ਵਾਗਾ ਵਾਗਾ ਵਿੱਚੋਂ ਸਮੁੱਚੇ ਸੰਸਾਰ ਅੰਦਰ ਨਿਰਯਾਤ ਕਰਨ ਲਈ ਨਵੀਂ ਹੱਬ ਦਾ ਨਿਰਮਾਣ

ਵਧੀਕ ਪ੍ਰੀਮੀਅਰ ਸ੍ਰੀ ਜੋਹਨ ਬੈਰੀਲੈਰੋ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਵਾਗਾ ਵਾਗਾ ਅੰਦਰ ਰਿਵਰੀਨਾ ਇੰਟਰਮਾਡਲ ਫਰੇਟ ਅਤੇ ਲੋਜਿਸਟਿਕ (RIFL) ਹੱਬ ਦਾ ਨਿਰਮਾਣ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ ਅਤੇ ਆਪਣੇ ਦੂਸਰੇ ਪੜਾਅ ਵਿੱਚ ਪਹੁੰਚ ਗਿਆ ਹੈ। 43.7 ਮਿਲੀਅਨ ਡਾਲਰਾਂ ਦੀ ਲਾਗਤ ਨਾਲ 60 ਹੈਕਟੇਅਰ ਜ਼ਮੀਨ ਅੰਦਰ ਚੱਲ ਰਹੇ ਇਸ ਪ੍ਰਾਜੈਕਟ ਨਾਲ ਰਿਵਰੀਨਾ ਖੇਤਰ ਦਾ ਮਿਆਰ ਬਹੁਤ ਜ਼ਿਆਦਾ ਉਚਾ ਹੋਣ ਵਾਲਾ ਹੈ ਅਤੇ ਇੱਥੋਂ ਦੇ ਸਥਾਨਕ ਨਿਵਾਸੀਆਂ ਨੂੰ ਇਸ ਨਾਲ ਰੌਜ਼ਗਾਰ ਦੇ ਅਵਸਰ ਮਿਲ ਰਹੇ ਹਨ ਅਤੇ ਭਵਿੱਖ ਵਿੱਚ ਵੀ ਮਿਲਦੇ ਹੀ ਰਹਿਣਗੇ। ਵਧੀਕ ਪ੍ਰੀਮੀਅਰ, ਨਿਊ ਸਾਊਥ ਵੇਲਜ਼ ਐਮ.ਐਲ.ਸੀ. ਵੈਸ ਫੈਂਗ ਅਤੇ ਵਾਗਾ ਵਾਗਾ ਸਿਟੀ ਕੌਂਸਲ ਮੇਅਰ ਗਰੈਗ ਕੋਂਕੇ ਨੇ ਇਸ ਦਾ ਦੌਰਾ ਕੀਤਾ ਅਤੇ ਚੱਲ ਰਹੇ ਕੰਮ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਨਾਲ ਵਾਗਾ ਵਾਗਾ ਵਿੱਚੋਂ ਸਮੁੱਚੇ ਦੇਸ਼ ਦੇ ਨਾਲ ਨਾਲ ਸਮੁੱਚੇ ਸੰਸਾਰ ਅੰਦਰ ਹੀ ਨਿਰਯਾਤ ਦੇ ਨਵੇਂ ਰਾਹ ਖੁੱਲ੍ਹਣਗੇ। ਸੜਕ ਪਰਿਵਹਨ ਮੰਤਰੀ ਸ੍ਰੀ ਪੌਲ ਟੂਲੇ ਨੇ ਵੀ ਕਿਹਾ ਕਿ ਇਸ ਹੱਬ ਨਾਲ ਦੇਸ਼ ਅੰਦਰ ਰੇਲ ਮਾਰਗਾਂ ਵਿੱਚ ਉਚਿਤ ਵਾਧਾ ਹੋਵੇਗਾ ਅਤੇ ਇੱਥੋਂ ਦਾ ਸੰਪਰਕ ਹਰ ਥਾਂ ਨਾਲ ਸਿੱਧਾ ਹੋ ਜਾਣ ਕਾਰਨ ਆਯਾਤ-ਨਿਰਯਾਤ ਵਿੱਚ ਕਾਫੀ ਸੁਧਾਰ ਹੋਣਗੇ ਅਤੇ ਸਮੇਂ ਦੀ ਬਚਤ ਦੇ ਨਾਲ ਨਾਲ ਮੁਦਰਾ ਦੇ ਭੰਡਾਰਨ ਉਪਰ ਵੀ ਚੋਖਾ ਅਸਰ ਪਵੇਗਾ। ਇੱਥੇ ਇੱਕ 4.9 ਕਿ. ਮੀਟਰ ਦਾ ਰੇਲ ਮਾਰਗ ਵੀ ਬਣਾਇਆ ਜਾ ਰਿਹਾ ਹੈ ਜਿਸ ਰਾਹੀਂ ਕਿ ਭਾਰੀ ਕੰਟੇਨਰਾਂ ਆਦਿ ਨੂੰ ਰੇਲ ਮਾਰਗਾਂ ਰਾਹੀਂ ਇੱਕ ਥਾਂ ਤੋਂ ਦੂਜੀ ਉਪਰ ਲਿਜਾਇਆ ਜਾਵੇਗਾ ਅਤੇ ਇਸ ਨਾਲ ਸਥਾਨਕ ਸੜਕਾਂ ਉਪਰ ਭਾਰੀ ਵਾਹਨਾਂ ਦੀ ਭੀੜ ਘਟੇਗੀ ਅਤੇ ਸਥਾਨਕ ਲੋਕਾਂ ਨੂੰ ਇਸ ਨਾਲ ਵੀ ਲਾਭ ਹੀ ਹੋਵੇਗਾ। ਮੇਅਰ ਗਰੈਗ ਕੌਂਕੇ ਨੇ ਕਿਹਾ ਕਿ ਇਹ ਪ੍ਰਾਜੈਕਟ ਬੀਤੇ 15 ਸਾਲਾਂ ਤੋਂ ਚੱਲ ਰਿਹਾ ਹੈ ਅਤੇ ਹੁਣ ਤਿਆਰ ਬਰ ਤਿਆਰ ਹੀ ਖੜ੍ਹਾ ਹੈ ਅਤੇ ਰਾਜ ਸਰਕਾਰ ਅਤੇ ਸਥਾਨਕ ਸਰਕਾਰਾਂ ਦੇ ਪੂਰਨ ਅਤੇ ਸਹੀ ਤਾਲਮੇਲ ਦਾ ਹੀ ਨਤੀਜਾ ਹੈ। ਇਸ ਨਾਲ 6,000 ਲੋਕਾਂ ਨੂੰ ਰੌਜ਼ਗਾਰ ਦੀ ਪ੍ਰਾਪਤੀ ਹੋਵੇਗੀ ਅਤੇ ਅਗਲੇ ਕਈ ਦਸ਼ਕਾਂ ਤੱਕ ਇਹ ਸਥਾਨਕ ਅਤੇ ਰਾਜ ਸਰਕਾਰ ਦੀ ਅਰਥ ਵਿਵਸਥਾ ਵਾਸਤੇ ਇੱਕ ਵਧੀਆ ਸਾਧਨ ਬਣਿਆ ਰਹੇਗਾ। ਸਮੁੱਚੀ ਤਿਆਰੀ 2022 ਦੇ ਅੱਧ ਤੱਕ ਹੋ ਜਾਵੇਗੀ ਅਤੇ ਫੇਰ ਇਸਨੂੰ ਸੇਵਾਵਾਂ ਲਈ ਚਾਲੂ ਕਰ ਦਿੱਤਾ ਜਾਵੇਗਾ।

Install Punjabi Akhbar App

Install
×