬਾਅਦ ,ਬਰਤਾਨੀਆਂ (210915)ਵਿਚ ਜਨਮ ਲੈਣ ਵਾਲੇ ਲੋਕਾਂ ਦੀ ਗਿਣਤੀ ਦੂਸਰੇ ਨੰਬਰ ਤੇ ਹੈ , ਚੀਨ
(132906)ਵਿਚ ਜਨਮ ਲੈਣ ਵਾਲੇ ਲੋਕ ਤੀਸਰੇ ਨੰਬਰ ਤੇ ਆਉਂਦੇ ਹਨ ਤੇ ਇਸ ਮਾਮਲੇ ਵਿਚ ਭਾਰਤ (117348) ਮੁੜ ਚੌਥੇ ਨੰਬਰ ਤੇ ਆਪਣੀ ਹਾਜ਼ਰੀ ਲਗਵਾ ਰਿਹਾ ਹੈ |

Install Punjabi Akhbar App

Install
×