ਅੱਲੜ ਦਿਲਾਂ ਦੇ ਪਿਆਰ ਦੀ ਕਹਾਣੀ ਨੂੰ ਪਰਦੇ ‘ਤੇ ਪੇਸ਼ ਕਰੇਗੀ ਫ਼ਿਲਮ ‘ਸੁਫ਼ਨਾ’

14 ਫਰਵਰੀ ਨੂੰ ਅੱਲੜ ਦਿਲਾਂ ਦੀ ਪਿਆਰ ਕਹਾਣੀ ਪੇਸ਼ ਕਰਦੀ ਇਕ ਬਹੁਤ ਹੀ ਖੂਬਸੁਰਤ ਪੰਜਾਬੀ ਫਿਲਮ ‘ਸੁਫ਼ਨਾ’ ਰਿਲੀਜ਼ ਹੋਣ ਰਹੀ ਹੈ ਜੋ ‘ਕਿਸਮਤ’ ਵਰਗੀ ਬਲਾਕਬਾਸਟਰ ਫ਼ਿਲਮ ਦੇ ਲੇਖਕ ਨਿਰਦੇਸ਼ਕ ਜਗਦੀਪ ਸਿੱਧੂ ਵਲੋਂ ਬਣਾਈ ਗਈ ਹੈ। ਜਗਦੀਪ ਸਿੱਧੂ ਅੱਜ ਪੰਜਾਬੀ ਸਿਨੇਮੇ ਦਾ ਨਾਮੀਂ ਲੇਖਕ ਨਿਰਦੇਸ਼ਕ ਹੈ ਜੋ ਦਰਸ਼ਕਾਂ ਦੀ ਨਬਜ਼ ‘ਤੇ ਹੱਥ ਰੱਖਦਿਆਂ ਕਦਮ ਦਰ ਕਦਮ ਸੁਪਰ ਹਿੱਟ ਫ਼ਿਲਮਾਂ ਦੀ ਲੜੀ ਚਲਾ ਰਿਹਾ ਹੈ। ਉਸਦੀ ਕਲਾਤਮਿਕ ਸੋਚ ਬਾਰੇ ਸਿਰਫ਼ ਐਨਾ ਹੀ ਕਹਿ ਸਕਦੇ ਹਾਂ ਕਿ ਇਸ ਵੇਲੇ ਪੰਜਾਬੀ ਸਿਨੇਮੇ ਦੀ ਵਾਂਗ ਡੋਰ ਇੱਕ ਸੁਲਝੇ ਹੋਏ ਲੇਖਕ ਨਿਰਦੇਸ਼ਕ ਦੇ ਹੱਥ ਹੈ। ਪਿਛਲੇ ਸਮਿਆਂ ‘ਚ ਉਸਦੀਆਂ ਲਿਖੀਆਂ ਤੇ ਡਾਇਰੈਕਟ ਕੀਤੀਆਂ ਫ਼ਿਲਮਾਂ ਮੀਲ ਪੱਥਰ ਸਾਬਤ ਹੋਈਆਂ। ਸੁਫ਼ਨਾ’ ਫ਼ਿਲਮ ਉਸਦੇ ਬਚਪਨ ਦਾ ਇਕ ਵੱਡਾ ਸੁਪਨਾ ਹੈ ਜੋ ਫਿਲਮੀ ਪਰਦੇ ‘ਤੇ ਹੁਣ ਸੱਚ ਹੋਇਆ ਹੈ। ਇਸ ਫ਼ਿਲਮ ਵਿੱਚ ਉਸਨੇ ਐਮੀ ਵਿਰਕ ਤੇ ਤਾਨੀਆ ਦੀ ਰੁਮਾਂਟਿਕ ਜੋੜੀ ਨੂੰ ਪਰਦੇ ‘ਤੇ ਪੇਸ਼ ਕੀਤਾ ਹੈ। ਫਿਲਮ ਦਾ ਗੀਤ ਸੰਗੀਤ ਬਹੁਤ ਹੀ ਦਿਲਚਸਪ ਅਤੇ ਰੂਹ ਨੂੰ ਸਕੂਨ ਦੇਣ ਵਾਲਾ ਹੈ। ਨਿਰਦੇਸਕ ਜਗਦੀਪ ਸਿੱਧੂ ਨੇ ਦੱਸਿਆ ਕਿ ‘ਸੁਪਨੇ’ ਲੈਣਾ ਹਰੇਕ ਇੰਨਸਾਨ ਦਾ ਹੱਕ ਹੈ। ਸੁਪਨੇ ਜਾਤ ਪਾਤ ਊਚ ਨੀਚ ਤੇ ਧਰਮ ਨਹੀਂ ਵੇਖਦੇ। ਜਿੰਦਗੀ ਸੁਪਨਿਆਂ ਦਾ ਸੰਸਾਰ ਹੈ। ਇਹ ਫਿਲਮ ਵੀ ਜਿੰਦਗੀ ਦੇ ਹੁਸੀਨ ਸੁਫ਼ਨਿਆਂ ਦੀ ਗੱਲ ਕਰਦੀ ਹੈ। ਇਹ ਸੁਪਨੇ ਕਿਵੇਂ ਸੱਚ ਹੁੰਦੇ ਹਨ ਇਹੋ ਇਸ ਫਿਲਮੀ ਕਹਾਣੀ ਦਾ ਸੱਚ ਹੈ ਜੋ 14 ਫਰਵਰੀ ਨੂੰ ਦਰਸ਼ਕ ਆਪਣੇ ਨੇੜਲੇ ਸਿਨੇਮਾ ਘਰਾਂ ‘ਚ ਵੇਖਣਗੇ। ਇਸ ਫ਼ਿਲਮ ਵਿੱਚ ਕੰਮ ਕਰਨ ਵਾਲੇ ਸਾਰੇ ਹੀ ਕਲਾਕਾਰਾਂ ਨੇ ਕਮਾਲ ਦੀ ਅਦਾਕਾਰੀ ਕੀਤੀ ਹੈ। ਫ਼ਿਲਮ ਦਾ ਨਾਇਕ ਐਮੀ ਵਿਰਕ ਪੰਜਾਬੀ ਪਰਦੇ ਦਾ ਸਰਗਰਮ ਅਦਾਕਾਰ ਹੈ ਜਦਕਿ ਤਾਨੀਆ ਨੂੰ ਵੀ ਦਰਸ਼ਕ ‘ਕਿਸਮਤ, ਗੁੱਡੀਆਂ ਪਟੋਲੇ’ ਆਦਿ ਫ਼ਿਲਮਾਂ ‘ਚ ਵੇਖ ਚੁੱਕੇ ਹਨ। ਇਹ ਉਸਦੀ ਮੇਹਨਤ ਅਤੇ ਲਗਨ ਹੈ ਕਿ ਉਹ ਇਸ ਫ਼ਿਲਮ ‘ਚ ਐਮੀ ਵਿਰਕ ਦੀ ਨਾਇਕਾ ਬਣੀ ਹੈ।ਨਰਮੇ ਦੇ ਫੁੱਟ ਵਰਗੀ, ਅੱਲੜ ਉਮਰ ਦੀ ਖੂਬਸੁਰਤ ਅਦਾਕਾਰਾ ਤਾਨੀਆ ਜਿੱਥੇ ਰੰਗ ਰੂਪ, ਨਾਜ਼ ਨਖਰਿਆਂ ਦੀ ਪੁਜ ਕੇ ਅਮੀਰ ਹੈ ਉੱਥੇ ਅਦਾਕਾਰੀ ਵਿਚ ਵੀ ਸੋਲਾਂ ਕਲਾਂ ਸੰਪੂਰਨ ਹੈ। ਰੁਮਾਂਟਿਕ ਤੇ ਸੰਗੀਤਕ ਮਨੋਰੰਜਨ ਦਾ ਸੁਮੇਲ ਇਹ ਫਿਲਮ ਤਾਨੀਆ ਦੀ ਅਦਾਕਾਰੀ ਨੂੰ ਇਕ ਨਵੀਂ ਦਿਸ਼ਾ ਪ੍ਰਦਾਨ ਕਰੇਗੀ। ਦਰਸ਼ਕਾਂ ਨੂੰ ਚੇਤੇ ਹੋਵੇਗਾ ਕਿ ਜਗਦੀਪ ਅਤੇ ਐਮੀ ਵਿਰਕ ਦੀ ਜੋੜੀ ਨੇ ਵਿਆਹ ਕਲਚਰ ਦੇ ਸਿਨਮੇ ‘ਚ ‘ਕਿਸਮਤ’ ਵਰਗੀ ਇੱਕ ਰੁਮਾਂਟਿਕ ਫਿਲਮ ਬਣਾ ਕੇ ਪੰਜਾਬੀ ਦਰਸ਼ਕਾਂ ਦੇ ਟੇਸਟ ਨੂੰ ਬਦਲਿਆ ਸੀ। ‘ਕਿਸਮਤ’ ਨੂੰ ਮਿਲੀ ਵੱਡੀ ਸਫ਼ਲਤਾ ਨੇ ਹੀ ਦੁਬਾਰਾ ਫਿਰ ਇੱਕ ਪਿਆਰ ਮੁਹੱਬਤਾਂ ਦੀ ਬਾਤ ਪਾਉਂਦੀ ਫਿਲਮ ‘ ਸੁਫ਼ਨਾ’ ਦਾ ਨਿਰਮਾਣ ਕੀਤਾ ਹੈ ਜੋ 14 ਫਰਵਰੀ ਨੂੰ ਵੈਲਏਨਟਾਇਨ ਡੇ ‘ਤੇ ਵਿਸ਼ਵ ਭਰ ‘ਚ ਰਿਲੀਜ਼ ਹੋਵੇਗੀ। sਇਸ ਫ਼ਿਲਮ ਦੇ ਗੀਤ ਦਰਸ਼ਕਾਂ ਵਿਚ ਮਕਬੂਲੀਅਤ ਖੱਟ ਰਹੇ ਹਨ। ਇਸ ਫ਼ਿਲਮ ਦਾ ਗੀਤ ‘ਕਬੂਲ ਏ’ ਖੂਬਸੁਰਤ ਲ਼ਫਜਾਂ ‘ਚ ਪਰੋਇਆ ਗੀਤ ਹੈ ਜੋ ਪੂਰੀ ਤਰਾਂ ਤਾਨੀਆ ਦੀ ਭਾਵਨਾਤਮਿਕ ਅਦਾਕਾਰੀ ਅਤੇ ਖੂਬਸੁਰਤ ਨ੍ਰਿਤ ਦੀ ਪੇਸ਼ਕਾਰੀ ਕਰਦਾ ਹੈ। ਜ਼ਿਕਰਯੋਗ ਹੈ ਕਿ ਪੰਜਾਬੀ ਸਿਨੇਮੇ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਕਿ ਫਿਲਮ ਦਾ ਫਸਟ ਲੁੱਕ ਗੀਤ ਪੂਰੀ ਤਰਾਂ ਨਾਇਕਾ ਪ੍ਰਧਾਨ ਹੋਣ ਦੀ ਪ੍ਰਤੀਨਿਧਤਾ ਕਰਦਾ ਹੋਵੇ। ਪੰਜ ਪਾਣੀ ਫ਼ਿਲਮਜ਼ ਬੈਨਰ ਹੇਠ ਰਾਜਸਥਾਨ ਦੇ ਪੰਜਾਬੀ ਪਿੰਡਾਂ ਵਿਚਲੇ ਕਪਾਹਾਂ ਦੇ ਖੇਤਾਂ ਸਮੇਤ ਖੂਬਸੁਰਤ ਲੁਕੇਸ਼ਨਾ ‘ਤੇ ਫ਼ਿਲਮਾਈ ਇਹ ਫਿਲਮ ਜਗਦੀਪ ਸਿੱਧੂ ਦੀ ਕਲਾਤਮਿਕ ਸ਼ੈਲੀ ਨਾਲ ਲਬਰੇਜ਼ ਪੰਜਾਬੀ ਸਿਨੇ ਦਰਸ਼ਕਾਂ ਲਈ ਇਕ ਹੁਸੀਨ ਤੋਹਫ਼ਾ ਹੋਵੇਗੀ। ਨਿਰਮਾਤਾ ਗੁਰਪ੍ਰੀਤ ਸਿੰਘ ਤੇ ਨਵਨੀਤ ਸਿੰਘ ਵਿਰਕ ਦੀ ਇਸ ਫ਼ਿਲਮ ਵਿੱਚ ਐਮੀ ਵਿਰਕ ਤੇ ਤਾਨੀਆ ਦੀ ਜੋੜੀ ਤੋਂ ਇਲਾਵਾ ਜੈਸਮੀਨ ਬਾਜਵਾ, ਜਗਜੀਤ ਸੰਧੂ ਸੀਮਾ ਕੌਸਲ,ਕਾਕਾ ਕੌਤਕੀ, ਮੋਹਨੀ ਤੂਰ, ਮਿੰਟੂ ਕਾਪਾ, ਲੱਖਾ ਲਹਿਰੀ,ਬਲਵਿੰਦਰ ਬੁਲਟ, ਰਬਾਬ ਕੌਰ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦੇ ਗੀਤ ਜਾਨੀ ਨੇ ਲਿਖੇ ਹਨ ਤੇ ਸੰਗੀਤ ਬੀ ਪਰਾਕ ਨੇ ਦਿੱਤਾ ਹੈ।

(ਹਰਜਿੰਦਰ ਸਿੰਘ ਜਵੰਦਾ ) jawanda82@gmail.com

Welcome to Punjabi Akhbar

Install Punjabi Akhbar
×
Enable Notifications    OK No thanks