ਜਸ਼ਨ ਨਵੇਂ ਸਾਲ ਦਾ: 1000 ਫੁੱਟ ਉਚਾਈ ’ਤੇ 500 ਕਿਲੋ ਪਟਾਖੇ

ਸਕਾਈ ਟਾਵਰ ਔਕਲੈਂਡ ਵਿਖੇ ਦਿਲਕਸ਼ ਆਤਿਸ਼ਬਾਜੀ ਨਾਲ ਨਵੇਂ ਸਾਲ ਨੂੰ ਜੀ ਆਇਆਂ

ਗੁਰਦੁਆਰਾ ਸਾਹਿਬਾਨਾਂ ਅੰਦਰ ਵੀ ਸਜੇ ਦੀਵਾਨ

(ਔਕਲੈਂਡ), (17 ਪੋਹ, ਨਾਨਕਸ਼ਾਹੀ ਸੰਮਤ 554): ਬੀਤਿਆ ਵਰ੍ਹਾ 2022 ਜਦੋਂ ਸ਼ੁਰੂ ਹੋਇਆ ਸੀ ਤਾਂ ਕਰੋਨਾ ਕਰਕੇ ਜਸ਼ਨ ਰਹਿਤ ਹੀ ਹੋਇਆ ਸੀ, ਪਰ ਇਸ ਵਾਰ 2023 ਦਾ ਵਰ੍ਹਾ ਵੱਡੇ ਜਸ਼ਨਾ ਦੇ ਨਾਲ ਸ਼ੁਰੂ ਹੋਇਆ।

27 ਫਰਵਰੀ ਤੋਂ ਬਾਅਦ ਇਥੇ ਟੀਕਾਕਰਣ ਵਾਲੇ ਲੋਕਾਂ ਦੀ ਵਾਪਿਸੀ ਹੋਣੀ ਸ਼ੁਰੂ ਹੋ ਗਈ ਸੀ ਅਤੇ ਫਿਰ 1 ਅਗਸਤ ਨੂੰ ਇਥੇ ਸਾਰਿਆਂ ਵਾਸਤੇ ਆਉਣਾ ਸੌਖਾ ਕਰ ਦਿੱਤਾ ਗਿਆ। ਸੋ ਹੁਣ ਨਿਊਜ਼ੀਲੈਂਡ ਦੇ ਵਿਚ ਵਿਦੇਸ਼ੀਆਂ ਦੀਆਂ ਰੌਣਕਾਂ ਵੀ ਵੇਖਣ ਵਾਲੀਆਂ ਹਨ। ਅੱਜ ਨਿਊਜ਼ੀਲੈਂਡ ਦੀ ਸ਼ਾਨ ਸਕਾਈ ਟਾਵਰ ਜਿਸ ਦੀ ਉਚਾਈ 1076 ਫੁੱਟ ਹੈ, ਤੋਂ ਕੀਤੀ ਜਾਣ ਵਾਲੀ ਦਿਲਕਸ਼ ਆਤਿਸ਼ਬਾਜੀ ਦੇ ਨਾਲ ਨਵੇਂ ਸਾਲ 2023 ਨੂੰ ਜੀ ਆਇਆਂ ਆਖਿਆ। ਰਾਤ 12 ਵੱਜਣ ਸਾਰ 500 ਕਿਲੋ ਪਟਾਖੇ ਜਿਸ ਦੇ ਵਿਚ 3500 ਦੇ ਕਰੀਬ ਰੌਸ਼ਨੀਆ ਦਾ ਸੰਗਮ ਸੀ, ਸਕਾਈ ਟਾਵਰ ਤੋਂ ਚਲਾਏ ਗਏ। ਪਟਾਖੇ ਚਲਾਉਣ ਦੇ ਲਈ ਲਗਪਗ 6 ਮਹੀਨੇ ਤੋਂ ਤਿਆਰੀ ਹੋ ਰਹੀ ਸੀ। ਸਵੇਰ ਤੋਂ ਹੀ ਸ਼ਹਿਰ ਵਿਚ ਚਹਿਲ-ਪਹਿਲ ਅਤੇ ਲੋਕਾਂ ਦਾ ਤਾਂਤਾ ਲੱਗਾ ਹੋਇਆ ਸੀ। ਸਕਾਈ ਟਾਵਰ ਨੇੜੇ ਲੋਕ ਜਮ੍ਹਾ ਸੀ ਤਾਂ ਕਿ ਨੇੜੇ ਤੋਂ ਲਾਈਟਾਂ ਦਾ ਨਜ਼ਾਰਾ ਵੇਖ ਸਕਣ।

ਇਸ ਦੇ ਨਾਲ ਹੀ ਵੱਖ-ਵੱਖ ਗੁਰੂ ਘਰਾਂ ਅੰਦਰ ਵੀ ਅੱਜ ਕੀਰਤਨ ਦੀਵਾਨ ਸਜਾਏ ਗਏ ਅਤੇ ਨਵਾਂ ਸਾਲ ਗੁਰੂ ਦੇ ਨਾਲ ਆਰੰਭ ਕੀਤਾ। ਇਸ ਸਬੰਧੀ ਕਈ ਜਗ੍ਹਾ ਸ਼ਾਮ ਦੇ ਪ੍ਰੋਗਰਾਮ ਵੀ ਰੱਖੇ ਗਏ ਸਨ ਜੋ ਦੇਰ ਰਾਤ ਤੱਕ ਚੱਲੇ। ਬੇਗਮਪੁਰਾ ਗੁਰਦੁਆਰਾ ਸਾਹਿਬ ਵਿਖੇ ਸ਼ਾਮ ਦੇ ਵਿਸ਼ੇਸ਼ ਦੀਵਾਨ ਸਜਾਏ ਗਏ। ਗੁਰਦੁਆਰਾ ਸਾਹਿਬ ਮੈਨੁਰੇਵਾ ਵਿਖੇ ਵੀ ਸ਼ਾਮ ਦੇ ਦੀਵਾਨ ਸਜਾਏ ਗਏ ਜੋ ਕਿ ਅੱਧੀ ਰਾਤ ਤੱਕ ਜਾਰੀ ਰਹੇ।