ਨਾਨਕਸ਼ਾਹੀ ਕੈਲੰਡਰ ਅਨੁਸਾਰ ਪਹਿਲੀ ਚੇਤ ਤੋਂ ਸ਼ੁਰੂ ਹੋਏ ਨਵੇਂ ਸਾਲ ਦੀ ਮੁਬਾਰਕ ਹੋਵੇ ਪਰ ਸਾਰਥਿਕ ਵੀ ਹੋਵੇ : ਪੰਥਕ ਤਾਲਮੇਲ ਸੰਗਠਨ

panthak-talmel-committee
ਗੁਰੂ ਗ੍ਰੰਥ-ਗੁਰੂ ਪੰਥ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਪੰਥ ਦਰਦੀ ਸੰਸਥਾਵਾਂ-ਸਿੱਖਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਨੇ ਨਾਨਕਸ਼ਾਹੀ ਕੈਲੰਡਰ ਸੰਮਤ 550 ਅਨੁਸਾਰ ਪਹਿਲੀ ਚੇਤ ਤੋਂ ਆਰੰਭ ਹੋਏ ਨਵੇਂ ਸਾਲ ਦੀ ਕੌਮ ਨੂੰ ਮੁਬਾਰਕ ਦਿੱਤੀ ਹੈ। ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਨੇ ਕਿਹਾ ਕਿ ਇਸ ਮੁਬਾਰਕ ਦੀ ਸਾਰਥਿਕਤਾ ਲਈ ਵੀ ਬਹੁਤ ਕੁਝ ਕਰਨਾ ਬਾਕੀ ਹੈ। ਕਿਉਂਕਿ ਖਾਲਸਾ ਸਰਬੱਤ ਦਾ ਭਲ਼ਾ ਲੋਚਦਾ ਹੈ ਪਰ ਵਿਸ਼ਵ ਅੰਦਰ ਕਈ ਤਰ੍ਹਾਂ ਦੇ ਖਤਰਿਆਂ ਤੇ ਜੰਗਾਂ ਦੇ ਮੰਡਰਾ ਰਹੇ ਬੱਦਲ ਖਾਲਸੇ ਸਾਹਮਣੇ ਚਿੰਤਾ ਦਾ ਵਿਸ਼ਾ ਹੈ। ਉਹਨਾਂ ਸੀਰੀਆ ਅੰਦਰ ਹੋ ਰਹੇ ਮਾਨਵਤਾ ਦੇ ਘਾਣ’ਤੇ ਦੁੱਖ ਪ੍ਰਗਟ ਕੀਤਾ ਹੈ। ਇਸ ਦੇ ਨਾਲ ਹੀ ਭਾਰਤ ਅੰਦਰ ਘੱਟ-ਗਿਣਤੀਆਂ ਨਾਲ ਹੋ ਰਹੇ ਵਿਤਕਰੇ ਨੂੰ ਕੁਦਰਤ ਵਿਰੋਧੀ ਗਰਦਾਨਿਆਂ ਹੈ। ਅੱਜ ਕੌਮ ਦੇ ਸਾਹਮਣੇ ਪਰਚਾ ਹੈ ਕਿ ਕੌਮ ਦੀ ਅਗਵਾਈ ਕਰਨ ਵਾਲੀ ਕੋਈ ਜਮਾਤ ਨਹੀਂ ਹੈ। ਸਿੱਟੇ ਵਜੋਂ ਧੜੇਬੰਦੀਆਂ ਵਧ ਰਹੀਆਂ ਹਨ ਅਤੇ ਕੌਮ ਦੇ ਬਦਲੇ ਜੂਝਣ ਵਾਲੇ ਜੇਲ੍ਹਾਂ ਵਿਚ ਰੁਲ ਰਹੇ ਹਨ। ਉਹਨਾਂ ਦੀ ਠੋਸ ਤਰੀਕੇ ਸਾਰ ਨਹੀਂ ਲਈ ਜਾ ਰਹੀ ਹੈ।
ਸੰਗਠਨ ਨੇ ਸਿੱਖ ਕੌਮ ਨੂੰ ਰਹਿਤ ਬਹਿਤ ਵਿਚ ਪ੍ਰਪੱਕ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਕੌਮ ਦੇ ਨਿਆਰੇਪਨ ਤੇ ਇਕਸੁਰਤਾ ਲਈ ਕੌਮ ਦੀਆਂ ਭਾਵਨਾਵਾਂ ਅਧੀਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੰਨ 2003 ਵਿਚ ਜਾਰੀ ਹੋਏ ਨਾਨਕਸ਼ਾਹੀ ਕੈਲੰਡਰ (ਮੂਲ) ਅਨੁਸਾਰ ਦਿਹਾੜੇ ਮਨਾਏ ਜਾਣ। ਪੰਥ ਵਿਰੋਧੀ ਸ਼ਕਤੀਆਂ ਦੇ ਪ੍ਰਭਾਵਾਂ ਤੇ ਵਹਿਮਾਂ-ਭਰਮਾਂ ਤੋਂ ਮੁਕਤ ਹੋ ਕੇ ਚੜ੍ਹਦੀ ਕਲ਼ਾ ਨਾਲ ਕੌਮ ਦੇ ਭਵਿੱਖ ਨੂੰ ਸੰਵਾਰਨ ਲਈ ਜ਼ਿੰਮੇਵਾਰੀਆਂ ਨੂੰ ਨਿਭਾਇਆ ਜਾਵੇ।

Install Punjabi Akhbar App

Install
×