ਨਿਊ ਸਾਊਥ ਵੇਲਜ਼ ਅੰਦਰ ਵ੍ਹੀਲਚੇਅਰ ਵਾਲੀ ਟੈਕਸੀ ਬੁੱਕ ਕਰਨ ਦੀ ਨਵੀਂ ਸੇਵਾ

ਅਪੰਗਤਾ ਨਾਲ ਜੂਝ ਰਹੇ ਵਿਅਕਤੀਆਂ ਵਾਸਤੇ ਨਿਊ ਸਾਊਥ ਵੇਲਜ਼ ਸਰਕਾਰ ਨੇ ਇੱਕ ਨਵੀਂ ਤਰ੍ਹਾਂ ਦੀ ਸੇਵਾ ਅਰਪਨ ਕਰਦਿਆਂ ਦੱਸਿਆ ਹੈ ਕਿ ਜੇਕਰ ਅਜਿਹੇ ਵਿਅਕਤੀ ਨੂੰ ਵ੍ਹੀਲਚੇਅਰ ਵਾਲੀ ਟੈਕਸੀ ਦੀ ਜ਼ਰੂਰਤ ਹੈ ਤਾਂ ਸਰਕਾਰ ਦੀ ਇਸ ਸੇਵਾ ਦਾ ਲਾਭ ਉਠਾਇਆ ਜਾ ਸਕਦਾ ਹੈ। ਸੜਕ ਪਰਿਵਹਨ ਮੰਤਰੀ ਐਂਡ੍ਰਿਊ ਕੰਸਟੈਂਸ ਨੇ ਇਸ ਸਕੀਮ ਦਾ ਆਗਾਜ਼ ਕਰਦਿਆਂ ਕਿਹਾ ਕਿ ਸਪਾਈਨਲ ਕੋਰਡ ਇੰਜਰੀਜ਼ ਆਸਟ੍ਰੇਲੀਆ (SCIA) ਆਉਣ ਵਾਲੀ 1 ਮਾਰਚ ਤੋਂ ਅਜਿਹੀ ਹੀ ਟੇਕਸੀ ਦੀ ਸੇਵਾ ਸਿਡਨੀ ਮੈਟਰੋਪਾਲਿਟਨ ਖੇਤਰ ਵਿੱਚ ਚਲਾਉਣ ਜਾ ਰਹੀ ਹੈ। ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਉਕਤ ਅਦਾਰੇ ਅੰਦਰ 25% ਤੋਂ ਵੀ ਜ਼ਿਆਦਾ ਕੰਮ ਕਰਨ ਵਾਲੇ ਲੋਕ ਖੁਦ ਅਪਾਹਜ ਹਨ ਅਤੇ ਕਿਸੇ ਨਾ ਕਿਸੇ ਅੰਗ ਤੋਂ ਵੰਚਿਤ ਹਨ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਅਪੰਗਤਾ ਕੀ ਹੁੰਦੀ ਹੈ ਇਸ ਦਾ ਦਰਦ ਉਹ ਭਲੀਭਾਂਤੀ ਸਮਝਦੇ ਹਨ ਅਤੇ ਇਸੇ ਵਾਸਤੇ ਉਹ ਅਜਿਹੀਆਂ ਟੈਕਸੀਆਂ ਦੀ ਆਮਦ ਦੀ ਸ਼ੁਰੂਆਤ ਕਰਨ ਜਾ ਰਹੇ ਹਨ ਜਿਨ੍ਹਾਂ ਵਿੱਚ ਕਿ ਵ੍ਹੀਲਚੇਅਰ ਦੀ ਸੇਵਾ ਵੀ ਉਪਲੱਭਧ ਹੋਵੇਗੀ। ਇਸ ਸੇਵਾ ਦਾ ਲਾਭ ਉਠਾਉਣ ਵਾਸਤੇ ਇੱਕ ਵਾਜਿਬ ਸਾਫਟਵੇਅਰ ਵੀ ਉਪਲਭਧ ਕਰਵਾਇਆ ਜਾਵੇਗਾ ਜਿਹੜਾ ਕਿ ਆਵਾਜ਼ ਦੀ ਪਹਿਚਾਣ ਨਾਲ ਵੀ ਚੱਲ ਸਕੇਗਾ। ਸਰਕਾਰ ਨੇ ਕਾਫੀ ਲੰਬੀ ਤਫ਼ਤੀਸ਼ ਕਰਨ ਤੋਂ ਬਾਅਦ ਇਹ ਪ੍ਰਾਜੈਕਟ ਉਕਤ ਸੰਸਥਾ ਨੂੰ ਸੌਂਪਿਆ ਹੈ। ਪਰਿਵਾਰ ਭਲਾਈ, ਭਾਈਚਾਰਕ ਅਤੇ ਅਪੰਗਤਾ ਸਬੰਧੀ ਸੇਵਾਵਾਂ ਦੇ ਮੰਤਰੀ ਗੈਰਥ ਵਾਰਡ ਨੇ ਵੀ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਹੁਣ ਅਜਿਹੇ ਲੋਕ ਆਪਣੀ ਮਨਚਾਹੀ ਜਗ੍ਹਾ ਤੋਂ ਅਜਿਹੀਆਂ ਸੇਵਾਵਾਂ ਦਾ ਲਾਭ ਉਠਾ ਸਕਣਗੇ ਅਤੇ ਇਸ ਵਾਸਤੇ ਪੂਰਨ ਤੌਰ ਤੇ ਡਿਜੀਟਲ ਪਲੇਟਫਾਰਮ ਮੁਹੱਈਆ ਕਰਵਾਇਆ ਜਾਵੇਗਾ। ਸਰਕਾਰ ਦੇ ਇਸ ਉਦਮ ਸਦਕਾ ਉਕਤ ਅਦਾਰਾ ਹੋਰ ਵੀ ਅਪੰਗ ਵਿਅਕਤੀਆਂ ਨੂੰ ਰੌਜ਼ਗਾਰ ਮੁਹੱਈਆ ਕਰਵਾਉਣ ਦਾ ਜ਼ਰੀਆ ਵੀ ਬਣੇਗਾ। ਉਕਤ ਪ੍ਰੋਗਰਾਮ ਨੂੰ ਸੈਂਟਰਲਾਈਜ਼ਡ ਬੁਕਿੰਗ ਸੇਵਾ ਦਾ ਨਾਮ ਦਿੱਤਾ ਗਿਆ ਹੈ ਅਤੇ ਇਹ ਪ੍ਰਾਜੈਕਟ ਟੈਕਸੀ ਟ੍ਰਾਂਸਪੋਰਟ ਸਬਸਿਡੀ ਸਕੀਮ (TTSS) ਦਾ ਹੀ ਹਿੱਸਾ ਹੈ। ਇਸ ਸਕੀਮ ਦੇ ਤਹਿਤ ਅਪੰਗ ਵਿਅਕਤੀਆਂ ਨੂੰ 60 ਡਾਲਰ ਤੱਕ ਦੇ ਇੱਕ ਟ੍ਰਿਪ ਦੇ ਵਾਸਤੇ 50% ਦੀ ਸਬਸਿਡੀ ਦਿੱਤੀ ਜਾਂਦੀ ਹੈ। ਅਜਿਹੀਆਂ ਟੈਕਸੀਆਂ ਜਿੱਥੇ ਕਿ ਵ੍ਹੀਲਚੇਅਰ ਦੀ ਸੁਵਿਧਾ ਉਪਲੱਭਧ ਕਰਵਾਈ ਜਾਂਦੀ ਹੈ, ਦੇ ਚਾਲਕਾਂ ਨੂੰ 16.50 ਡਾਲਰ (ਜੀ.ਐਸ.ਟੀ. ਯੁਕਤ) ਦਾ ਇਨਸੈਨਟਿਵ ਵੀ ਦਿੱਤਾ ਜਾਂਦਾ ਹੈ। ਜ਼ਿਆਦਾ ਜਾਣਕਾਰੀ ਲਈ transportnsw.info/taxi-subsidy-scheme  ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×