
ਹਾਈ ਪ੍ਰੋਫਾਇਲ ਵਕੀਲਾਂ ਦੀ ਇੱਕ ਨਵੀਂ ਕਾਂਸਲ ਜਿਸ ਵਿੱਚ ਕਿ ਨਿਊ ਸਾਊਥ ਵੇਲਜ਼ ਰਾਜ ਦੇ ਮੌਜੂਦਾ ਲਾਅ ਰਿਫੋਰਮ ਕਮਿਸ਼ਨ ਦੇ ਮੁਖੀ ਵੀ ਸ਼ਾਮਿਲ ਹਨ, ਦਾ ਗਠਨ ਕਰ ਦਿੱਤਾ ਗਿਆ ਹੈ ਅਤੇ ਇਹ ਕਾਂਸਲ ਨਿਊ ਸਾਊਥ ਵੇਲਜ਼ ਅਤੇ ਵਿਕਟੌਰੀਆ ਦੋਹਾਂ ਰਾਜਾਂ ਵਿੱਚ ਹੀ ਕਾਨੂੰਨੀ ਸਲਾਹਾਂ ਪ੍ਰਦਾਨ ਕਰਨ ਦਾ ਕੰਮ ਕਰਦੀ ਹੈ। ਨਿਊ ਸਾਊਥ ਵੇਲਜ਼ ਦੇ ਅਟਾਰਨੀ ਜਨਰਲ ਮਾਰਕ ਸਪੀਕਮੈਨ ਅਤੇ ਵਿਕਟੌਰੀਆ ਦੇ ਅਟਾਰਨੀ ਜਨਰਲ ਸ੍ਰੀ ਜਿਲ ਹੈਨੇਸੇ ਨੇ ਇਸ ਨਵੀਂ ਕਾਂਸਲ ਦੇ ਮੈਂਬਰ ਸਾਹਿਬਾਨਾਂ ਦਾ ਰਸਮੀ ਤੌਰ ਤੇ ਸਵਾਗਤ ਕੀਤਾ ਅਤੇ ਇਸ ਮੌਕੇ ਤੇ ਨਵੇਂ ਚੇਅਰਪਰਸਨ ਸ੍ਰੀ ਐਲਨ ਕੈਮਰਨ (ਏ.ਓ.) ਵੀ ਮੌਜੂਦ ਰਹੇ। ਉਨ੍ਹਾਂ ਨੇ ਉਚੇਚੇ ਤੌਰ ਤੇ ਪਿੱਛਲੀ ਕਾਂਸਲ ਦੇ ਚੇਅਰਮੈਨ ਮਾਣਯੋਗ ਸ੍ਰੀ ਮਾਈਕਲ ਬਲੈਕ (ਏ.ਸੀ. ਕਿਊ.ਸੀ.) ਦਾ ਵੀ ਉਨ੍ਹਾਂ ਦੀ ਵਧੀਆ ਕਾਰਗੁਜ਼ਾਰੀ ਵਾਸਤੇ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ 2015 ਵਿੱਚ ਦੋਹੇਂ ਰਾਜਾਂ ਦੇ ਵਕੀਲਾਂ ਦੀਆਂ ਜੱਥੇਬੰਦੀਆਂ ਨੇ ਆਪਸ ਵਿੱਚ ਮਿਲ ਕੇ ਅਜਿਹੀ ਕਾਂਸਲ ਨੂੰ ਕੌਮੀ ਪੱਧਰ ਉਪਰ ਅਮਲੀ ਜਾਮਾ ਪਹਿਨਾਇਆ ਸੀ ਅਤੇ ਇਸ ਦਾ ਮੁੱਖ ਟੀਚਾ ਗ੍ਰਾਹਕਾਂ ਪ੍ਰਤੀ ਵਧੀਆ ਸੇਵਾਵਾਂ ਪ੍ਰਦਾਨ ਕਰਨਾ ਹੀ ਸੀ। ਜਾਣਕਾਰੀ ਦਿੰਦਿਆਂ ਸ੍ਰੀਮਤੀ ਹੈਨੇਸੀ ਨੇ ਕਿਹਾ ਕਿ ਉਕਤ ਕਾਂਸਲ ਹੁਣ ਸਾਰਿਆਂ ਦੀ ਹੀ ਚਹੇਤੀ ਅਤੇ ਮਦਦਗਾਰ ਬਣ ਗਈ ਹੈ ਜੋ ਕਿ ਹਰ ਇੱਕ ਨੂੰ ਲੋੜੀਂਦੀ ਮਦਦ ਅਤੇ ਸਲਾਹ ਪ੍ਰਦਾਨ ਕਰਦੀ ਹੈ। ਸ੍ਰੀ ਕੈਮਰਨ ਨੇ ਆਪਣੀ ਇਸ ਅਹੁਦੇ ਦੀ ਚੋਣ ਲਈ ਸਾਰਿਆਂ ਦਾ ਧੰਨਵਾਦ ਕੀਤਾ ਹੈ ਅਤੇ ਵਿਸ਼ਵਾਸ਼ ਦਿਵਾਇਆ ਹੈ ਕਿ ਉਹ ਆਪਣੀ ਸਮੁੱਚੀ ਟੀਮ ਨਾਲ ਵਧੀਆ ਕਾਰਗੁਜ਼ਾਰੀ ਦੇ ਭਾਗੀਦਾਰ ਬਣਨਗੇ। ਨਵੀਂ ਕਾਂਸਲ ਵਿੱਚ ਮੁਰੇ ਬੇਅਰਡ, ਐਲੀਜ਼ਾਬੈਥ ਹੈਰਿਸ, ਨੋਇਲ ਹਟਲੇ (ਐਸ.ਸੀ.) ਅਤੇ ਜੂਲੀਆਨਾ ਵਾਰਨਰ ਵੀ ਸ਼ਾਮਿਲ ਹਨ।