
ਕੇਂਦਰ ਸਰਕਾਰ ਵਲੋਂ ਰਾਜਾਂ ਦੇ ਅਧਿਕਾਰ ਰੌਂਦ ਕੇ ਲਿਆਂਦੇ ਅੰਨਦਾਤਾ, ਕਿਰਤੀ ਅਤੇ ਖਪਤਕਾਰ ਮਾਰੂ ਕਾਨੂੰਨਾਂ ਨੇ ਜਿੱਥੇ ਭਾਰਤੀ ਸਿਆਸਤ, ਲੋਕਤੰਤਰ, ਪੂੰਜੀਵਾਦ ਅਤੇ ਨੇਤਾਵਾਂ ਦੇ ਕਿਰਦਾਰ ਦਾ ਕਰੂਪ ਚਿਹਰਾ ਨੰਗਾ ਕੀਤਾ ਉੱਥੇ ਇਸ ਦੇ ਵਿਰੋਧ ਵਜ਼ੋਂ ਉਪਜੇ ਕਿਸਾਨ ਅੰਦੋਲਨ ਨੇ ਇਹਨਾਂ ਵਲੋਂ ਪੈਦਾ ਕੀਤੀਆਂ ਵੰਡੀਆਂ ਨੂੰ ਨਕਾਰਿਆ ਅਤੇ ਲੋਕ ਸ਼ਕਤੀ ਨੂੰ ਨਵੇਂ ਸਿਰੇ ਤੋਂ ਪ੍ਰਭਾਸ਼ਿਤ ਕੀਤਾ । ਦੇਸ਼ ਦੀ ਰਾਜਧਾਨੀ ਦੀਆਂ ਸਰਹੱਦਾਂ ਮੱਲ ਕੇ ਮੋਰਚੇ ਲਗਾ ਕੇ ਦੇਸ਼ ਦੇ ਹਰ ਕੋਨੇ ਦੇ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਪਿਛਲੇ ਢਾਈ ਮਹੀਨਿਆਂ ਤੋਂ ਇੱਕ ਆਵਾਜ ਹੋ ਕੇ ਇਹਨਾਂ ਕਾਲ਼ੇ ਕਾਨੂੰਨਾਂ ਦਾ ਵਿਰੋਧ ਦਰਜ ਕਰ ਰਹੇ ਹਨ । ਕਿਸਾਨਾਂ ਦੁਆਰਾ ਸਖ਼ਤ ਠੰਢ ਅਤੇ ਵਰ੍ਹਦੇ ਮੀਹਾਂ ਦਾ ਟਾਕਰਾ ਕਰਦਿਆਂ ਸੜ੍ਹਕਾਂ ਕਿਨਾਰੇ ਗੁਜ਼ਾਰੇ ਜਾ ਰਹੇ ਇਸ ਮੁਸ਼ਕਿਲ ਸਮੇਂ ਦਰਮਿਆਨ ਇਹ ਰਾਹਤ ਭਰੀ ਖ਼ਬਰ ਬਣ ਕੇ ਸਾਹਮਣੇ ਆ ਰਹੀ ਹੈ ਕਿ ਇਹਨਾਂ ਮੋਰਚਿਆਂ ਉੱਪਰ ਪਹੁੰਚੇ ਵੱਖ-ਵੱਖ ਰਾਜਾਂ, ਧਰਮਾਂ, ਜਾਤਾਂ, ਵਰਗਾਂ ਅਤੇ ਕੌਮਾਂ ਦੇ ਲੋਕ ਆਪਣੇ-ਆਪਣੇ ਸਭਿਆਚਾਰਕ ਰੰਗ ਲੈ ਕੇ ਇੱਕ ਸਾਂਝੇ ਮਕਸਦ ਲਈ ਇੱਕਜੁੱਟ ਹੋਏ ਅਨੇਕਤਾ ਵਿੱਚ ਏਕਤਾ ਵਾਲਾ ਵਿਚਿੱਤਰ ਅਤੇ ਬਹੁਰੰਗਾ ਸਮਾਜ ਸਿਰਜ ਰਹੇ ਹਨ ।
ਸਰਕਾਰ ਦੀ ਅਣਦੇਖੀ ਅਤੇ ਅੜੀਅਲ ਰਵੱਈਏ ਸਦਕਾ ਜਿੱਥੇ ਇਸ ਸੰਘਰਸ਼ ਦੇ ਲੰਬਾ ਖਿੱਚੇ ਜਾਣ ਦੀ ਚੀਸ ਉੱਠ ਰਹੀ ਹੈ ਉੱਥੇ ਇਸ ਸੰਘਰਸ਼ ਦੇ ਤਲ ਤੇ ਉੱਸਰ ਰਹੇ ਸਾਂਝੀਵਾਲਤਾ ਭਰੇ ਨਵੀਨ ਸਮਾਜ ਤੋਂ ਇੱਕ ਨਵੀਂ ਉਮੀਦ ਵੀ ਉਪਜ ਰਹੀ ਹੈ । ਵੱਖ-ਵੱਖ ਇਲਾਕਿਆਂ, ਪਹਿਰਾਵਿਆਂ, ਬੋਲੀਆਂ ਅਤੇ ਰਹੁ-ਰੀਤਾਂ ਵਾਲੇ ਲੋਕ ਜਦੋਂ ਇੱਕ-ਮਿੱਕ ਹੋ ਕੇ ਲੰਬਾ ਸਮਾਂ ਵਿਚਰਦੇ ਹਨ ਤਾਂ ਉਸਾਰੂ ਰਿਸ਼ਤਿਆਂ ਦੀ ਨਵੀਂ ਆਸ ਬੱਝਦੀ ਹੈ । ਸਿਆਸਤ ਦੇ ਪਾਏ ਵਖਰੇਵਿਆਂ ਨੂੰ ਤਾਂ ਲੋਕਾਂ ਨੇ ਅੰਦੋਲਨ ਦੇ ਅਰੰਭ ਵਿੱਚ ਹੀ ਢਹਿ-ਢੇਰੀ ਕਰ ਦਿੱਤਾ ਸੀ । ਐਵੇਂ ਸਿਆਸੀ ਬਖੇੜਿਆਂ ਵਿੱਚ ਪੈ ਕੇ ਲੋਕ ਵੰਡੀਆਂ ਦੀ ਇੱਕ ਅਦ੍ਰਿਸ਼ ਚੱਕੀ ਵਿੱਚ ਪਿਸ ਰਹੇ ਸਨ । ਇਹਨਾਂ ਮੋਰਚਿਆਂ ਦੇ ਪਿੜਾਂ ਅੰਦਰ ਲੋਕਾਂ ਦੇ ਮਿਲਵਰਤਨ ਨਾਲ ਸਿਆਸਤ ਦੀਆਂ ਇਹ ਕੋਝੀਆਂ ਚਾਲਾਂ ਜੱਗ ਜਾਹਰ ਹੋ ਗਈਆਂ ਹਨ ਅਤੇ ਲੋਕ ਇਹ ਸਮਝਣ ਲੱਗੇ ਹਨ ਕਿ ਇਹਨਾਂ ਸਿਆਸੀ ਵਖਰੇਵਿਆਂ ਦੀ ਆੜ ਵਿੱਚ ਕਿਵੇਂ ਉਹਨਾਂ ਦੇ ਹੱਕਾਂ ਨੂੰ ਲਤਾੜਿਆ ਜਾ ਰਿਹਾ ਹੈ । ਦਿਨ ਰਾਤ ਇਕੱਠੇ ਰਹਿ ਕੇ ਲੋਕਾਂ ਵਿੱਚ ਪੈਦਾ ਹੋਈ ਏਕਤਾ ਸਰਕਾਰ ਅਤੇ ਸਿਆਸਤ ਨੂੰ ਗਵਾਰਾ ਨਹੀਂ ਹੋ ਰਹੀ ਅਤੇ ਉਸ ਨੇ ਇਸ ਨੂੰ ਭੰਗ ਕਰਨ ਦੀਆਂ ਕਈ ਸ਼ਾਤਰ ਚਾਲਾਂ ਵੀ ਚੱਲੀਆਂ ਪਰ ਕਿਸਾਨੀ ਦੇ ਦਾਅ ਤੇ ਲੱਗੇ ਭਵਿੱਖ ਅਤੇ ਲੋਕਾਂ ਵਿੱਚ ਪੈਦਾ ਹੋਈ ਜਾਗ੍ਰਿਤ ਨੇੜਤਾ ਨੇ ਇੱਕਜੁੱਟਤਾ ਨਾਲ ਇਸ ਨੂੰ ਹਰ ਵਾਰ ਮੂੰਹ ਤੋੜ ਜਵਾਬ ਦਿੱਤਾ । ਤਿੰਨ ਕਾਲ਼ੇ ਕਾਨੂੰਨਾਂ ਦੇ ਵਿਰੋਧ ਲਈ ਖੜ੍ਹੇ ਕੀਤੇ ਇਸ ਅੰਦੋਲਨ ਦੀ ਸਹਿ ਉਪਜ਼ ਵਜੋਂ ਉੱਭਰੀ ਇਸ ਏਕੇ ਦੀ ਭਾਵਨਾਂ ਨੇ ਦੇਸ਼ ਦੇ ਇੱਕ ਚੰਗੇ ਭਵਿੱਖ ਦੀ ਇੱਕ ਨਵੀਂ ਆਸ ਦੀ ਕਿਰਨ ਜਗਾਈ ਹੈ ।
ਇਸ ਕਰਕੇ ਸੰਘਰਸ਼ ਦੇ ਲੰਬਾ ਚੱਲਣ ਤੋਂ ਡਰਨ ਜਾਂ ਘਬਰਾਉਣ ਦੀ ਲੋੜ ਨਹੀਂ ਬਲਕਿ ਇਸ ਸਮੇਂ ਦੋਰਾਨ, ਆਓ ! ਆਪਾਂ ਸਭ ਵੰਡੀਆਂ ਤੋਂ ਉੱਪਰ ਉੱਠ ਕੇ ਉੱਸਰੇ ਇਸ ਆਸ ਭਰਪੂਰ ਸਮਾਜ ਦੀ ਨੀਂਹ ਨੂੰ ਹੋਰ ਪਕੇਰਾ ਕਰੀਏ ਅਤੇ ਸਦਾ ਲਈ ਇੱਕ ਹੋ ਜਾਈਏ ।
(ਸੁਖਵੀਰ ਸਿੰਘ ਕੰਗ) +91 85678-72291