
ਸਿਡਨੀ ਮੈਟਰੋ (ਵੈਸਟ) ਪ੍ਰਾਜੈਕਟ ਦੇ ਅਧੀਨ, ਨਿਊ ਸਾਊਥ ਵੇਲਜ਼ ਸਰਕਾਰ ਨੇ ਪਿਰਮੌਂਟ ਵਾਸਤੇ ਨਵਾਂ ਮੈਟਰੋ ਸਟੇਸ਼ਨ ਬਣਾਉਣ ਦਾ ਪਲਾਨ ਉਲੀਕੀਆ ਹੈ ਅਤੇ ਇਸ ਨਾਲ ਜਿੱਥੇ ਸ਼ਹਿਰ ਨੂੰ ਇੱਕ ਹੋਰ ਸੁਵਿਧਾ ਮਿਲੇਗੀ ਉਥੇ ਹੀ ਸਥਾਨਕ ਨਿਵਾਸੀਆਂ ਲਈ ਰੌਜ਼ਗਾਰ ਅਤੇ ਰਾਜ ਦੀ ਅਰਥ ਵਿਵਸਥਾ ਅੰਦਰ ਇਜ਼ਾਫ਼ੇ ਦਾ ਇਹ ਇੱਕ ਹੋਰ ਸੋਮਾ ਬਣੇਗਾ। ਸੜਕ ਪਰਿਵਹਨ ਮੰਤਰੀ ਐਂਡ੍ਰਿਊ ਕੰਸਟੈਂਸ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਰਕਾਰ ਦਾ ਇਹ ਪ੍ਰਾਜੈਕਟ ਵੀ ਦੂਸਰੇ ਕੰਮਾਂ ਦੀ ਤਰ੍ਹਾਂ ਉਸਾਰੂ ਹੀ ਹੈ ਅਤੇ ਜਨਤਕ ਭਲਾਈ ਦੇ ਨਾਲ ਨਾਲ ਰਾਜ ਸਰਕਾਰ ਦੀ ਆਮਦਨ ਵਿੱਚ ਵਾਧਾ ਵੀ ਕਰੇਗਾ। ਸਿਡਨੀ ਸੀ.ਬੀ.ਡੀ. ਲਈ ਇਹ ਪੱਛਮੀ ਕਿਨਾਰਿਆਂ ਤੋਂ ਆਵਾਜਾਈ ਦਾ ਆਸਾਨ ਸਾਧਨ ਬਣੇਗਾ ਅਤੇ ਇਸ ਤੋਂ ਇਲਾਵਾ: 500 ਸਿੱਧੇ ਅਤੇ 1700 ਅਸਿੱਧੇ ਤੌਰ ਤੇ ਰੌਜ਼ਗਾਰ ਜੋੜੇਗਾ; ਸੈਂਟਰਲ ਅਤੇ ਟਾਊਨ ਹਾਲ ਵਿਚਾਲੇ ਸੀ.ਬੀ.ਡੀ. ਰੇਲਵੇ ਦੀ ਭੀੜ ਨੂੰ ਘੱਟ ਕਰੇਗਾ; ਡਲਵਿਚ ਹਿਲ ਲਾਈਟ ਰੇਲ ਲਾਈਨ ਉਪਰ ਵੀ ਘੱਟੋ ਘੱਟ 10% ਦੀ ਆਵਾਜਾਈ ਨੂੰ ਬਚਾਏਗਾ, ਡਾਰਲਿੰਗ ਹਾਰਬਰ ਅਤੇ ਸਿਡਨੀ ਅੰਤਰ-ਰਾਸ਼ਟਰੀ ਕਨਵੈਨਸ਼ਨ ਸੈਂਟਰ ਵਿਖੇ ਹੋਣ ਵਾਲੇ ਕਈ ਜਨਤਕ ਸਮਾਗਮਾਂ ਲਈ ਆਵਾਜਾਈ ਦਾ ਵਧੀਆ ਸਾਧਨ ਬਣੇਗਾ; ਪੈਰਾਮਾਟਾ ਅਤੇ ਪਿਰਮੌਂਟ ਵਿਚਾਲੇ ਸਫਰ ਦੇ ਸਮੇਂ ਨੂੰ 26 ਮਿਨਟਾਂ ਤੱਕ ਘੱਟ ਕਰੇਗਾ ਅਤੇ ਇਹ ਸਫ਼ਰ ਹੁਣ ਮਹਿਜ਼ 18 ਮਿਨਟਾਂ ਦਾ ਹੀ ਰਹਿ ਜਾਵੇਗਾ।
ਜ਼ਿਕਰਯੋਗ ਹੈ ਕਿ ਅਜਿਹੇ ਪ੍ਰਾਜੈਕਟਾਂ ਵਾਸਤੇ ਨਿਊ ਸਾਊਥ ਵੇਲਜ਼ ਸਰਕਾਰ ਨੇ 107 ਬਿਲੀਅਨ ਡਾਲਰ ਦਾ ਬਜਟ ਮਿੱਥਿਆ ਹੋਇਆ ਹੈ।