ਨਵੀਆਂ ਲੀਹਾਂ……….

hargobind singh sidhu 180728 w up ਨਵੀਆਂ ਲੀਹਾਂaa
ਬਣੀਆਂ ਬਣਾਈਆਂ ਲੀਹਾਂ ਤੇ ਤੁਰਨਾਂ ਬੜਾ ਅਸਾਨ ਹੁੰਦਾ ਹੈ। ਇਨਸਾਨੀ ਫਿਤਰਤ ਵੀ ਹੈ ਕਿ ਇਹ ਸੋਖ ਵੱਲ ਨੂੰ ਜਲਦੀ ਭੱਜਦੈ। ਸਾਡੇ ਮਾਂ-ਬਾਪ, ਭੈਣ -ਭਰਾਵਾਂ, ਮਿਤਰਾਂ ਸਨੇਹੀਆਂ ਨੇ ਸਾਡੇ ਤੋਂ ਬੜੇ ਸੁਪਨੇ ਉਲੀਕ ਰੱਖੇ ਹੁੰਦੇ ਹਨ। ਉਹ ਸਾਨੂੰ ਵਿਸ਼ੇਸ਼ ਰਸਤਿਆਂ ਦਾ ਪਾਂਧੀ ਲੋੜਦੇ ਹਨ। ਮਾਂ ਬਾਪ ਸਾਨੂੰ ਰਸਤੇ ਤਿਆਰ ਕਰਕੇ ਦਿੰਦੇ ਹਨ। ਮਿੱਤਰ ਮੰਡਲੀ ਅਤੇ ਸਨੇਹੀ ਸਾਡੇ ਰਾਹਾਂ ਨੂੰ ਸੁਖਾਵਾਂ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਇਹ ਸੱਭ ਗੱਲਾਂ ਸਾਨੂੰ ਚੰਗੇ ਇਨਸਾਨ ਜਾਂ ਚੰਗੀ ਸਮਾਜਿਕਤਾ ਦਾ ਧਾਰਨੀ ਐਲਾਨ ਸਕਦੀਆਂ ਹਨ ਪਰ ਹਰ ਵਾਰ ਜਿੰਦਗੀ ਸਰ ਕਰਨ ਦੀਆਂ ਲੀਹਾਂ ਦੇ ਜਾਣ ਇਹ ਸੰਭਵ ਨਹੀਂ ਹੁੰਦਾ।
ਦੁਨੀਆਂ ਵਿੱਚ ਦੋ ਤਰ੍ਹਾਂ ਦੇ ਲੋਕ ਹੁੰਦੇ ਹਨ – ਸੋਖੇ ਰਸਤਿਆਂ ਨੂੰ ਚੁਣਨ ਵਾਲੇ ਅਤੇ ਔਖੇ ਤੋਂ ਔਖੇ ਰਸਤਿਆਂ ਨੂੰ ਚੁਣ ਕੇ ਅਸਾਨ ਬਣਾ ਲੈਣ ਵਾਲੇ। ਸੋਖੇ ਰਸਤਿਆਂ ਨੂੰ ਚੁਣਨ ਵਾਲੇ ਥੱਕਦੇ ਬੜਾ ਜਲਦੀ ਹਨ ਕਿਉਂਕਿ ਉਨ੍ਹਾਂ ਦੇ ਨਾਲ ਤੁਰਨ ਵਾਲੇ ਲੋਕ ਵੀ ਅਕਸਰ ਉਨ੍ਹਾਂ ਵਰਗੇ ਹੀ ਹੁੰਦੇ ਹਨ-ਅਸਾਨ ਲੀਹਾਂ ਦੇ ਧਾਰਨੀ। ਉਨ੍ਹਾਂ ਦਾ ਸਾਹ ਵੀ ਵਾਕੀਆਂ ਵਾਂਗ ਛੋਟੇ ਪੱਧਰ ਤੱਕ ਪਕਾ ਹੁੰਦਾ ਹੈ। ਉਹ ਥੋੜ੍ਹਾ ਜਿਹਾ ਕੁੱਝ ਪਾ ਲੈਣ ਨੂੰ ਸਫਲਤਾ ਅਤੇ ਪਤਾ ਨਹੀਂ ਕੀ-ਕੀ ਦਸਦੇ ਹਨ। ਪਰ ਦੂਜੇ ਪਾਸੇ ਕੁੱਝ ਅਜਿਹੇ ਵੀ ਹੁੰਦੇ ਹਨ ਜੋ ਆਪਣੇ ਰਸਤੇ ਆਪ ਤਿਆਰ ਕਰਦੇ ਹਨ। ਕੀੜਿਆਂ ਵਾਂਗ ਬਣੀ ਬਣਾਈ ਲਾਈਨ ਨਾਂ ਸਵਿਕਾਰਦੇ ਹੋਏ ਆਪਣੇ ਅਲੱਗ ਰਸਤੇ ਬਣਾਉਂਦੇ ਹਨ। ਹਰ ਵਾਰ ਨਵੇਕਲਾ ਅਤੇ ਸੋਹਨਾ ਕਰਨਾ ਉਨ੍ਹਾਂ ਦੇ ਹਿੱਸੇ ਆਉਂਦਾ ਹੈ। ਮੁਸ਼ਕਲਾਂ ਉਨ੍ਹਾਂ ਨੂੰ ਹੋਰ ਦਲੇਰੀ ਦਿੰਦੀਆਂ ਹਨ ਅਤੇ ਔਕੜਾਂ ਨਵਾਂ ਜੋਸ਼। ਘਬਰਾਹਟ ਨਾਂ ਦੀ ਚੀਜ਼ ਉਨ੍ਹਾਂ ਦੇ ਲਾਗੇ-ਤਾਗੇ ਨਹੀਂ ਹੁੰਦੀ। ਖੂਸ਼ੀ ਉਨ੍ਹਾਂ ਦੇ ਚਿਹਰੇ ਤੇ ਹਰ ਪਲ ਲਿਸ਼ਕਾਂ ਮਾਰਦੀ ਹੈ। ਉਹ ਕੰਮ ਕਰਦੇ ਹੋਏ ਵੀ ਕੰਮ ਨੂੰ ਬੋਝ ਨਹੀਂ ਲੱਗਣ ਦਿੰਦੇ। ਅਜਿਹੇ ਇਨਸਾਨ ਅੱਖ ਚੁਰਾਕੇ ਨਹੀਂ ਅੱਖ ਮਿਲਾਕੇ ਗੱਲ ਕਰਨ ਦਾ ਹੁਨਰ ਰਖਦੇ ਹਨ। ਉਹ ਲੀਹਾਂ ਪੱਕੀਆਂ ਕਰਨ ਤੇ ਨਹੀਂ ਹਰ ਵਾਰ ਨਵੀਆਂ ਲੀਹਾਂ ਉਲੀਕਣ ਲੱਗੇ ਹੁੰਦੇ ਹਨ। ਅਜਿਹੇ ਇਨਸਾਨ ਸਾਡੀ ਆਮ ਜਿਹੀ ਸੋਚ ਤੋਂ ਕਈ ਕਦਮ ਅੱਗੇ ਦੀ ਸੋਚ ਰੱਖਦੇ ਹਨ। ਅਸਲ ਵਿੱਚ ਉਹ ਜਿੰਦਗੀ ਦੇ ਅਸਲ ਜੇਤੂ ਹੁੰਦੇ ਹਨ। ਸਮਾਜ ਨੂੰ ਨਵੀਆਂ ਲੀਹਾਂ ਦੇ ਜਾਣਾ ਵੀ ਹੁਨਰਮੰਦ ਤੇ ਕਿਰਤੀਆਂ ਦੇ ਹੱਥ ਹੀ ਆਉਂਦਾ ਹੈ।
ਮੁੱਕਦੀ ਗੱਲ ਅਜੌਕੇ ਸਮਾਜ ਤੇ ਜੇ ਨਜ਼ਰਸ਼ਾਨੀ ਕਰੀਏ ਤਾਂ ਡਾਕਟਰ ਆਪਣੇ ਬੱਚੇ ਨੂੰ ਡਾਕਟਰ, ਮਾਸਟਰ ਆਪਣੇ ਬੱਚੇ ਨੂੰ ਮਾਸਟਰ ਜਾਂ ਡਾਕਟਰ ਆਦਿਕ ਬਣਾਉਣ ਤੇ ਹੀ ਲੱਗੇ ਹੋਏ ਹਨ। ਕੁੱਝ ਕਿਰਤੀ ਜਾਂ ਗਰੀਬ ਹੀ ਹਨ ਜਿਨ੍ਹਾਂ ਨੇ ਆਪਣੇ ਸੋਨੇ ਵਰਗੇ ਬਚਿਆਂ ਨੂੰ ਮੇਹਨਤ ਰੂਪੀ ਕਠਾਲੀ ਚ ਪਾਇਆ ਹੋਇਆ ਹੈ। ਉਮੀਦ ਇਕ ਚੰਗਾ ਇਨਸਾਨ ਬਣਾਉਣ ਦੀ ਹੈ। ਮੇਹਨਤ ਅਤੇ ਗਰੀਬੀ ਨੇ ਅਜਿਹੇ ਬੱਚਿਆਂ ਨੂੰ ਇਨ੍ਹਾਂ ਕਠੋਰ ਕਰ ਦਿੱਤਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਜੇਕਰ ਦੇਖਿਆ ਜਾਵੇ ਤਾਂ ਛੋਟੇ ਛੋਟੇ ਕਸਬਿਆਂ ਚੋਂ ਆਮ ਗਰੀਬ ਮਜਦੂਰਾਂ ਦੇ ਬੱਚੇ ਵੱਡੇ ਵੱਡੇ ਆਈ. ਏ. ਐਸ ਜਾਂ ਆਈ ਪੀ ਐੱਸ ਆਦਿਕ ਅਫਸਰ ਬਣਕੇ ਨਿਕਲ ਰਹੇ ਹਨ। ਅਜਿਹੇ ਬੱਚਿਆਂ ਨੂੰ ਆਪਣੇ ਮਾਂ-ਬਾਪ ਦੀਆਂ ਪਾਈਆਂ ਲੀਹਾਂ ਅਤੇ ਪੈਰਾਂ ਹੇਠਲੀ ਜਮੀਨ ਦਾ ਖਿਆਲ ਹੈ। ਉਨ੍ਹਾਂ ਦੇ ਚਿਹਰੇ ਜਿੱਤ ਦੇ ਜਲਾਲ ਨਾਲ ਚਮਕ ਰਹੇ ਹਨ।
ਹੁਣ ਸੋਚਣਾ ਬਣਦਾ ਵੀ ਅਸੀਂ ਆਪਣੇ ਬੱਚਿਆਂ ਨੂੰ ਕਿਨ੍ਹਾਂ ਲੀਹਾਂ ਤੇ ਤੋਰਨਾ ਹੈ। ਬਣੇ ਬਣਾਏ ਰਸ਼ਤੇ ਦੇਣੇ ਨੇ ਜਾਂ ਆਪਣੇ ਰਸਤੇ ਆਪ ਤਲਾਸ਼ ਕਰਨ ਲਈ ਹੌਸ਼ਲਾ ਅਤੇ ਜਜ਼ਬਾ। ਇਹ ਨਾਂ ਹੋਵੇ ਵੀ ਜਿਨ੍ਹਾਂ ਬਚਿਆਂ ਦੇ ਬਿਨਾਂ ਮੰਗੀਆਂ ਹੀ ਅਸੀਂ ਬੁਰਕੀ ਮੁੰਹ ਪਾ ਰਹੇ ਹਾਂ ਉਨ੍ਹਾਂ ਦੀ ਮਾਨਸਿਕਤਾ ਇਨ੍ਹੀਂ ਅਪਾਹਿਜ ਹੋ ਜਾਵੇ ਕਿ ਉਹ ਉਮਰ ਭਰ ਸਾਡੀ ਉਮੀਦ ਜਿੰਨ੍ਹੀ ਪੁਲਾਂਘ ਹੀ ਪੁਟ ਸਕਨ। ਪਰ ਜਮੀਨ ਬਹੁਤ ਵੱਡੀ ਹੈ ਦੋਸਤੋ…….

ਹਰਗੋਬਿੰਦ ਸਿੰਘ ਸਿੱਧੂ (ਦੇਸੂ ਮਲਕਾਣਾ)
+91 9017496007

Install Punjabi Akhbar App

Install
×