ਨਿਊ ਸਾਊਥ ਵੇਲਜ਼ ਵਿਚ ਕਰੋਨਾ ਦੇ 681 ਨਵੇਂ ਮਾਮਲੇ, ਇੱਕ ਮੌਤ

ਪ੍ਰੀਮੀਆਰ ਗਲੈਡੀਜ਼ ਬਰਜਿਕਲੀਅਨ ਨੇ ਤਾਜ਼ਾ ਅਪਡੇਟ ਰਾਹੀਂ ਦੱਸਿਆ ਕਿ ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ ਕੋਵਿਡ-19 ਦੇ 681 ਮਾਮਲੇ ਦਰਜ ਕੀਤੇ ਗਏ ਹਨ ਅਤੇ ਇਨ੍ਹਾਂ ਵਿੱਚੋਂ 135 ਲੋਕ ਆਪਣੇ ਇਨਫੈਕਸ਼ਨ ਦੌਰਾਨ ਆਈਸੋਲੇਸ਼ਨ ਵਿੱਚ ਹੀ ਸਨ ਜਦੋਂ ਕਿ 87 ਬਾਹਰਵਾਰ ਘੁੰਮਦੇ ਰਹੇ ਹਨ, ਅਤੇ ਬਾਕੀ ਰਹਿੰਦੇ 459 ਲੋਕਾਂ ਦੇ ਇਨਫੈਕਸ਼ਨ ਦੀ ਪੜਤਾਲ ਜਾਰੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਖਣੀ-ਪੂਰਬੀ ਸਿਡਨੀ ਦੇ ਸੇਂਟ ਜਾਰਜ ਹਸਪਤਾਲ ਵਿਖੇ ਇੱਕ 80ਵਿਆਂ ਸਾਲਾਂ ਦੇ ਬਜ਼ੁਰਗ ਦੀ ਮੌਤ ਹੋ ਜਾਣ ਦੀ ਵੀ ਪੁਸ਼ਟੀ ਕੀਤੀ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਰਿਜਨਲ ਨਿਊ ਸਾਊਥ ਵੇਲਜ਼ ਵਾਲਾ ਲਾਕਡਾਊਨ ਵੀ ਗ੍ਰੇਟਰ ਸਿਡਨੀ ਵਾਲੇ ਲਾਕਡਾਊਨ ਨਾਲ, ਭਾਵ 28 ਅਗਸਤ ਤੱਕ ਵਧਾਇਆ ਜਾ ਰਿਹਾ ਹੈ।
ਉਨ੍ਹਾਂ ਜਾਣਕਾਰੀ ਦਿੰਦਿਆਂ ਇਹ ਵੀ ਕਿਹਾ ਕਿ ਸਿਡਨੀ ਵਿਚਲੇ ਮੈਰੀਲੈਂਡਜ਼, ਆ-ਬਰਨ, ਗ੍ਰੈਨਵਿਲੇ, ਲਿਡਕਾਂਬੇ ਅਤੇ ਗ੍ਰੀਨਏਕਰ ਆਦਿ ਖੇਤਰਾਂ ਨੂੰ ਬਹੁਤ ਹੀ ਨਾਜ਼ੁਕ ਸਥਿਤੀ ਵਿੱਚ ਦੇਖਿਆ ਜਾ ਰਿਹਾ ਹੈ।
ਰਾਜ ਅੰਦਰ ਇਸ ਸਮੇਂ 474 ਕਰੋਨਾ ਦੇ ਮਰੀਜ਼ ਹਸਪਤਾਲ ਵਿੱਚ ਦਾਖਿਲ ਹਨ ਅਤੇ 82 ਆਈ.ਸੀ.ਯੂ. ਵਿੱਚ (71 ਦੇ ਕਰੋਨਾ ਤੋਂ ਬਚਾਉ ਲਈ ਕੋਈ ਟੀਕਾ ਨਹੀਂ ਲੱਗਿਆ) ਅਤੇ ਇਸ ਦੇ ਨਾਲ ਹੀ 25 ਲੋਕ ਵੈਂਟੀਲੇਟਰ ਉਪਰ ਵੀ ਹਨ।
ਉਨ੍ਹਾਂ ਮੁੜ ਤੋਂ ਅਪੀਲ ਕਰਦਿਆਂ ਲੋਕਾਂ ਨੂੰ ਕਿਹਾ ਕਿ ਉਹ ਕਰੋਨਾ ਤੋਂ ਬਚਾਉ ਲਈ ਜਲਦੀ ਤੋਂ ਜਲਦੀ ਅੱਗੇ ਆਉਣ ਅਤੇ ਆਪਣੀ ਵਾਰੀ ਮੁਤਾਬਿਕ ਟੀਕਾ (ਦੋਹੇਂ ਡੋਜ਼ਾਂ) ਜ਼ਰੂਰ ਲਗਵਾਉਣ।

Install Punjabi Akhbar App

Install
×