ਸਿਡਨੀ ਦੇ ਵੈਂਟਵਰਥ ਪੁਆਇੰਟ ਇਲਾਕੇ ਵਿੱਚ ਨਵਾਂ ਹਾਈ ਸਕੂਲ

ਸਿੱਖਿਆ ਮੰਤਰੀ ਸਾਰਾਹ ਮਿਸ਼ੈਲ ਦੁਆਰਾ ਦਿੱਤੀ ਗਈ ਜਾਣਕਾਰੀ ਵਿੱਚ ਦਰਸਾਇਆ ਗਿਆ ਹੈ ਕਿ ਵੈਂਟਵਰਥ ਪੁਆਇੰਟ, ਸਿਡਨੀ ਓਲੰਪਿਕ ਪਾਰਕ, ਮਾਈਲੇਨੀਅਮ ਪਾਰਕਲੈਂਡ ਅਤੇ ਕੰਕਰਡ ਵੈਸਟ ਵਿਚਲੇ ਪਰਿਵਾਰਾਂ ਨੂੰ ਫਾਇਦਾ ਪੰਹੁਚਾਉਂਦਿਆਂ ਵੈਂਟਵਰਥ ਪੁਆਇੰਟ ਵਿਖੇ ਇੱਕ ਨਵਾਂ ਹਾਈ ਸਕੂਲ ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ ਬਣਾਇਆ ਜਾ ਰਿਹਾ ਹੈ ਅਤੇ ਇਸ ਵਾਸਤੇ ਹੁਣ ਥਾਂ ਵੀ ਨਿਯੁੱਕਤ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਇਸ ਖੇਤਰ ਵਿੱਚ ਹੁਣ ਲੋਕਾਂ ਦਾ ਆਉਣਾ ਵੱਧ ਰਿਹਾ ਹੈ ਅਤੇ ਜ਼ਾਹਿਰ ਹੈ ਕਿ ਇੱਥੇ ਰਹਿਣ ਸਹਿਣ ਵਾਸਤੇ ਬੱਚਿਆਂ ਲਈ ਸਕੂਲਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਅਤੇ ਇਸੇ ਦੇ ਮੱਦੇਨਜ਼ਰ ਸਰਕਾਰ ਨੇ ਉਕਤ ਫੈਸਲਾ ਜਨਤਕ ਭਲਾਈ ਲਈ ਲਿਆ ਹੈ। ਇਸ ਨਵੇਂ ਸਕੂਲ ਅੰਦਰ ਸੰਸਾਰ ਪੱਧਰ ਦਾ ਆਧੁਨਿਕ ਤਰੀਕਿਆਂ ਨਾਲ ਪੜ੍ਹਾਈ ਲਿਖਾਈ ਦਾ ਇੰਤਜ਼ਾਮ ਕੀਤਾ ਜਾਵੇਗਾ ਅਤੇ ਇਸ ਖੇਤਰ ਵਿੱਚ ਇਹ ਸਕੂਲ ਆਪਣੀ ਤਰ੍ਹਾਂ ਦਾ ਇਕਲੌਤਾ ਸਕੂਲ ਹੀ ਹੋਵੇਗਾ। ਰਾਜ ਸਰਕਾਰ, ਇੱਥੋਂ ਦੀ ਸਥਾਨਕ ਪੈਰਾਮਾਟਾ ਕੌਂਸਲ ਨਾਲ ਮਿਲ ਕੇ ਇਸ ਪ੍ਰਾਜੈਕਟ ਨੂੰ ਪ੍ਰਵਾਨ ਚੜ੍ਹਾਏਗੀ। ਇਸ ਵਾਸਤੇ ਸਥਾਨਕ ਭਾਈਚਾਰਿਆਂ ਤੋਂ ਵੀ ਵਿਚਾਰ ਅਤੇ ਸੁਝਾਅ ਲਏ ਜਾ ਰਹੇ ਹਨ ਤਾਂ ਕਿ ਕਿਸੇ ਕਿਸਮ ਦੀ ਵੀ ਅਣਗਹਿਲੀ ਨਾ ਰਹੇ ਅਤੇ ਸਾਰਿਆਂ ਦੇ ਉਦਮ ਸਦਕਾ ਇੱਕ ਵਧੀਆ ਸਕੂਲ ਬਣ ਕੇ ਬੱਚਿਆਂ ਦੀ ਸੇਵਾ ਵਿੱਚ ਚਲਾਇਆ ਜਾਵੇ। ਇਸ ਨਾਲ ਬੱਚਿਆਂ ਨੂੰ ਮਿਲਣ ਵਾਲੀਆਂ ਪੜ੍ਹਾਈ ਦੀਆਂ ਸਹੂਲਤਾਂ ਦੇ ਨਾਲ ਨਾਲ, ਸਿੱਧੇ ਅਤੇ ਅਸਿੱਧੇ ਤੌਰ ਤੇ ਸੈਂਕੜੇ ਲੋਕਾਂ ਨੂੰ ਰੌਜ਼ਗਾਰ ਵੀ ਮਿਲੇਗਾ। ਜ਼ਿਕਰਯੋਗ ਹੈ ਕਿ ਨਿਊ ਸਾਊਥ ਵੇਲਜ਼ ਸਰਕਾਰ ਨੇ ਚਾਰ ਸਾਲਾਂ ਦਾ 7 ਬਿਲੀਅਨ ਡਾਲਰਾਂ ਦਾ ਟੀਚਾ ਸਕੂਲਾਂ ਦੇ ਨਵੀਨੀਕਰਨ ਅਤੇ ਨਵੇਂ ਸਕੂਲਾਂ ਨੂੰ ਹੋਂਦ ਵਿੱਚ ਲੈ ਕੇ ਆਉਣ ਦਾ ਮਿੱਥਿਆ ਹੋਇਆ ਹੈ ਅਤੇ ਉਕਤ ਪ੍ਰਾਜੈਕਟ ਵੀ ਇਸੇ ਮਿੱਥੇ ਹੋਏ ਟੀਚੇ ਦਾ ਹੀ ਹਿੱਸਾ ਹੈ। ਜ਼ਿਕਰਯੋਗ ਇਹ ਵੀ ਹੈ ਕਿ ਸਾਲ 2017 ਤੋਂ ਲੈ ਕੇ ਹੁਣ ਤੱਕ ਰਾਜ ਅੰਦਰ 100 ਅਜਿਹੇ ਪ੍ਰਾਜੈਕਟਾਂ ਨੂੰ ਸਿਰੇ ਚਾੜ੍ਹ ਵੀ ਦਿੱਤਾ ਗਿਆ ਹੈ ਜਿਸ ਵਿੱਚ ਕਿ ਸਕੁਲਾਂ ਦੇ ਨਵੀਨੀਕਰਣ ਅਤੇ ਨਵੇਂ ਸਕੂਲਾਂ ਦੀ ਸਥਾਪਨਾ ਦੇ ਕੰਮ ਸ਼ਾਮਿਲ ਹਨ।

Install Punjabi Akhbar App

Install
×