ਇਮੀਗ੍ਰੇਸ਼ਨ: ਨਾ ਬਈ ਬਹੁਤ ਔਖਾ….ਦਫਤਰ ਕਰਨੇ ਪੈਣੇ ਬੰਦ

ਕਰੋਨਾ ਤਾਲਾਬੰਦੀ ਨੇ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਮੁੰਬਈ ਦਫਤਰ ਨੂੰ ਵੀ ਲਗਵਾਏ ਤਾਲੇ

ਆਕਲੈਂਡ:-19 ਮਾਰਚ 2020 ਤੋਂ ਨਿਊਜ਼ੀਲੈਂਡ ਦੀਆਂ ਸਰਹੱਦਾਂ ਵਿਦੇਸ਼ੀ ਲੋਕਾਂ ਲਈ ਬੰਦ ਹਨ ਜਿਸ ਕਰਕੇ ਵੱਖ-ਵੱਖ ਮੁੱਲਕਾਂ ਦੇ ਵਿਚ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਦਫਤਰ ਨਾ ਮਾਤਰ ਨਵੀਂਆਂ ਅਰਜ਼ੀਆਂ ਲੈ ਰਹੇ ਹਨ। ਕੋਵਿਡ-19 ਕਰਕੇ ਪਿਛਲੇ ਸਾਲ ਤੋਂ ਕਰੋਨਾ ਤਾਲਾਬੰਦੀ ਨੇ ਜਿੱਥੇ ਮੁਲਕਾਂ ਦੇ ਦਰਵਾਜ਼ੇ ਵਿਦੇਸ਼ੀਆਂ ਲਈ ਬੰਦ ਕੀਤੇ ਹੋਏ ਹਨ ਉਥੇ ਹੁਣ ਦੇਸ਼ ਦੇ ਦੂਸਰੇ ਮੁਲਕਾਂ ਦੇ ਵਿਚ ‘ਜੀ ਆਇਆਂ ਨੂੰ’ ਕਹਿਣ ਵਾਲੇ ਖੁੱਲ੍ਹੇ ਦਫਤਰ ਵੀ ਤਾਲੇ ਲਗਾਉਣ ਲਈ ਮਜ਼ਬੂਰ ਹੋ ਰਹੇ ਹਨ।  ਦੇਸ਼ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਦੇ ਲਈ ਹੁਣ ਇਮੀਗ੍ਰੇਸ਼ਨ ਨੇ ਆਪਣੇ ਤਿੰਨ  ਦਫਤਰ ਜਿਨ੍ਹਾਂ ਵਿਚ ਮੁੰਬਈ (ਭਾਰਤ), ਮਨੀਲਾ (ਫਿਲਪਾਈਨ) ਅਤੇ ਪ੍ਰੀਟੋਰੀਆ (ਸਾਊਥ ਅਫਰੀਕਾ) ਨੂੰ ਮਾਰਚ 2021 ਤੋਂ ਬੰਦ ਕਰਨ ਦਾ ਫੈਸਲਾ ਲਿਆ ਹੈ। ਮੁੰਬਈ ਦਫਤਰ ਬਾਂਦਰਾ ਕੁਰਲਾ ਕੰਪਲੈਕਸ ਵਿਖੇ ਸਥਿਤ ਸੀ। ਇਹ ਦਫਤਰ 19 ਮਾਰਚ 2011 ਨੂੰ ਦੇਸ਼ ਦੇ ਇਮੀਗ੍ਰੇਸ਼ਨ ਮੰਤਰੀ ਡਾ. ਜੋਨਾਥਨ ਕੋਲਮੈਨ ਵੱਲੋਂ ਖੋਲ੍ਹਿਆ ਗਿਆ ਸੀ ਤੇ ਲਗਪਗ 10 ਸਾਲ ਬਾਅਦ ਹੁਣ ਬੰਦ ਕਰਨਾ ਪੈ ਰਿਹਾ ਹੈ। ਭਾਰਤ ਦੇ ਵਿਚ ਇਸ ਵੇਲੇ ਸਿਰਫ ਨਵੀਂ ਦਿੱਲੀ ਵਾਲਾ ਦਫਤਰ ਵੀਜ਼ਾ ਐਪਲੀਕੇਸ਼ਨ ਸੈਂਟਰ (ਵੀ.ਏ.ਸੀ.) ਵਜੋਂ ਕਰ ਰਿਹਾ ਹੈ।  ਮੁੰਬਈ ਦਫਤਰ ਤੋਂ 2019 ਦੇ ਵਿਚ ਵੀ ਬਹੁਤ ਸਾਰੀਆਂ ਅਰਜ਼ੀਆਂ ਹਮਿਲਟਨ ਦਫਤਰ ਨੂੰ ਆ ਗਈਆਂ ਸਨ ਕਿਉਂਕਿ ਉਥੇ ਕੰਮ ਲੇਟ ਹੋ ਰਿਹਾ ਸੀ। ਇਹ ਸਾਰੇ ਦਫਤਰ ਬੰਦ ਹੋਣ ਕਾਰਨ ਇਨ੍ਹਾਂ ਦਫਤਰਾਂ ਦੇ ਵਿਚ ਕੰਮ ਕਰਦੇ 329 ਲੋਕ ਆਪਣੇ ਨਵੇਂ ਰੁਜ਼ਗਾਰ ਲੱਭਣ ਲਈ ਮਜ਼ਬੂਰ ਹੋਣਗੇ। ਇਨ੍ਹਾਂ ਦਫਤਰਾਂ ਦੇ ਵਿਚ ਪੁਜੱਣ ਵਾਲੀਆਂ ਵੀਜ਼ਾ ਅਰਜੀਆਂ ਦੀ ਗਿਣਤੀ ਬਹੁਤ ਘੱਟ ਗਈ ਸੀ ਅਤੇ ਸਰਕਾਰ ਨੇ ਇਹ ਵੀਜ਼ਾ ਅਰਜੀਆਂ ਹੁਣ ਆਨ-ਸ਼ੋਰ (ਦੇਸ਼ ਅੰਦਰ) ਹੀ ਆਨ ਲਾਈਨ ਲੈਣ ਦਾ ਫੈਸਲਾ ਕੀਤਾ ਹੈ। ਸਰਕਾਰ ਸੋਚਦੀ ਹੈ ਕਿ ਤਕਨਾਲੋਜੀ ਦਾ ਯੁੱਗ ਹੈ ਅਤੇ ਕੰਮ ਕਰਨ ਦਾ ਤਰੀਕਾ ਵੀ ਬਦਲਣਾ ਹੈ। ਇਮੀਗ੍ਰੇਸ਼ਨ ਦੀ ਡਿਪਟੀ ਹੈਡ ਨੇ ਕਿਹਾ ਹੈ ਕਿ ਸਰਕਾਰ ਨੇ ਇਹ ਫੈਸਲਾ ਸੌਖਿਆਂ ਨਹੀਂ ਲਿਆ ਬਹੁਤ ਸੋਚ ਵਿਚਾਰਨ ਤੋਂ ਬਾਅਦ ਲਿਆ ਹੈ। ਸਰਕਾਰ ਬੀਜਿੰਗ (ਚੀਨ) ਦਫਤਰ ਤੋਂ ਵੀ ਕੰਮ ਕਾਰ ਬੰਦ ਕਰਨ ਦਾ ਸੋਚ ਰਹੀ ਹੈ ਤੇ ਅਗਲੇ 6 ਮਹੀਨਿਆਂ ਵਿਚ ਫੈਸਲਾ ਲਵੇਗੀ। ਇਹ ਦਫਤਰ ਕੋਵਿਡ ਦੌਰਾਨ ਸਤੰਬਰ 2000 ਵਿਚ ਦੁਬਾਰਾ ਖੋਲ੍ਹਿਆ ਗਿਆ ਸੀ। ਅੰਤ ਕਹਿ ਸਕਦੇ ਹਾਂ ਕਿ ਕਰੋਨਾ ਵਾਇਰਸ ਨੇ ਅਜੇ ਪਤਾ ਨਹੀਂ ਕਿਹੜੇ-ਕਿਹੜੇ ਹੋਰ ਦਿਨ ਵਿਖਾਉਣੇ ਹਨ।

Install Punjabi Akhbar App

Install
×