ਸ਼ਹਿਰ ਦੇ ਅੰਦਰੂਨੀ ਅਤੇ ਬਾਹਰੀ ਹਿੱਸੇ ‘ਚ ਲੱਗਣੀਆਂ ਨਵੀਆਂ ਐਲਈਡੀ ਲਾਈਟਾਂ ਸੰਧੂ

ਕੋਟਕਪੂਰਾ:- ਪੰਜਾਬ ਅਰਬਨ ਇਨਵਾਇਰਮੈਂਟ ਇੰਪਰੂਵਮੈਂਟ ਪ੍ਰੋਗਰਾਮ ਫੇਸ-2 ਤਹਿਤ ਮਿਲੇ ਕਰੋੜਾਂ ਰੁਪਏ ਦੇ ਫੰਡ ‘ਚੋਂ ਸ਼ਹਿਰ ਵਾਸੀਆਂ ਨੂੰ ਮਿਲਣ ਵਾਲੀਆਂ ਐੱਲਈਡੀ ਲਾਈਟਾਂ ਨਾਲ ਜਿੱਥੇ ਸ਼ਹਿਰ ਜਗਮਗਾ ਉੱਠੇਗਾ, ਉੱਥੇ ਸ਼ਹਿਰ ਦੀ ਸੁੰਦਰਤਾ ਵਿੱਚ ਵਾਧਾ ਹੋਣਾ ਵੀ ਸੁਭਾਵਿਕ ਹੈ। ਸਥਾਨਕ ਮੁਕਤਸਰ ਸੜਕ ‘ਤੇ ਸਥਿੱਤ ਮੁਹੱਲਾ ਸੁਰਗਾਪੁਰੀ ਵਿਖੇ ਐਲਈਡੀ ਲਾਈਟਾਂ ਲਾਉਣ ਦੀ ਸ਼ੁਰੂਆਤ ਕਰਾਉਂਦਿਆਂ ਜਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਜੈਪਾਲ ਸਿੰਘ ਸੰਧੂ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਦੱਸਿਆ ਕਿ ਸ਼ਹਿਰ ਦੇ ਅੰਦਰੂਨੀ ਅਤੇ ਬਾਹਰੀ ਹਿੱਸੇ ਵਿੱਚ ਅਰਥਾਤ ਗਲੀ-ਮੁਹੱਲਿਆਂ, ਬਾਜਾਰਾਂ, ਸੰਪਰਕ ਅਤੇ ਮੁੱਖ ਸੜਕਾਂ ‘ਤੇ ਲੱਗਣ ਵਾਲੀਆਂ ਉਕਤ ਲਾਈਟਾਂ ਨਾਲ ਜਿੱਥੇ ਸੜਕੀ ਹਾਦਸਿਆਂ ਦੀ ਦਰ ਵਿੱਚ ਕਮੀ ਆਵੇਗੀ, ਉੱਥੇ ਲੁੱਟ-ਖੋਹ ਅਤੇ ਚੋਰੀ ਦੀਆਂ ਘਟਨਾਵਾਂ ਨੂੰ ਵੀ ਠੱਲ ਪਵੇਗੀ। ਅਜੈਪਾਲ ਸਿੰਘ ਸੰਧੂ ਨੇ ਦੱਸਿਆ ਕਿ ਪਹਿਲੇ ਗੇੜ ਵਿੱਚ ਸ਼ਹਿਰ ਦੇ ਅੰਦਰੂਨੀ ਹਿੱਸੇ ਵਿੱਚ ਲੱਗੀਆਂ ਲਗਭਗ 4200 ਪੁਰਾਣੀਆਂ ਸਟਰੀਟ ਲਾਈਟਾਂ ਬਦਲੀਆਂ ਜਾ ਰਹੀਆਂ ਹਨ। ਸ਼ਹਿਰ ਦੇ ਅੰਦਰੂਨੀ ਹਿੱਸੇ ‘ਚ ਹੁਣ ਕੋਈ ਵੀ ਪੁਰਾਣੀ ਟਿਊਬ ਜਾਂ ਮਰਕਰੀ ਬਲਬ ਨਹੀਂ ਰਹੇਗਾ, ਕਿਉਂਕਿ ਉਸਦੀ ਨਵੀਂ ਐਲਈਡੀ ਲਾਈਟਿੰਗ ਨਾਲ ਭਰਪਾਈ ਕੀਤੀ ਜਾ ਰਹੀ ਹੈ। ਉਨਾ ਦੱਸਿਆ ਕਿ ਦੂਜੇ ਗੇੜ ਵਿੱਚ ਸਥਾਨਕ ਬੱਤੀਆਂ ਵਾਲਾ ਚੌਂਕ ਤੋਂ ਸ਼੍ਰੀ ਮੁਕਤਸਰ ਸਾਹਿਬ, ਫਰੀਦਕੋਟ, ਮੋਗਾ, ਬਾਜਾਖਾਨਾ, ਜੈਤੋ, ਹਰੀਨੌ, ਸਿੱਖਾਂਵਾਲਾ, ਦੁਆਰੇਆਣਾ, ਜਲਾਲੇਆਣਾ, ਦੇਵੀਵਾਲਾ, ਬੀੜ ਆਦਿ ਪਿੰਡਾਂ, ਸ਼ਹਿਰਾਂ ਨੂੰ ਜਾਣ ਵਾਲੇ ਰਸਤਿਆਂ ‘ਤੇ ਮੁਕੰਮਲ ਐੱਲਈਡੀ ਲਾਈਟਾਂ ਲਾਉਣ ਦਾ ਬਕਾਇਦਾ ਪ੍ਰਬੰਧ ਕੀਤਾ ਗਿਆ ਹੈ। ਅਜੈਪਾਲ ਸਿੰਘ ਸੰਧੂ ਸਮੇਤ ਸਮੁੱਚੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਸ਼ਹਿਰੀ ਪ੍ਰਧਾਨ ਵਿਨੈ ਕੁਮਾਰ ਅਰੋੜਾ ਨੇ ਉਕਤ ਵਿਕਾਸ ਕਾਰਜਾਂ ‘ਤੇ ਸੰਤੁਸ਼ਟੀ ਅਤੇ ਖੁਸ਼ੀ ਦਾ ਇਜਹਾਰ ਕੀਤਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਕੁੱਕੀ ਚੋਪੜਾ, ਜੈ ਪ੍ਰਕਾਸ਼, ਚੰਚਲ ਕੁਮਾਰ, ਡੱਬੂ ਕੁਮਾਰ ਆਦਿ ਵੀ ਹਾਜਰ ਸਨ।

Install Punjabi Akhbar App

Install
×