ਲੈਕਟਿਕ ਐਸਿਡ ਦੇ ਨਵੇਂ ਮਿਲੇ ਬੈਕਟੀਰੀਆ ਦਾ ਨਾਮ ਦੱਖਣੀ ਅਸਟ੍ਰੇਲੀਆ ਦੀ ਮੁੱਖ ਸਿਹਤ ਅਧਿਕਾਰੀ ਨੂੰ ਸਮਰਪਿਤ

ਯੂਨੀਵਰਸਿਟੀ ਆਫ਼ ਐਡੀਲੇਡ ਦੇ ਖੋਜਕਾਰ ਡਾਕਟਰਾਂ ਨੇ ਲੈਕਟਿਕ ਐਸਿਡ ਦੇ ਇੱਕ ਨਵੇਂ ਬੈਕਟੀਰੀਆ ਨੂੰ ਲੱਭਿਆ ਹੈ ਅਤੇ ਇਸ ਦਾ ਨਾਮ ਦੱਖਣੀ-ਆਸਟ੍ਰੇਲੀਆ ਦੇ ਮੁੱਖ ਜਨਤਕ ਸਿਹਤ ਅਧਿਕਾਰੀ -ਪ੍ਰੋਫੈਸਰ ਨਿਕੋਲਾ ਸਪਰੀਅਰ ਦੇ ਨਾਮ ਨੂੰ ਸਮਰਪਿਤ ਕਰਦਿਆਂ ਕਿਹਾ ਹੈ ਕਿ ਪ੍ਰੋਫੈਸਰ ਸਪਰੀਅਰ ਨੇ ਕਰੋਨਾ ਕਾਲ ਦੌਰਾਨ ਉਨ੍ਹਾਂ ਨੂੰ ਪੂਰਨ ਤੌਰ ਤੇ ਕੰਮ ਕਰਨ ਦੀ ਇਜਾਜ਼ਤ ਦਿੱਤੀ ਸੀ ਅਤੇ ਕੋਵਿਡ-19 ਦੌਰਾਨ ਬਹੁਤ ਵਧੀਆ ਲੀਡਰਸ਼ਿਪ ਦਾ ਮੁਜ਼ਾਹਰਾ ਕੀਤਾ ਸੀ।
ਟੀਮ ਦੇ ਮੈਂਬਰ ਅਤੇ ਪੀ.ਐਚ.ਡੀ. ਦੇ ਵਿਦਿਆਥੀ -ਸਕੋਟ ਓਲੀਫੈਂਟ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਕਤ ਬੈਕਟਰੀਆ ਦਾ ਨਾਮ ਪ੍ਰੋਫੈਸਰ ਨਿਕੋਲਾ ਸਪਰੀਅਰ ਦੇ ਨਾਮ ਨੂੰ ਸਮਰਪਿਤ ਕਰਦਿਆਂ ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਨੇ ਇੱਕ ਯੋਗ ਅਧਿਕਾਰੀ ਦੇ ਨਾਲ ਮਿਲ ਕੇ ਜਨਤਕ ਸੇਵਾਵਾਂ ਲਈ ਕੰਮ ਕੀਤਾ ਅਤੇ ਨਵੇਂ ਤਜਰਬੇ ਅਤੇ ਈਜਾਦਾਂ ਨੂੰ ਸਾਹਮਣੇ ਲਿਆਂਦਾ। ਅਤੇ ਇਸ ਦੇ ਨਾਲ ਹੀ ਕਰੋਨਾ ਵਰਗੀ ਭਿਆਨਕ ਬਿਮਾਰੀ ਦੇ ਹਮਲਿਆਂ ਨੂੰ ਵੀ ਪੂਰੀ ਤਰ੍ਹਾਂ ਨਾਲ ਨਜਿੱਠਣ ਵਿੱਚ ਸਭ ਨੇ ਮੋਢੇ ਨਾਲ ਮੋਢਾ ਜੋੜ ਕੇ ਦਿਨ ਰਾਤ ਕੰਮ ਕੀਤਾ ਅਤੇ ਜਿੰਨਾ ਵੀ ਹੋ ਸਕਿਆ ਇਸ ਹਮਲੇ ਤੋਂ ਜਨਤਾ ਦੀ ਸੁਰੱਖਿਆ ਕੀਤੀ।
ਪ੍ਰੋਫੈਸਰ ਸਪਰੀਅਰ ਨੇ ਭਾਵੁਕ ਹੁੰਦਿਆਂ ਕਿਹਾ ਕਿ ਇਹ ਮਾਣ ਉਨ੍ਹਾਂ ਨੂੰ ਉਨ੍ਹਾਂ ਦੇ ਪਿਤਾ -ਡਾ. ਰੋਜ਼ ਸਮਿਥ, ਜੀ ਦੇ ਆਸ਼ਿਰਵਾਦ ਸਦਕਾ ਹੀ ਮਿਲਿਆ ਹੈ ਜੋ ਕਿ ਐਡੀਲੇਡ ਯੂਨੀਵਰਸਿਟੀ ਦੇ ਸਕੂਲ ਆਫ਼ ਮੈਡੀਸਨ ਵਿੱਚ ਕਲਿਨਿਕਲ ਮਾਈਕ੍ਰੋਬਾਇਓਲੋਜਿਸਟ ਸਨ ਅਤੇ ਜੇਕਰ ਉਹ ਅੱਜ ਇਸ ਦੁਨੀਆ ਵਿੱਚ ਹੁੰਦੇ ਤਾਂ ਸਭ ਤੋਂ ਜ਼ਿਆਦਾ ਉਨ੍ਹਾਂ ਨੂੰ ਹੀ ਖੁਸ਼ੀ ਅਤੇ ਮਾਣ ਮਹਿਸੂਸ ਹੋਣਾ ਸੀ।
ਜ਼ਿਕਰਯੋਗ ਹੈ ਕਿ ਲੈਕਟਿਕ ਐਸਿਡ ਦਾ ਜੋ ਬੈਕਟੀਰੀਆ ਦੀ ਖੋਜ ਕੀਤੀ ਗਈ ਹੈ ਉਸ ਨੂੰ ਬਰੈਡ ਬਣਾਉਣ ਜਾਂ ਅਚਾਰ ਵਰਗੀਆਂ ਵਸਤੂਆਂ ਬਣਾਉਣ ਲਈ ਵਰਤਿਆ ਜਾ ਸਕਦਾ ਹੈ ਅਤੇ ਜਾਂ ਫੇਰ ਇਸ ਨਾਲ ਵਧੀਆ ਵਾਈਨ ਵੀ ਬਣਾਈ ਜਾ ਸਕਦੀ ਹੈ।