ਪੰਜਾਬੀ ਗਾਇਕ ਸਿੱਪੀ ਗਿੱਲ ਤੇ ਦਿਲਪ੍ਰੀਤ ਢਿੱਲੋਂ ਲੈ ਕੇ ਆ ਰਹੇ ਹਨ ‘ਜੱਦੀ ਸਰਦਾਰ’ 

film jaddi sardar news

ਪੰਜਾਬੀ ਗਾਇਕ ਅਤੇ ਅਦਾਕਾਰ ਸਿੱਪੀ ਗਿੱਲ ਤੇ ਦਿਲਪ੍ਰੀਤ ਢਿੱਲੋਂ ਨਿੱਜੀ ਜ਼ਿੰਦਗੀ ‘ਚ ਵਧੀਆ ਦੋਸਤ ਹਨ, ਪਰ ਹੁਣ ਦੋਵਾਂ ਦੀ ਦੋਸਤੀ ਦੀ ਮਿਸਾਲ ਪੰਜਾਬੀ ਫ਼ਿਲਮ ‘ਜੱਦੀ ਸਰਦਾਰ’ ਵਿੱਚ ਵੀ ਨਜ਼ਰ ਆਵੇਗੀ। ਦੋਵੇਂ ਜਣੇ ਆਪਣੀ ਇਸ ਫ਼ਿਲਮ ਨੂੰ ਲੈ ਕੇ ਬੇਹੱਦ ਖੁਸ਼ ਹਨ। ‘ਸੌਫਟ ਦਿਲ ਪ੍ਰੋਡਕਸ਼ਨ’ ਦੇ ਬੈਨਰ ਹੇਠ ਬਣੀ ਨਿਰਮਾਤਾ ਬਲਜੀਤ ਸਿੰਘ ਜੌਹਲ ਦੀ ਇਸ ਫ਼ਿਲਮ ਨੂੰ ਮਨਭਾਵਨ ਸਿੰਘ ਨੇ ਡਾਇਰੈਕਟ ਕੀਤਾ ਹੈ। ਫ਼ਿਲਮ ਦੀ ਕਹਾਣੀ ਧੀਰਮ ਕੁਮਾਰ ਤੇ ਕਰਨ ਸੰਧੂ ਨੇ ਸਾਂਝੇ ਤੌਰ ‘ਤੇ ਲਿਖੀ ਹੈ। ਇਸ ਫ਼ਿਲਮ ਸਬੰਧੀ ਸਿੱਪੀ ਗਿੱਲ ਦਾ ਕਹਿਣਾ ਹੈ ਕਿ ਇਸ ਫਿਲਮ ਦੀ ਕਹਾਣੀ ਉਸਨੂੰ ਬੇਹੱਦ ਪਸੰਦ ਹੈ। ਫਿਲਮ ਦੇ ਲੇਖਕ ਨੇ ਉਸਨੂੰ ਕੁਝ ਸਾਲ ਪਹਿਲਾਂ ਇਹ ਕਹਾਣੀ ਸੁਣਾਈ ਸੀ। ਜਦੋਂ ਉਸ ਨੇ ਇਹ ਕਹਾਣੀ ਨਿਰਮਾਤਾ ਬਲਜੀਤ ਸਿੰਘ ਜੌਹਲ ਨਾਲ ਸਾਂਝੀ ਕੀਤੀ ਤਾਂ ਉਨ੍ਹਾਂ ਇਸ ਫਿਲਮ ਲਈ ਝੱਟ ਹਾਂ ਕਰ ਦਿੱਤੀ। ਇਸ ਫਿਲਮ ਲਈ ਉਸ ਨੂੰ ਦਿਲਪ੍ਰੀਤ ਢਿੱਲੋਂ ਢੁਕਵੀਂ ਕਾਸਟ ਲੱਗਿਆ।

ਫ਼ਿਲਮ ‘ਚ ਉਹ ਅਤੇ ਦਿਲਪ੍ਰੀਤ ਢਿੱਲੋਂ ਚਚੇਰੇ ਭਰ ਬਣੇ ਹਨ ਪਰ ਦੋਵਾਂ ਦਾ ਪਿਆਰ ਸਕੇ ਭਰਾਵਾਂ ਨਾਲੋਂ ਵੀ ਵੱਧ ਨਜ਼ਰ ਆਵੇਗਾ। ਇਸ ਫ਼ਿਲਮ ‘ਚ ਉਨ੍ਹਾਂ ਤੋਂ ਇਲਾਵਾ ਗੱਗੂ ਗਿੱਲ, ਹੌਬੀ ਧਾਲੀਵਾਲ, ਸੰਸਾਰ ਸੰਧੂ, ਯਾਦ ਗਰੇਵਾਲ, ਮਹਾਂਵੀਰ ਭੁੱਲਰ, ਸਾਵਨ ਰੂਪੋਵਾਲੀ, ਅਨੀਤਾ ਦੇਵਗਨ, ਸਤਵੰਤ ਕੌਰ, ਅਮਨ ਕੌਤਿਸ਼ ਸਮੇਤ ਕਈ ਨਾਮੀਂ ਚਿਹਰੇ ਨਜ਼ਰ ਆਉਂਣਗੇ। ਸਿੱਪੀ ਮੁਤਾਬਕ ਉਹ ਫ਼ਿਲਮਾਂ ਦੇ ਮਾਮਲੇ ‘ਚ ਬਹੁਤ ਗੰਭੀਰ ਹੈ। ਉਹ ਹਮੇਸ਼ਾ ਚੰਗੇ ਵਿਸ਼ੇ ਦੀ ਭਾਲ ‘ਚ ਰਹਿੰਦਾ ਹੈ। ਉਸ ਨੇ ਕਦੇ ਵੀ ਫਿਲਮਾਂ ਦੀ ਗਿਣਤੀ ਜਾਂ ਪੈਸਾ ਕਮਾਉਣ ਬਾਰੇ ਨਹੀਂ ਸੋਚਿਆ। ਅਦਾਕਾਰ ਵਜੋਂ ਉਸਦੀ ਸ਼ੁਰੂਆਤ ਸਾਲ 2013 ਵਿੱਚ ਪੰਜਾਬੀ ਫਿਲਮ ‘ਜੱਟ ਬੁਆਏਜ’ ਤੋਂ ਹੋਈ ਸੀ। ਇਸ ਫਿਲਮ ‘ਚ ਅਹਿਮ ਭੂਮਿਕਾ ਨਿਭਾ ਰਹੇ ਦਿਲਪ੍ਰੀਤ ਢਿੱਲੋਂ ਮੁਤਾਬਕ ਇਹ ਫਿਲਮ ਉਸਦੇ ਫਿਲਮੀ ਕੈਰੀਅਰ ਦੀ ਅਹਿਮ ਫਿਲਮ ਹੈ। ਇਸ ਵਿੱਚ ਉਸਦੀ ਅਤੇ ਸਿੱਪੀ ਗਿੱਲ ਦੀ ਜੋੜੀ ਨੂੰ ਦਰਸ਼ਕ ਭਰਪੂਰ ਪਿਆਰ ਦੇਣਗੇ। ਪਿੰਡਾਂ ਦੀ ਜ਼ਿੰਦਗੀ ਨੂੰ ਪੇਸ਼ ਕਰਦੀ ਇਹ ਫਿਲਮ ਰਿਸ਼ਤਿਆਂ ਅਤੇ ਇਨ੍ਹਾਂ ਵਿੱਚ ਪੈਂਦੀਆਂ ਦਰਾਰਾਂ ਦੀ ਕਹਾਣੀ ਹੈ। ਉਹ ਇਸ ਫਿਲਮ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ। ਉਨ੍ਹਾਂ ਦੇ ਗੀਤਾਂ ਵਾਗ ਦਰਸ਼ਕ ਇਸ ਫਿਲਮ ਨੂੰ ਵੀ ਭਰਪੂਰ ਪਿਆਰ ਦੇਣਗੇ। 12 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫਿਲਮ ਦਾ ਸੰਗੀਤ ਵੀ ਦਰਸ਼ਕਾਂ ਨੂੰ ਬੇਹੱਦ ਪਸੰਦ ਆਵੇਗਾ।

(ਸਾਕਾ ਨੰਗਲ)

+91 7009476970

Install Punjabi Akhbar App

Install
×