ਰੇਲ ਗੱਡੀਆਂ ਦੀ ਰੱਖ-ਰਖਾਉ ਅਤੇ ਮੁਰੰਮਤ ਵਾਸਤੇ ਨਵੀਆਂ ਸੁਵਿਧਾਵਾਂ ਖੁੱਲੀਆਂ

ਸੜਕ ਪਰਿਵਹਨ ਮੰਤਰੀ ਐਂਡ੍ਰਿਊ ਕੰਸਟੈਂਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਰਾਜ ਅੰਦਰ ਕਈ ਮਿਲੀਅਨ ਡਾਲਰਾਂ ਦੇ ਨਿਵੇਸ਼ ਨਾਲ ਕੈਂਗੀ ਐਂਗੀ ਰੇਲ ਗੱਡੀਆਂ ਦੀ ਰੱਖ-ਰਖਾਉ ਅਤੇ ਮੁਰੰਮਤ ਵਾਸਤੇ ਸੈਂਟਰ ਨੂੰ ਬੀਤੇ ਕੱਲ੍ਹ ਅਧਿਕਾਰਿਕ ਤੌਰ ਤੇ ਖੋਲ੍ਹ ਦਿੱਤਾ ਗਿਆ ਹੈ। ਇਸ ਸੈਂਟਰ ਵਿੱਚ ਨਵੀਆਂ ਗੱਡੀਆਂ ਦੇ ਰੱਖ ਰਖਾਉ ਅਤੇ ਮੁਰੰਮਤ ਆਦਿ ਦਾ ਕੰਮ ਕੀਤਾ ਜਾਵੇਗਾ ਅਤੇ ਇਸ ਦੇ ਤਹਿਤ 90 ਤੋਂ ਵੀ ਜ਼ਿਆਦਾ ਸਟਾਫ ਮੈਂਬਰਾਂ ਨੂੰ ਰੱਖਿਆ ਜਾਵੇਗਾ। ਇਸ ਪ੍ਰਾਜੈਕਟ ਵਿੱਚ ਪਹਿਲਾਂ ਹੀ 30 ਮੈਂਬਰਾਂ ਦਾ ਸਟਾਫ ਕੰਮ ਕਰ ਰਿਹਾ ਹੈ ਅਤੇ ਹੋਰ ਸਟਾਫ ਰੱਖਣ ਦੀਆਂ ਕਵਾਇਦਾਂ ਜਾਰੀ ਹਨ ਅਤੇ ਹੁਣ ਇੱਥੇ ਇੰਜਨੀਅਰਿੰਗ, ਸਾਮਾਨ ਦੀ ਖਰੀਦਕਾਰੀ ਅਤੇ ਆਮਦ, ਪਲਾਨਿੰਗ ਦਾ ਕੰਮ, ਸੁਪਰਵਿਜ਼ਨ ਆਦਿ ਸਭ ਕੀਤੇ ਜਾਣਗੇ। ਇਸ ਪ੍ਰਾਜੈਕਟ ਨੂੰ ਯੂ.ਜੀ.ਐਲ. ਰੇਲ ਦੁਆਰਾ ਚਲਾਇਆ ਜਾ ਰਿਹਾ ਹੈ ਅਤੇ ਇਸਨੂੰ 15 ਸਾਲਾਂ ਦੇ ਕੰਟਰੈਕਟ ਉਪਰ ਲਿਆ ਗਿਆ ਹੈ ਅਤੇ ਇਸ ਵਿੱਚ ਹੁਣ ਨਵੇਂ ਰੌਜ਼ਗਾਰ, ਜਿਨ੍ਹਾਂ ਵਿੱਚ ਕਿ 5 ਅਪ੍ਰੈਂਟਿਸਸ਼ਿਪਾਂ ਵੀ ਸ਼ਾਮਿਲ ਹਨ ਆਦਿ ਮੁਹੱਈਆ ਕਰਵਾਏ ਜਾਣਗੇ ਜੋ ਕਿ ਸਾਲ ਦੇ ਅੰਤ ਤੱਕ ਪੂਰੇ ਕਰ ਲਏ ਜਾਣਗੇ।
ਖੇਤਰੀ ਟਰਾਂਸਪੋਰਟ ਅਤੇ ਸੜਕ ਪਰਿਵਹਨ ਮੰਤਰੀ ਪੌਲ ਟੂਲੇ ਨੇ ਵੀ ਦੱਸਿਆ ਕਿ ਇਸ ਪ੍ਰਾਜੈਕਟ ਦੀ ਉਸਾਰੀ ਤਹਿਤ 1,600 ਲੋਕ ਕੰਮ ਕਰ ਰਹੇ ਹਨ ਅਤੇ ਇਸ ਰਾਹੀਂ ਪਲੈਟਫਾਰਮਾਂ ਨੂੰ ਵਧਾਇਆ ਜਾ ਰਿਹਾ ਹੈ ਅਤੇ ਨਵੇਂ ਟ੍ਰੈਕ ਵੀ ਵਿਛਾਏ ਜਾ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਟੈਸਟਿੰਗ ਤੋਂ ਬਾਅਦ ਅਗਲੇ ਕੁੱਝ ਮਹੀਨਿਆਂ ਵਿਚ ਹੀ ਸੈਂਟਰਲ ਕੋਸਟ ਅਤੇ ਨਿਊਕਾਸਲ ਦੀਆਂ ਲਾਈਨਾਂ ਉਪਰ, ਨਵੀਆਂ ਇੰਟਰ ਸਿਟੀ ਟ੍ਰੇਨਾਂ ਇੱਥੇ ਸਰਵਿਸ ਵਾਸਤੇ ਆਉਣੀਆਂ ਸ਼ੁਰੂ ਹੋ ਜਾਣਗੀਆਂ। ਇਨ੍ਹਾਂ ਨਵੀਆਂ ਗੱਡੀਆਂ ਅੰਦਰ ਅਪੰਗਤਾ ਝੇਲ ਰਹੇ ਵਿਅਕਤੀਆਂ ਲਈ ਖਾਸ ਸੁਵਿਧਾਵਾਂ ਉਪਲਭਧ ਹਨ ਜਿਨ੍ਹਾਂ ਵਿੱਚ ਕਿ ਵ੍ਹੀਲਚੇਅਰ, ਵਧੀਆ ਸੁਵਿਧਾਜਨਕ ਟਾਇਲਟ, ਲੱਤਾਂ ਨੂੰ ਆਰਾਮ ਦੇਣ ਲਈ ਜ਼ਿਆਦਾ ਥਾਵਾਂ, ਮੋਬਾਇਲਾਂ ਨੂੰ ਚਾਰਜ ਕਰਨ ਵਾਸਤੇ ਅਲੱਗ ਅਲੱਗ ਪੁਆਇੰਟ ਅਤੇ ਸਾਮਾਨ, ਪਰੈਮ ਅਤੇ ਸਾਈਕਲਾਂ ਵਾਸਤੇ ਵੀ ਅਲੱਗ ਅਲੱਗ ਅਤੇ ਸੁਵਿਧਾਜਨਕ ਸੁਵਿਧਾਵਾਂ ਉਪਲਭਧ ਕਰਵਾਈਆਂ ਗਈਆਂ ਹਨ।
ਸੈਂਟਰਲ ਕੋਸਟ ਤੋਂ ਪਾਰਲੀਮਾਨੀ ਸਕੱਤਰ ਅਤੇ ਟੈਰਿਗਲ ਤੋਂ ਐਮ.ਪੀ. -ਐਡਮ ਕਰੋਚ ਨੇ ਇਸ ਬਾਬਤ ਕਿਹਾ ਕਿ ਇਸ ਪ੍ਰਾਜੈਕਟ ਰਾਹੀਂ ਸਥਾਨਕ ਲੋਕਾਂ ਦੇ ਰੌਜ਼ਗਾਰ ਵਿੱਚ ਬਹੁਤ ਜ਼ਿਆਦਾ ਵਾਧਾ ਹੋਵੇਗਾ ਅਤੇ ਰੌਜ਼ਗਾਰ ਦੇ ਨਾਲ ਨਾਲ ਹੋਰ ਛੋਟੇ ਮੋਟੇ ਕੰਮ ਧੰਦਿਆਂ ਨੂੰ ਵੀ ਇਸ ਦਾ ਸਿੱਧਾ ਲਾਭ ਹੋਵੇਗਾ।
ਉਨ੍ਹਾਂ ਦੱਸਿਆ ਕਿ 24 ਘੰਟੇ ਕੰਮ ਕਰਨ ਵਾਲੇ ਉਕਤ ਰੇਲ ਸੇਵਾ ਸੈਂਟਰ ਵਿੱਚ ਗੱਡੀਆਂ ਦੀ ਧੋਆ ਧੁਆਈ, ਸਾਫ ਸਫਾਈ ਅਤੇ ਮੈਂਟੇਨੈਂਸ ਦਾ ਕੰਮ ਹੋਵੇਗਾ ਅਤੇ ਇਸ ਕੰਮ ਵਾਸਤੇ ਜਿਹੜੀ ਵਰਕਸ਼ਾਪ ਤਿਆਰ ਕੀਤੀ ਗਈ ਹੈ ਉਸ ਦਾ ਦਾਇਰਾ 500,000 ਵਰਗ ਮੀਟਰ ਦੇ ਕਰੀਬ ਹੈ ਅਤੇ ਇਸ ਵਿੱਚ 6 ਕਿਲੋਮੀਟਰ ਤੱਕ ਦੀਆਂ ਇਲੈਕਟ੍ਰਿਕ ਰੇਲ ਲਾਈਨਾਂ ਅਤੇ ਇੱਕ ਨਵਾਂ ਰੇਲਵੇ ਬ੍ਰਿਜ, ਸੜਕਾਂ ਆਦਿ ਨਾਲ ਲਿੰਕ, ਨਵੇਂ ਦਫ਼ਤਰ ਅਤੇ ਸਟਾਫ ਮੈਂਬਰਾਂ ਵਾਸਤੇ ਵੀ ਹਰ ਤਰ੍ਹਾਂ ਦੀਆਂ ਸੁਵਿਧਾਵਾਂ ਉਪਲਭਧ ਹਨ।

Install Punjabi Akhbar App

Install
×