…ਅਖੇ ਇਕ ਨੂੰ ਕੀ ਰੋਨੀ ਏ..ਇਥੇ ਤਾਂ ਆਵਾ ਹੀ ਊਤਿਆ ਪਿਆ: ਨਿਊਜ਼ੀਲੈਂਡ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪੜ੍ਹਾਉਣ ਬਹੁਤੇ ਸਕੂਲ ਜਾਂਚ ਦੇ ਘੇਰੇ ਵਿਚ

nz-pic-2-nov-2

ਨਿਊਜ਼ੀਲੈਂਡ ਦੇ ਵਿਚ ਬੀਤੇ ਕਈ ਸਾਲਾਂ ਤੋਂ ਇਕ-ਇਕ ਕਰਕੇ ਕਈ ਵੱਡੇ ਕਾਲਜ ਕਾਨੂੰਨੀ ਉਲੰਘਣਾਵਾਂ ਦੇ ਕਾਰਨ ਬੰਦ ਹੋ ਰਹੇ ਹਨ। ਇਨ੍ਹਾਂ ਦੇ ਵਿਚ ਵੱਡਾ ਨੁਕਸਾਨ ਭਾਰਤੀ ਖਾਸ ਕਰ ਪੰਜਾਬੀ ਵਿਦਿਆਰਥੀਆਂ ਦਾ ਹੋ ਰਿਹਾ ਹੈ, ਜਿਹੜੇ ਕਈ ਵਾਰ ਨਾ ਆਰ ਦੇ ਨਾ ਪਾਰ ਦੇ ਰਹਿੰਦੇ ਹਨ। ਸਿਖਿਆ ਪ੍ਰਣਾਲੀ ਨੂੰ ਕੰਟਰੋਲ ਕਰਦੀ ਸਰਕਾਰੀ ਸੰਸਥਾ ਐਨ. ਜ਼ੈਡ. ਕਿਊ. ਏ. ਇਸ ਵੇਲੇ 81 ਅਜਿਹੇ ਪ੍ਰਾਈਵੇਟ ਕਾਲਜਾਂ ਦੀ ਗਹਿਰੀ ਜਾਂਚ-ਪੜ੍ਹਤਾਲ ਵਿਚ ਲੱਗੀ ਹੋਈ ਹੈ ਜਿਨ੍ਹਾਂ ਉਤੇ ਕਾਨੂੰਨੀ ਉਲੰਘਨਾਵਾਂ ਜਾਂ ਸਿੱਖਿਆ ਦੇ ਉਚ ਮਾਪਦੰਢ ਪੂਰੇ ਨਾ ਕਰਨ ਦੇ ਦੋਸ਼ ਲੱਗੇ ਹੋਏ ਹਨ। 45 ਪ੍ਰਾਈਵੇਟ ਕਾਲਜ ਤਾਂ ਗੰਭੀਰ ਕਿਸਮ ਦੇ ਦੋਸ਼ਾਂ ਵਿਚ ਘਿਰੇ ਹਨ ਤੇ ਸਥਿਤੀ ਬਹੁਤ ਬੁਰੀ ਦੱਸੀ ਗਈ ਹੈ। ਐਨੀ ਵੱਡੀ ਗਿਣਤੀ ਵਿਚ ਕਾਲਜਾਂ ਬਾਰੇ ਸੁਣ ਕੇ ਤਾਂ ਇਹੀ ਅਖਾਣ ਢੁੱਕਦਾ ਹੈ ਕਿ ”ਇਕ ਨੂੰ ਕੀ ਰੋਨੀ ਏਂ ਇਥੇ ਤਾਂ ਆਵਾ ਹੀ ਊਤਿਆ ਪਿਆ ਏ”।
ਬੀਤੇ ਮਹੀਨੇ ਹੀ ਆਕਲੈਂਡ ਸਿਟੀ ਵਿਚ ਇਕ ਕਾਲਜ (ਇੰਟਰਨੈਸ਼ਨਲ ਅਕੈਡਮੀ) ਬੰਦ ਹੋਇਆ ਹੈ ਅਤੇ ਇਸਦੇ ਵਿਦਿਆਰਥੀ ਦੂਜੇ ਕਾਲਜ ਨੇ ਬਿਜ਼ਨਸ ਡੀਲ ਕਰਕੇ ਦਿੱਤੇ ਗਏ ਹਨ ਹੁਣ ਇਸ ਦੇ ਡਾਇਰੈਕਟਰ ਦੇਸ਼ ਤੋਂ ਬਾਹਰ ਖਿਸਕਣ ਦੀਆਂ ਸਕੀਮਾਂ ਬਣਾਉਂਦੇ ਮਹਿਕਮੇ ਨੂੰ ਨਜ਼ਰ ਆਉਣ ਲੱਗੇ ਹਨ। ਕਾਲਜ ਦੇ ਡਾਇਰੈਕਟਰ ਹੁਣ ‘ਕ੍ਰਿਮੀਨਲ ਚਾਰਜ਼ਜ’ ਅਧੀਨ ਜਾਂਚ ਦੇ ਘੇਰੇ ਵਿਚ ਵੀ ਆ ਸਕਦੇ ਹਨ। ਇਸ ਕਾਲਜ ਨੇ ਅਜੇ ਸਟਾਫ ਦੀ ਤਨਖਾਹ ਵੀ ਦੇਣੀ ਸੀ, ਪਰ ਪਹਿਲਾਂ ਹੀ ਇਹ ਦੀਵਾਲੀਏਪਨ ਦਾ ਸ਼ਿਕਾਰ ਹੋ ਗਿਆ ਹੈ ਜਿਸ ਕਰਕੇ ਸਟਾਫ ਦੀ ਤਨਖਾਹ ਵੀ ਲਟਕ ਕੇ ਰਹਿ ਗਈ ਹੈ। ਲਗਪਗ 10 ਅਜਿਹੇ ਕਰਮਚਾਰੀ ਹਨ ਜਿਨ੍ਹਾਂ ਦੀ ਤਨਖਾਹ ਬਕਾਇਆ ਹੈ। ਇਹ ਵੀ ਰਾਸ਼ਟਰੀ ਮੀਡੀਏ ਵਿਚ ਖਬਰਾਂ ਹਨ ਕਿ ਇਸ ਕਾਲਜ ਵਿਚ ਫੇਲ ਵਿਦਿਆਰਥੀਆਂ ਨੂੰ ਪਾਸ ਕਰ ਦਿੱਤਾ ਜਾਂਦਾ ਸੀ। ਇਸ ਕਾਲਜ ਦੇ ਜੋ ਡਾਇਰੈਕਟਰ ਸਨ ਉਨ੍ਹਾਂ ਦਾ ਘਰ ਵਿਕਣਾ ਲੱਗਾ ਹੋਇਆ ਹੈ ਅਤੇ ਉਹ ਮੈਲਬੌਰਨ ਜਾਣ ਦੀ ਤਿਆਰੀ ਵਿਚ ਹਨ। ਇਸ ਕਾਲਜ ਦੇ ਵਿਦਿਆਰਥੀਆਂ ਨੂੰ ਜਿਸ ਦੂਜੇ ਕਾਲਜ ਵਿਚ ਭੇਜਿਆ ਗਿਆ ਸੀ ਉਥੇ ਬਹੁਤੇ ਵਿਦਿਆਰਥੀ ਇੰਗਲਿਸ਼ ਟੈਸਟ ਵਿਚੋਂ ਫੇਲ ਹੋ ਗਏ ਸਨ। ਉਹ ਅਜੇ ਵੀ ਅਜੀਬ ਸਥਿਤੀ ਵਿਚੋਂ ਲੰਘ ਰਹੇ ਹਨ ਅਤੇ ਪੜ੍ਹਾਈ ਪੂਰੀ ਹੋਵੇਗੀ ਜਾਂ ਨਹੀਂ ਅਜੇ ਭੰਬਲਭੂਸਾ ਬਣਿਆ ਹੋਇਆ ਹੈ।
ਆਪਣੇ ਬੱਚੇ ਨਿਊਜ਼ੀਲੈਂਡ ਪੜ੍ਹਨ ਭੇਜਣ ਵਾਲੇ ਪੰਜਾਬੀ ਮਾਪਿਆਂ ਲਈ ਇਹ ਗੱਲ ਕਾਫੀ ਚਿੰਤਾ ਅਤੇ ਆਰਥਿਕ ਝਟਕਾ ਦੇਣ ਵਾਲੀ ਹੋ ਸਕਦੀ ਹੈ ਜਿਨ੍ਹਾਂ ਦੇ ਬੱਚੇ ਅਜਿਹੇ ਸਕੂਲਾਂ ਵਿਚ ਪੜ੍ਹ ਰਹੇ ਹਨ ਅਤੇ ਹੁਣ ਇਨ੍ਹਾਂ ਕਾਲਜਾਂ ਨੂੰ ਜਿੰਦਰੇ ਲੱਗਣੇ ਸ਼ੁਰੂ ਹੋ ਗਏ ਹਨ। ਅੰਤ ਇਹੀ ਕਹਾਂਗੇ ਕਿ ਜੋ ਭਾਰਤੀ ਵਿਦਿਆਰਥੀ ਇਥੇ ਪੜ੍ਹਨ ਆਉਣ ਉਹ ਪਹਿਲਾਂ ਕਾਲਜਾਂ ਦੇ ਸਾਰੇ ਤੱਥਾਂ ਤੋਂ ਜਰੂਰ ਜਾਣੂ ਹੋ ਜਾਣ ਅਤੇ ਫਿਰ ਫਾਈਲ ਲਾਉਣ ਤੋਂ ਪਹਿਲਾਂ ਲਾਇਸੰਸ ਧਾਰਕ ਇਮੀਗ੍ਰੇਸ਼ਨ ਅਡਵਾਈਜ਼ਰ ਨਾਲ ਜਰੂਰ ਸਲਾਹ ਕਰਨ।

Install Punjabi Akhbar App

Install
×