ਫੇਸਬੁੱਕ ਉਪਰ ਖ਼ਬਰਾਂ ਦੇ ਪੇਜ ਆਏ ਵਾਪਿਸ, ਮੀਡੀਆ ਕੋਡ ਹੋਇਆ ਦੇਸ਼ ਦੀ ਪਾਰਲੀਮੈਂਟ ਅੰਦਰ ਪਾਸ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਆਸਟ੍ਰੇਲੀਆਈ ਸੰਸਦ ਅੰਦਰ ‘ਮੀਡੀਆ ਕੋਡ’ ਪਾਸ ਹੋ ਜਾਣ ਕਾਰਨ, ਅਤੇ ਸੋਸ਼ਲ ਮੀਡੀਆ ਦੇ ਉਕਤ ਅਦਾਰੇ ਨਾਲ ਗੱਲਬਾਤ ਹੋ ਜਾਣ ਤੋਂ ਬਾਅਦ, ਪੂਰਾ ਇੱਕ ਹਫਤਾ ਫੇਸਬੁਕ ਉਪਰੋਂ ਆਸਟ੍ਰੇਲੀਆ ਦੇ ਸਰਕਾਰੀ ਅਤੇ ਗ਼ੈਰ-ਸਰਕਾਰੀ ਖ਼ਬਰਾਂ ਆਦਿ ਵਾਲੇ ਪੇਜ ਜੋ ਕਿ ਫੇਸਬੁੱਕ ਵੱਲੋਂ ਹਟਾ ਦਿੱਤੇ ਗਏ ਸਨ, ਨੂੰ ਮੁੜ ਤੋਂ ਰਿਸਟੋਰ ਕਰ ਦਿੱਤਾ ਗਿਆ ਹੈ।
ਮੀਡੀਆ ਕੋਡ ਰਾਹੀਂ ਤਿਆਰ ਕੀਤੇ ਗਏ ਫਰੇਮ ਵਰਕ ਵਿੱਚ ਇਹ ਦਰਸਾਇਆ ਗਿਆ ਹੈ ਕਿ ਜੇਕਰ ਫੇਸਬੁੱਕ ਆਦਿ ਦੇਸ਼ ਵਿਚ ਕਿਸੇ ਕਿਸਮ ਦੀ ਪਬਲੀਕੇਸ਼ਨ (ਖ਼ਬਰਾਂ ਅਤੇ ਹੋਰ ਮਸੌਦੇ) ਕਰਦੇ ਹਨ ਤਾਂ ਉਨ੍ਹਾਂ ਨੂੰ ਇਸ ਦੀ ਉਚਿਤ ਅਦਾਇਗੀ ਵੀ ਕਰਨੀ ਹੋਵੇਗੀ ਅਤੇ ਇਸ ਕੋਡ ਨੂੰ ਪਾਰਲੀਮੈਂਟ ਵਿੱਚ ਸਰਬ-ਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਖ਼ਜ਼ਾਨਾ ਮੰਤਰੀ ਜੋਸ਼ ਫ੍ਰਿਡਨਬਰਗ ਨੇ ਦੱਸਿਆ ਕਿ ਗੂਗਲ ਅਤੇ ਫੇਸਬੁੱਕ ਨਹੀਂ ਚਾਹੁੰਦੇ ਸਨ ਕਿ ਅਜਿਹਾ ਕੋਈ ਕੋਡ ਆਸਟ੍ਰੇਲੀਆ ਵਿੱਚ ਪਾਸ ਹੋਵੇ ਪਰੰਤੂ ਹੁਣ ਉਨ੍ਹਾਂ ਨੂੰ ਦੇਸ਼ ਦੀਆਂ ਪ੍ਰਤੀਕਿਰਿਆਵਾਂ ਬਾਰੇ ਜਾਣੂ ਕਰਵਾ ਦਿੱਤਾ ਗਿਆ ਹੈ ਅਤੇ ਨਤੀਜੇ ਵੱਜੋਂ ਉਨ੍ਹਾਂ ਨੂੰ ਹਟਾਏ ਗਏ ਪੇਜਾਂ ਨੂੰ ਮੁੜ ਤੋਂ ਰਿਸਟੋਰ ਕਰਨਾ ਪਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਬਾਬਤ ਮਾਰਕ ਜ਼ਕਰਬਰਗ ਨਾਲ ਜੋ ਵੀ ਗੱਲਬਾਤ ਕੀਤੀ ਗਈ ਹੈ ਉਹ ਬੜੀ ਹੀ ਸ਼ਾਂਤੀ ਪੂਰਵਕ, ਸੁਹਿਰਦਤਾ ਪੂਰਵਕ ਅਤੇ ਉਸਾਰੂ ਰੂਪ ਵਿੱਚ ਹੀ ਕੀਤੀ ਗਈ ਹੈ ਅਤੇ ਨਤੀਜਾ ਸਭ ਦੇ ਸਾਹਮਣੇ ਹੈ।
ਫੇਸਬੁੱਕ ਦੇ ਐਮ.ਡੀ. (ਆਸਟ੍ਰੇਲੀਆ ਅਤੇ ਨਿਊਜ਼ੀਲੈਂਡ) ਵਿਲੀਅਮ ਈਸਟਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਨਾਲ ਇਸ ਸਬੰਧੀ ਸਮਝੌਤਾ ਹੋ ਗਿਆ ਹੈ ਅਤੇ ਸਾਰੀ ਗੱਲਬਾਤ ਬੜੇ ਹੀ ਸੁਚੱਜੇ ਢੰਗ ਨਾਲ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਬੀਤੇ ਹਫ਼ਤੇ ਫੇਸਬੁੱਕ ਨੇ ਆਸਟ੍ਰੇਲੀਆਈ ਖ਼ਬਰਾਂ ਦੇ ਨਾਲ ਨਾਲ ਕੁੱਝ ਸਰਕਾਰ ਪੇਜ ਜਿਵੇਂ ਕਿ ਸਿਹਤ, ਘਰੇਲੂ ਹਿੰਸਾ, ਮੌਸਮ ਆਦਿ ਦੀਆਂ ਜਾਣਕਾਰੀਆਂ ਵਾਲੇ ਪੇਜ ਵੀ ਬੰਦ ਕਰ ਦਿੱਤੇ ਸਨ ਪਰੰਤੂ ਹੁਣ ਮੁੜ ਤੋਂ ਸਭ ਚਾਲੂ ਕਰ ਦਿੱਤਾ ਗਿਆ ਹੈ।

Install Punjabi Akhbar App

Install
×