ਨਿਊ ਸਾਊਥ ਵੇਲਜ਼ ਵਿਚ ਪੂਰਨ ਵੈਕਸੀਨੇਸ਼ਨ ਦੀ ਦਰ 70% ਤੱਕ ਪਹੁੰਚਣ ਕਿਨਾਰੇ, ਲਾਕਡਾਊਨ ਦਾ ਆਖ਼ਰੀ ਹਫ਼ਤਾ

ਅਧਿਕਾਰਿਕ ਆਂਕੜਿਆਂ ਮੁਤਾਬਿਕ, ਨਿਊ ਸਾਊਥ ਵੇਲਜ਼ ਰਾਜ ਵਿੱਚ ਜਨਤਕ ਤੌਰ ਤੇ ਕਰੋਨਾ ਤੋਂ ਬਚਾਉ ਲਈ ਲਗਾਈ ਜਾ ਰਹੀ ਵੈਕਸੀਨ ਦੀ ਦਰ 70% ਤੱਕ ਪਹੁੰਚਣ ਦੇ ਬਿਲਕੁਲ ਨਜ਼ਦੀਕ ਪਹੁੰਚ ਗਈ ਹੈ। ਆਂਕੜਿਆਂ ਮੁਤਾਬਿਕ, ਹੁਣ ਤੱਕ ਰਾਜ ਭਰ ਵਿੱਚ 16 ਸਾਲ ਤੋਂ ਉਪਰ ਦੇ 67.1% ਲੋਕਾਂ ਨੂੰ ਕਰੋਨਾ ਤੋਂ ਬਚਾਉ ਦੀਆਂ ਵੈਕਸੀਨ ਦੀਆਂ ਦੋਨੋਂ ਡੋਜ਼ਾਂ ਲਗਾਈਆਂ ਜਾ ਚੁਕੀਆਂ ਹਨ ਅਤੇ ਇੱਕ ਡੋਜ਼ ਲੈਣ ਵਾਲਿਆਂ ਦੀ ਸੰਖਿਆ 88.4% ਤੱਕ ਪਹੁੰਚ ਗਈ ਹੈ। ਰਾਜ ਸਰਕਾਰ ਵੱਲੋਂ ਆਂਕੜਾ ਮਿੱਥਿਆ ਗਿਆ ਸੀ ਕਿ ਜਦੋਂ ਰਾਜ ਭਰ ਵਿੱਚ 70% ਲੋਕਾਂ ਨੂੰ ਵੈਕਸੀਨ ਦੀਆਂ ਪੂਰਨ ਤੌਰ ਤੇ ਡੋਜ਼ਾਂ ਲਗਾਈਆਂ ਜਾ ਚੁਕਣਗੀਆਂ, ਲਾਕਡਾਊਨ ਖੋਲ੍ਹ ਦਿੱਤੇ ਜਾਣਗੇ ਅਤੇ ਲੋਕ ਪਹਿਲਾਂ ਦੀ ਤਰ੍ਹਾਂ ਆਮ ਵਾਂਗ ਹੀ ਜ਼ਿੰਦਗੀ ਦੀ ਪਟੜੀ ਉਪਰ ਆਪਣੀਆਂ ਗੱਡੀਆਂ ਦੌੜਾਉਣ ਲੱਗ ਜਾਣਗੇ। ਜਾਹਿਰ ਹੈ ਕਿ ਹੁਣ ਉਕਤ ਟੀਚਾ ਬਿਲਕੂਲ ਬਰੂਹਾਂ ਤੇ ਹੀ ਖੜ੍ਹਾ ਹੈ।
11 ਅਕਤੂਬਰ ਤੋਂ ਖੁਲ੍ਹਣ ਜਾ ਰਹੇ ਲਾਕਡਾਊਨ ਤੋਂ ਬਾਅਦ ਹੁਣ ਰਾਜ ਸਰਕਾਰ ਨੇ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ ਜੋ ਕਿ ਇਸ ਪ੍ਰਕਾਰ ਹਨ:
ਜਿਨ੍ਹਾਂ ਨੂੰ ਕਰੋਨਾ ਤੋਂ ਬਚਾਉ ਲਈ ਟੀਕੇ ਲੱਗ ਚੁਕੇ ਹਨ ਅਤੇ ਜਿਨ੍ਹਾਂ ਨੂੰ ਨਹੀਂ ਲੱਗੇ ਹਨ, ਲਈ ਵੱਖਰੀਆਂ ਵੱਖਰੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਜੇਕਰ ਟੀਕਾ ਲੱਗ ਚੁਕੇ ਲੋਕਾਂ ਵਿੱਚੋਂ ਕੋਈ ਕਿਸੇ ਕੋਵਿਡ ਮਰੀਜ਼ ਦੇ ਸੰਪਰਕ ਵਿੱਚ ਆਉਂਦਾ ਹੈ ਅਤੇ ਕਰੋਨਾ ਪਾਜ਼ਿਟਿਵ ਹੋ ਜਾਂਦਾ ਹੈ ਤਾਂ ਉਸਨੂੰ 7 ਦਿਨਾਂ ਲਈ ਆਈਸੋਲੇਟ ਹੋਣਾ ਪਵੇਗਾ ਅਤੇ 6ਵੇਂ ਦਿਨ ਉਸਦਾ ਕਰੋਨਾ ਟੈਸਟ ਦੋਬਾਰਾ ਹੋਵੇਗਾ ਅਤੇ ਜੇਕਰ ਉਸਦੀ ਰਿਪੋਰਟ ਨੈਗੇਟਿਵ ਆਉਂਦੀ ਹੈ ਤਾਂ ਉਹ 7ਵੇਂ ਦਿਨ ਆਪਣੀ ਆਈਸੋਲੇਸ਼ਨ ਖ਼ਤਮ ਕਰ ਸਕਦਾ ਹੈ। ਇਸਤੋਂ ਬਾਅਦ ਇੱਕ ਹਫ਼ਤਾ ਅਜਿਹੇ ਲੋਕ, ਅਹਿਤਿਆਦਨ, ਆਪਣੇ ਘਰਾਂ ਵਿੱਚੋਂ ਹੀ ਕੰਮ ਕਰਨਗੇ।
ਜਿਨ੍ਹਾਂ ਨੂੰ ਟੀਕਾ ਨਹੀਂ ਲੱਗਿਆ ਉਨ੍ਹਾਂ ਲਈ 14 ਦਿਨਾਂ ਦਾ ਆਈਸੋਲੇਸ਼ਨ ਹੀ ਰੱਖਿਆ ਗਿਆ ਹੈ ਅਤੇ 12ਵੇਂ ਦਿਨ ਉਨ੍ਹਾਂ ਦਾ ਮੁੜ ਤੋਂ ਟੈਸਟ ਹੋਵੇਗਾ।
ਅਜਿਹੇ ਲੋਕ ਜਿਨ੍ਹਾਂ ਨੂੰ ਕਰੋਨਾ ਤੋਂ ਬਚਾਉ ਲਈ ਟੀਕਾ ਨਹੀਂ ਲਗਾਇਆ ਗਿਆ ਹੈ, ਉਨ੍ਹਾਂ ਲਈ ਹੁਣ ਉਨ੍ਹਾਂ ਦੇ ਕੰਮ ਧੰਦਿਆਂ ਵਾਲੇ ਅਦਾਰੇ ਹੀ ਜ਼ਿੰਮੇਵਾਰ ਹੋਣਗੇ ਅਤੇ ਉਨ੍ਹਾਂ ਨੂੰ ਉਹ ਕੰਮ ਉਪਰ ਆਉਣ ਦੀ ਇਜਾਜ਼ਤ ਨਹੀਂ ਦੇਣਗੇ। ਉਲੰਘਣਾ ਕਰਨ ਵਾਲੇ ਅਦਾਰਿਆਂ ਨੂੰ ਸਿੱਧੇ ਤੌਰ ਤੇ ਦੋਸ਼ੀ ਪਾਇਆ ਜਾਵੇਗਾ ਅਤੇ 5000 ਡਾਲਰ ਤੱਕ ਦਾ ਜੁਰਮਾਨਾ ਵੀ ਕੀਤਾ ਜਾ ਸਕਦਾ ਹੈ।

Install Punjabi Akhbar App

Install
×