ਨਿਊ ਸਾਊਥ ਵੇਲਜ਼ ਪੁਲਿਸ ਫੋਰਸ ਵਿੱਚ 226 ਨਵੇਂ ਰੰਗਰੂਟਾਂ ਦਾ ਸਵਾਗਤ

ਰਾਜ ਦੇ ਪੁਲਿਸ ਅਤੇ ਆਪਾਤਕਾਲੀਨ ਸੇਵਾਵਾਂ ਦੇ ਮੰਤਰੀ ਡੇਵਿਡ ਐਲੀਅਟ, ਕਮਿਸ਼ਨਰ ਮਿਕ ਫਲਰ (ਏ.ਪੀ.ਐਮ.) ਅਤੇ ਗੌਲਬਰਨ ਤੋਂ ਐਮ.ਪੀ. ਵੈਂਡੀ ਟਕਰਮੈਨ ਨੇ ਅੱਜ ਗੌਲਬੋਰਨ ਵਿਖੇ ਹੋਏ ਇੱਕ ਸਮਾਰੋਹ ਦੌਰਾਨ, ਨਿਊ ਸਾਊਥ ਵੇਲਜ਼ ਪੁਲਿਸ ਵਿੱਚ ਭਰਤੀ ਹੋਏ 226 ਨਵੇਂ ਰੰਗਰੂਟਾਂ ਦਾ ਸਵਾਗਤ ਕੀਤਾ ਜਿਨ੍ਹਾਂ ਨੂੰ ਕਿ ਰਾਜ ਦੀਆਂ ਵੱਖ ਵੱਖ ਥਾਂਵਾਂ ਉਪਰ ਜਨਤਕ ਸੇਵਾਵਾਂ ਆਦਿ ਲਈ ਤਾਇਨਾਤ ਕੀਤਾ ਜਾ ਰਿਹਾ ਹੈ।
ਸ੍ਰੀ ਐਲੀਅਟ ਨੇ ਕਿਹਾ ਕਿ ਇਸ ਕਲਾਸ 349 ਰਾਹੀਂ ਪੁਰਸ਼ ਅਤੇ ਮਹਿਲਾਵਾਂ ਦੀ ਇਹ ਨਵੀਂ ਟੀਮ ਪੂਰੇ 8 ਮਹੀਨਿਆਂ ਦੀ ਸਿਖਲਾਈ ਪ੍ਰਾਪਤ ਕਰਕੇ ਲੋਕਾਂ ਦੀ ਸੇਵਾ ਵਿੱਚ ਹਾਜ਼ਿਰ ਹੋ ਰਹੀ ਹੈ ਅਤੇ ਅਗਲੇ ਸੋਮਵਾਰ ਇਨ੍ਹਾ ਨੂੰ ਇਨ੍ਹਾਂ ਦੇ ਨਵੇਂ ਸਟੇਸ਼ਨਾਂ ਉਪਰ ਤਾਇਨਾਤ ਕਰ ਦਿੱਤਾ ਜਾਵੇਗਾ।
ਉਨ੍ਹਾਂ ਇਹ ਵੀ ਕਿਹਾ ਕਿ ਰਾਜ ਸਰਕਾਰ, ਅਗਲੇ 4 ਸਾਲਾਂ ਦੌਰਾਨ, ਪੁਲਿਸ ਵਿੱਚ 1500 ਮੁਲਾਜ਼ਮਾਂ ਦੀ ਨਵੀਂ ਭਰਤੀ ਲਈ 583 ਮਿਲੀਅਨ ਡਾਲਰਾਂ ਦਾ ਨਿਵੇਸ਼ ਕਰਨ ਜਾ ਰਹੀ ਹੈ ਅਤੇ ਇਸ ਦੇ ਨਾਲ ਹੀ ਗੌਲਬਰਨ ਵਿਚਲੀ ਪੁਲਿਸ ਅਕੈਡਮੀ ਦੇ ਪੁਨਰ-ਨਿਰਮਾਣ ਆਦਿ ਲਈ ਵੀ 60 ਮਿਲੀਅਨ ਡਾਲਰ ਖਰਚੇ ਜਾ ਰਹੇ ਹਨ।
ਜ਼ਿਕਰਯੋਗ ਹੈ ਕਿ ਇਸ ਸਾਲ ਦੀ ਕਲਾਸ 349 ਵਿੱਚ 153 ਪੁਰਸ਼ ਅਤੇ 73 ਮਹਿਲਾਵਾਂ ਹਨ ਅਤੇ ਇਨ੍ਹਾਂ ਵਿੱਚ ਆਸਟ੍ਰੇਲੀਆਈਆਂ ਤੋਂ ਇਲਾਵਾ ਬਰਾਜ਼ੀਲ, ਪਾਕਿਸਤਾਨ, ਸ੍ਰੀ ਲੰਕਾ, ਮੈਕਸਿਕੋ, ਇਰਾਕ, ਜਰਮਨੀ, ਅਜਿਪਟ, ਸਰਬੀਆ, ਕੋਰੀਆ ਅਤੇ ਨਿਊਜ਼ੀਲੈਂਡ ਦੇ ਨੌਜਵਾਨ ਵੀ ਸ਼ਾਮਿਲ ਹਨ।

Install Punjabi Akhbar App

Install
×