ਨਿਊਜ਼ੀਲੈਂਡ ‘ਚ ਅਹੁਦਿਆਂ ਤੋਂ ਉਪਰ ਉਠੇ ਆਪ ਦੇ ਅਹੁਦੇਦਾਰ

NZ PIC 25 Aug-1
ਪੀ.ਟੀ.ਸੀ. ਚੈਨਲ ਉਤੇ ਵੀਡੀਓ ਦਾ ਕੁਝ ਅੰਸ਼

ਆਮ ਆਦਮੀ ਪਾਰਟੀ ਨਿਊਜ਼ੀਲੈਂਡ ਵਿੰਗ ਜਿਹੜਾ ਕਿ ਕਈ ਸਾਲਾਂ ਤੋਂ ਇਥੇ ਆਪਣੀਆਂ ਗਤੀਵਿਧੀਆਂ ਅਤੇ ਫੰਡ ਰੇਜ਼ਿੰਗ ਵਿਚ ਮੋਹਰੀ ਰਹਿਣ ਕਰਕੇ ਚਰਚਾ ਵਿਚ ਸੀ, ਨੂੰ ਅੱਜ ਦਿੱਲੀ ਹਾਈ ਕਮਾਨ ਵੱਲੋ ਇਕ ਤਰ੍ਹਾਂ ਨਾਲ ਝਟਕਾ ਵੀ ਦਿੱਤਾ ਗਿਆ ਤੇ ਸਲਾਹਿਆ ਵੀ ਗਿਆ। ਕੁਝ ਦਿਨ ਪਹਿਲਾਂ ਨਿਊਜ਼ੀਲੈਂਡ ਵਿੰਗ ਦੇ ਕਨਵੀਨਰ ਸ੍ਰੀ ਰਾਜੀਵ ਬਾਜਵਾ ਨੇ ਆਪਣੇ ਵੀਡੀਓ ਬਲਾਗ ਰਾਹੀਂ ਪੰਜਾਬ ਦੇ ਅਤੇ ਇਸੇ ਤਰ੍ਹਾਂ ਨਿਊਜ਼ੀਲੈਂਡ ਵਿੰਗ ਅੰਦਰ ਉਠਦੇ-ਬਹਿੰਦੇ ਖਿੱਚੋਤਾਣ ਵਾਲੇ ਮਸਲਿਆਂ ਉਤੇ ਟਿੱਪਣੀ ਕਰਦੀ ਇਕ ਵੀਡੀਓ ਪਾਈ ਗਈ ਸੀ।  ਇਸ ਵੀਡੀਓ ਦੇ ਵਿਚ ਇਕ ਥਾਂ ਜਾ ਕੇ ਵਲੰਟੀਅਰਜ਼ ਨੂੰ ਅਹੁਦਿਆਂ ਤੋਂ ਉਪਰ ਉਠ ਕੇ ਕੰਮ ਕਰਨ ਦੀ ਨਸੀਹਤ ਵੀ ਸੀ ਅਤੇ ਇਸੇ ਸੰਦਰਭ ਵਿਚ ਉਨ੍ਹਾਂ ਜ਼ਜਬਾਤੀ ਹੁੰਦਿਆਂ ਇਹ ਪੇਸ਼ਕਸ਼ ਕਰ ਦਿੱਤੀ ਸੀ ਕਿ ਉਹ ਕਨਵੀਨਰ ਦੇ ਅਹੁਦੇ ਤੋਂ ਆਨ ਲਾਈਨ ਅਸਤੀਫਾ ਦਿੰਦੇ ਹਨ। ਇਥੇ ਭਾਵ ਇਹ ਸੀ ਕਿ ਉਹ ਅੁਹਦੇ ਨਾਲੋਂ ਵਲੰਟੀਅਰ ਤੌਰ ‘ਤੇ ਕੰਮ ਕਰਕੇ ਵੀ ਬਹੁਤ ਖੁਸ਼ ਹਨ। 24 ਮਿੰਟ ਤੋਂ ਵੱਧ ਦੀ ਇਸ ਵੀਡੀਓ ਵਿਚ ਇਹ ਭਾਗ ਕੁਝ ਸਕਿੰਟਾਂ ਦਾ ਸੀ, ਜਿਸ ਨੂੰ ਪੀ.ਟੀ.ਸੀ. ਟੀ.ਵੀ. ਉਤੇ ਪੰਜਾਬ ਵਿਚ ਚਲਾਇਆ ਗਿਆ। ਇਸ ਉਪਰੰਤ ਰਿਪੋਰਟ ਦਿੱਲੀ ਤੱਕ ਪਹੁੰਚ ਗਈ ਤੇ ਗੰਭੀਰ ਬਣ ਗਈ। ਅੱਜ ਪਾਰਟੀ ਹਾਈ ਕਮਾਨ ਨੇ ਸ੍ਰੀ ਰਾਜੀਵ ਬਾਜਵਾ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਉਨ੍ਹਾਂ ਦਾ ਆਨ ਲਾਈਨ ਵਾਲਾ ਅਸਤੀਫਾ ਹੀ ਪ੍ਰਵਾਨ ਕਰ ਲਿਆ ਹੈ ਅਤੇ ਨਾਲ ਹੀ ਕਿਹਾ ਹੈ ਕਿ ਉਹ ਸ੍ਰੀ ਰਾਜੀਵ ਬਾਜਵਾ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹਨ ਅਤੇ ਇਸ ਗੱਲ ਦੀ ਸਰਾਹਨਾ ਕਰਦੇ ਹਨ ਕਿ ਉਹ ਅਹੁਦੇ ਤੋਂ ਉੱਪਰ ਉਠ ਕੇ ਵੀ ਆਮ ਆਦਮੀ ਪਾਰਟੀ ਦੇ ਲਈ ਵਲੰਟੀਅਰ ਦੇ ਤੌਰ ‘ਤੇ ਕੰਮ ਕਰਨਾ ਪਸੰਦ ਕਰਦੇ ਹਨ।
ਇਸ ਸਬੰਧੀ ਸ. ਖੜਗ ਸਿੰਘ ਕੋ ਫਾਊਂਡਰ ਨਿਊਜ਼ੀਲੈਂਡ ਵਿੰਗ ਨੇ ਕਿਹਾ ਹੈ ਕਿ ਅਸਲੀ ਵਲੰਟੀਅਰ ਸਿਰਫ ਪੰਜਾਬ ਦੇ ਭਲੇ ਲਈ ਦੇਸ਼-ਵਿਦੇਸ਼ ਕੰਮ ਕਰ ਰਹੇ ਹਨ, ਉਨ੍ਹਾਂ ਦੀ ਇਹ ਭਾਵਨਾ ਕਦੀ ਨਹੀਂ ਹੋਣੀ ਚਾਹੀਦੀ ਕਿ ਪਹਿਲਾਂ ਅਹੁਦਾ ਮਿਲੇ ਫਿਰ ਕੰਮ ਕਰਨਗੇ। ਸ੍ਰੀ ਰਾਜੀਵ ਬਾਜਵਾ ਨੇ ਨਿਊਜ਼ੀਲੈਂਡ ਵਿੰਗ ਨੂੰ ਸਥਾਪਿਤ ਕਰਨ ਵਿਚ ਅਹਿਮ ਰੋਲ ਅਦਾ ਕੀਤਾ ਹੈ ਉਨ੍ਹਾਂ ਦੀਆਂ ਸੇਵਾਵਾਂ ਦੀ ਕਦਰ ਰਹੇਗੀ ਅਤੇ ਭਵਿੱਖ ਵਿਚ ਵੀ ਆਸ ਰੱਖੀ ਜਾਵੇਗੀ।

Install Punjabi Akhbar App

Install
×