– ਇੱਸ਼ਰ ਸਿੰਘ ਭੰਡਾਰੀ ਨੇ ਬੈਂਚਪ੍ਰੈਸ ਦੇ ਵਿਚ ਚੁੱਕਿਆ 137.5 ਕਿਲੋਗ੍ਰਾਮ ਭਾਰ
– ਬੀਤੇ ਦੋ-ਤਿੰਨ ਸਾਲਾਂ ਤੋਂ ਕਰ ਰਿਹਾ ਸੀ ਤਿਆਰੀ
ਔਕਲੈਂਡ-10 ਅਗਸਤ (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਵਸਦੇ ਇਕ 25 ਸਾਲਾ ਪੰਜਾਬੀ ਨੌਜਵਾਨ ਇੱਸ਼ਰ ਸਿੰਘ ਭੰਡਾਰੀ ਨੇ 6 ਅਗਸਤ ਤੋਂ 9 ਅਗਸਤ ਤੱਕ ਕ੍ਰਾਈਸਟਚਰਚ ਸ਼ਹਿਰ ਵਿਖੇ ‘ਨਿਊਜ਼ੀਲੈਂਡ ਪਾਵਰਲਿਫਟਿੰਗ ਫੈਡਰੇਸ਼ਨ’ ਵੱਲੋਂ ਕਰਵਾਈ ਗਈ ‘ਥ੍ਰੀ-ਲਿਫਟ ਪਾਰਵਲਿਫਟਿੰਗ ਚੈਂਪੀਅਨਸ਼ਿੱਪ-2014’ ਦੇ ਵਿਚ ਬੈਂਚਪ੍ਰੈਸ ਸ਼੍ਰੈਣੀ ਦੇ ਵਿਚ ਨਿਊਜ਼ੀਲੈਂਡ ਦਾ ਰਾਸ਼ਟਰੀ ਰਿਕਾਰਡ ਤੋੜ ਦਿੱਤਾ ਹੈ। 74 ਕਿਲੋਗ੍ਰਾਮ ਭਾਰ ਵਰਗ ਦੇ ਵਿਚ ਇੱਸ਼ਰ ਸਿੰਘ ਭੰਡਾਰੀ ਨੇ ਭਾਗ ਲਿਆ ਅਤੇ ਤਿੰਨ ਲਿਫਟਾਂ ‘ਸਕਵੌਟ-ਬੈਂਚਪ੍ਰੈਸ-ਡੈਡਲਿਫਟ’ ਦੇ ਵਿਚ ਕ੍ਰਮਵਾਰ 160, 137.5 ਅਤੇ 205 ਕਿਲੋਗ੍ਰਾਮ ਭਾਰ ਚੁੱਕਿਆ। ਇਸ ਵੇਲੇ ਬੈਂਚਪ੍ਰੈਸ ਦੇ ਵਿਚ ਰਾਸ਼ਟਰੀ ਰਿਕਾਰਡ 135 ਕਿਲੋਗ੍ਰਾਮ ਦਾ ਕਾਇਮ ਸੀ ਜੋ ਕਿ ਇੱਸ਼ਰ ਸਿੰਘ ਭੰਡਾਰੀ ਨੇ 137.5 ਕਿਲੋਗ੍ਰਾਮ ਭਾਰ ਚੁੱਕ ਕੇ ਤੋੜਿਆ। ਇਹ ਰਿਕਾਰਡ ਹੁਣ ਦੇਸ਼ ਦਾ ਰਾਸ਼ਟਰੀ ਰਿਕਾਰਡ ਉਦੋਂ ਤੱਕ ਬਣਿਆ ਰਹੇਗਾ ਜਦੋਂ ਤੱਕ ਕੋਈ ਇਸ ਤੋਂ ਜਿਆਦਾ ਭਾਰ ਚੁੱਕ ਕੇ ਇਸ ਨੂੰ ਮਾਤ ਨਹੀਂ ਪਾਉਂਦਾ। ਇਸ ਖਿਡਾਰੀ ਨੇ ਸਮੁੱਚੀ ਚੈਂਪੀਅਨਸ਼ਿਪ ਦੇ ਵਿਚ 6ਵਾਂ ਸਥਾਨ ਵੀ ਪ੍ਰਾਪਤ ਕੀਤਾ ਹੈ। ਪਿੰਡ ਘੜੂੰਆ ਜ਼ਿਲ੍ਹਾ ਮੋਹਾਲੀ ਪਿਤਾ ਸ. ਗੁਰਪ੍ਰੀਤ ਸਿੰਘ ਭੰਡਾਰੀ ਅਤੇ ਮਾਤਾ ਸ੍ਰੀਮਤੀ ਰਾਕੇਸ਼ ਕੌਰ ਦਾ ਇਹ ਹੋਣਹਾਰ ਪੁੱਤਰ ਇਸ ਤੋਂ ਪਹਿਲਾਂ ਵੀ ਇਥੇ ਤਿੰਨ ਸੋਨ ਤਮਗੇ ਤੇ ਕਾਮਨਵੈਲਥ ਐਂਡ ਓਸ਼ਾਨੀਆ ਦੇ ਵਿਚ ਚਾਂਦੀ ਦਾ ਤਮਗਾ ਜਿੱਤ ਚੁੱਕਾ ਹੈ। ਇਸਦਾ ਅਗਲਾ ਨਿਸ਼ਾਨਾ ਦਸੰਬਰ-1014 ਦੇ ਵਿਚ ਮੈਲਬੋਰਨ ਵਿਖੇ ਹੋਣ ਵਾਲੀਆਂ ਓਸ਼ਨੀਆ ਗੇਮਜ਼ ਅਤੇ 2015 ਦੇ ਵਿਚ ਵੈਨਕੂਵਰ ਵਿਖੇ ਹੋਣ ਵਾਲੀਆਂ ਕਾਮਨਵੈਲਥ ਖੇਡਾਂ ਵਿਚ ਵਧੀਆ ਪ੍ਰਦਰਸ਼ਨ ਦੀ ਤਿਆਰੀ ਕਰ ਰਿਹਾ ਹੈ।