ਨਵੀਂ ਲੰਮਾ ਸਮਾਂ ਵੀਜ਼ਾ ਨੀਤੀ ਤੋਂ ਪ੍ਰਵਾਸੀ ਭਾਈਚਾਰੇ ਨਾਖੁੱਸ਼

(ਬ੍ਰਿਸਬੇਨ 2 ਦਸੰਬਰ) – ਇੱਥੇ ਆਸਟ੍ਰੇਲੀਅਨ ਸਰਕਾਰ ਵਲੋਂ ਆਏ ਦਿੱਨ ਵੀਜ਼ਾ ਤਬਦੀਲੀਆਂ ਦੇ ਚੱਲਦਿਆਂ ਹੁਣ ਪ੍ਰਵਾਸੀਆਂ ਨੂੰ ਆਪਣੇ ਮਾਂ-ਬਾਪ ਇਥੇ ਮੰਗਵਾਉਣ ਲਈ ਨਵੀਂ ਵੀਜ਼ਾ ਨੀਤੀ ਤਹਿਤ ਭਾਰੀ ਜੇਬ ਢਿੱਲੀ ਕਰਨੀ ਪਿਆ ਕਰੇਗੀ। ਇਹ ਨਵਾਂ ਬਿੱਲ ਹੇਠਲੇ ਸਦਨ ‘ਚ ਪਾਸ ਹੋ ਚੁੱਕਾ ਹੈ ਅਤੇ ਅਗਲੇ ਸਾਲ 2019 ਤੋਂ ਅਮਲੀ ਰੂਪ ‘ਚ ਕਾਰਗਰ ਹੋ ਜਾਵੇਗਾ। ਜਿਸਦੇ ਚੱਲਦਿਆਂ ਇੰਮੀਗ੍ਰੇਸ਼ਨ ਵਿਭਾਗ ਦਰਖ਼ਾਸਤਾਂ ਲੈਣ ਲਈ  ਕਮਰਕੱਸੇ ਕਰ ਚੁੱਕਾ ਹੈ।

ਦੱਸਣਯੋਗ ਹੈ ਕਿ ਇਸ ਨਵੀਂ ਪ੍ਰਵਾਸੀ ਨੀਤੀ ਦਾ ਸਮੂਹ ਪ੍ਰਵਾਸੀ ਭਾਈਚਾਰਿਆਂ ਅਤੇ ਖ਼ਾਸ ਕਰਕੇ ਪੰਜਾਬੀ ਪ੍ਰਵਾਸੀ ਪਰਿਵਾਰਾਂ ਵਲੋਂ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ। ਨਾਲ ਹੀ ਇਸਨੂੰ ਫਿਰ ਤੋਂ ਮਨੁੱਖਤਾ ਵਿਰੋਧੀ ਅਤੇ ਇਕਤਰਫਾ ਅਮਲ ਗਰਦਾਨਿਆ ਹੈ।  ਸਰਕਾਰ ਦੀ ਇਸ ਨੀਤੀ ਅਨੁਸਾਰ ਅਗਰ ਕਿਸੇ ਨੇ ਮਾਂ-ਬਾਪ ਨੂੰ ਆਸਟ੍ਰੇਲੀਆ ‘ਚ ਲੰਮੇ ਸਮੇਂ ਲਈ ਠਿਹਰਾਉਂਣਾ ਹੈ ਤਾਂ ਉਨ੍ਹਾਂ ਨੂੰ ਬਿਨੇਪੱਤਰ ‘ਚ 3 ਸਾਲ ਦੇ ਵੀਜ਼ੇ ਲਈ 5000 ਡਾਲਰ ਅਤੇ 5 ਸਾਲ ਲਈ 10,000 ਡਾਲਰ ਜਮਾਂ ਕਰਾਉਂਣਾ ਲਾਜ਼ਮੀ ਹੈ। ਇਸ ਵੀਜ਼ੇ ਅਧੀਨ ਬਿਨੇਕਾਰ ਮਿਥੇ ਸਮੇਂ ਮੁਤਾਬਕ ਰਹਿ ਸਕਦਾ ਹੈ ਅਤੇ ਵੀਜ਼ੇ ਨੂੰ ਦੁਬਾਰਾ ਇਕ ਵਾਰ ਲਈ ਵਧਾ ਵੀ ਸਕਦਾ ਹੈ, ਪਰ ਫ਼ੀਸ ਦੀ ਨਵੀਂ ਅਦਾਇਗੀ ਨਾਲ।

ਸਰਕਾਰ ਦੀ ਇਹ ਨਵੀਂ ਪ੍ਰਵਾਸੀ ਨੀਤੀ ਪ੍ਰਵਾਸੀ ਪਰਿਵਾਰਾਂ ਲਈ ਇਕ ਵੱਡਾ ਆਰਥਿਕ ਬੋਝ ਲੈ ਕੇ ਆਈ ਹੈ। ਕਿਉਂਕਿ, ਇਹ ਨਵੀਂ ਨੀਤੀ ਘੁੰਮਣ ਵਾਲੇ ਵੀਜ਼ੇ ਨਾਲ ਸੰਬੰਧਤ ਹੈ। ਜਿਸਦੇ ਤਹਿਤ ਬਿਨੇਕਾਰ ਨੂੰ ਕੋਈ ਹੋਰ ਸਹੂਲਤ ਨਹੀਂ ਹੋਵੇਗੀ ਅਤੇ ਨਾ ਹੀ ਕੋਈ ਕੰਮ ਕਰਨ ਦੀ ਕਾਨੂੰਨੀ ਆਗਿਆ ਹੋਵੇਗੀ। ਵਿਰੋਧੀ ਪਾਰਟੀਆਂ ਵੱਲੋਂ ਮਜ਼ੂਦਾ ਸਰਕਾਰ ਦੇ ਇਸ ਫ਼ੈਸਲੇ ‘ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਕਿਹਾ ਹੈ ਕਿ ਸਰਕਾਰ ਪ੍ਰਵਾਸੀ ਪਰਿਵਾਰਾਂ ਨੂੰ ਇਕਜੁਟ ਕਰਨ ‘ਚ ਅਸਫ਼ਲ ਰਹੀ ਹੈ। ਉਹ ਪਰਿਵਾਰਾਂ ਦੇ ਬੁਨਿਆਦੀ ਮਨੁੱਖੀ ਅਧਿਕਾਰਾਂ ਦਾ ਘਾਣ ਕਰ ਰਹੇ ਹਨ। ਪਰ, ਹੁਣ ਲੋਕ ਇਹ ਚਾਲ ਸਮਝ ਰਹੇ ਹਨ ਅਤੇ ਝੂਠਾਂ ਨਾਲ ਮਨੋਰੰਜਨ ਨਹੀਂ ਕਰਨਗੇ।

(ਹਰਜੀਤ ਲਸਾੜਾ)

harjit_las@yahoo.com

Welcome to Punjabi Akhbar

Install Punjabi Akhbar
×