ਨਿਊਜ਼ੀਲੈਂਡ ਸਿੱਖ ਸੁਸਾਇਟੀ ਵਲਿੰਗਟਨ ਦਾ ਵੱਡਾ ਉਦਮ: ਨਵਾਂ ਉਸਾਰਿਆ ਜਾ ਰਿਹਾ ਗੁਰਦੁਆਰਾ ਸਾਹਿਬ ਸੰਪੂਰਨਤਾ ਵੱਲ-ਸ਼ਾਨਦਾਰ ਹੋਵੇਗਾ ਉਦਘਾਟਨ

NZ-PIC-27-Aug-2
(ਵਲਿੰਗਟਨ ਵਿਖੇ ਨਵੇਂ ਤਿਆਰ ਹੋ ਰਹੇ ਗੁਰਦੁਆਰਾ ਸਾਹਿਬ ਦਾ ਬਾਹਰੀ ਦ੍ਰਿਸ਼ ਤੇ ਹਾਸ਼ੀਏ ਵਿਚ ਕੁਝ ਚਲਦੇ ਕਾਰਜਾਂ ਦੀਆਂ ਤਸਵੀਰਾਂ)

ਦੇਸ਼ ਦੀ ਰਾਜਧਾਨੀ ਵਲਿੰਗਟਨ ਜਿੱਥੇ ਕਿ ਰਾਸ਼ਟਰੀ ਆਬਾਦੀ ਦਾ ਲਗਪਗ 10.6% ਹਿੱਸਾ (5 ਲੱਖ ਦੇ ਕਰੀਬ ਲੋਕ) ਰਹਿੰਦਾ ਹੈ, ਵਿਖੇ ਲਗਪਗ 600 ਦੇ ਕਰੀਬ ਸਿੱਖ ਪਰਿਵਾਰ ਵੀ ਰਹਿੰਦੇ ਹਨ। ਉਂਝ ਕੁੱਲ ਏਸ਼ੀਅਨ ਲੋਕ 10.5% ਦੇ ਕਰੀਬ ਹਨ ਜਿਨ੍ਹਾਂ ਵਿਚ 18000 ਦੇ ਕਰੀਬ ਭਾਰਤੀ ਹਨ।  ਇਥੇ ਜੋ ਪਹਿਲਾਂ ਗੁਰਦੁਆਰਾ ਸਾਹਿਬ ਸਥਾਪਿਤ ਹੈ, ਉਹ ਸੰਗਤ ਦੇ ਹਿਸਾਬ ਨਾਲ ਛੋਟਾ ਪੈਣ ਲੱਗਾ ਤਾਂ ਪਿਛਲੇ ਸਾਲ ਨਿਊਜ਼ੀਲੈਂਡ ਸਿੱਖ ਸੁਸਾਇਟੀ ਵਲਿੰਗਟਨ ਨੇ ਇਕ ਵੱਡਾ ਉਦਮ ਕਰਦਿਆਂ (4-10 ਵੋਗਲ ਸਟ੍ਰੀਟ ਨਾਇਨਾਇ ਲੋਅਰ ਹੱਟ) ਵਿਖੇ ਲਗਪਗ 7,20,000 ਡਾਲਰ ਦੀ ਜਗ੍ਹਾ ਜਿੱਥੇ ਕਿ ਪਹਿਲਾਂ ‘ਨਿਊ ਵਰਲਡ’ ਸੁਪਰ ਮਾਰਕੀਟ ਸੀ, ਨੂੰ ਪਿਛਲੇ ਸਾਲ ਜੁਲਾਈ ਮਹੀਨੇ ਖ੍ਰੀਦ ਲਿਆ। ਇਸ ਅਸਥਾਨ ਨੂੰ ਹੁਣ ਨਵੇਂ ਆਲੀਸ਼ਾਨ ਗੁਰਦੁਆਰਾ ਸਾਹਿਬ ਦੀ ਦਿੱਖ ਪ੍ਰਦਾਨ ਕਰ ਦਿੱਤੀ ਗਈ ਹੈ ਅਤੇ ਅਗਲੇ ਮਹੀਨੇ ਦੇ ਵਿਚ ਜੇਕਰ ਸਾਰੇ ਸਰਟੀਫਿਕੇਟ ਪ੍ਰਾਪਤ ਹੋ ਜਾਂਦੇ ਹਨ ਤਾਂ ਇਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਕਰਕੇ ਸੰਗਤਾਂ ਦਾ ਆਉਣਾ-ਜਾਣਾ ਸ਼ੁਰੂ ਕਰ ਦਿੱਤਾ ਜਾਵੇਗਾ। ਸਾਰੀਆਂ ਪ੍ਰੈਕਟੀਕਲ ਜ਼ਰੂਰਤਾਂ ਪੂਰੀਆਂ ਕਰਨ ਉਪਰੰਤ ਗੁਰਦੁਆਰਾ ਸਾਹਿਬ ਦਾ ਸ਼ਾਨਦਾਰ ਉਦਘਾਟਨ ਇਸ ਤੋਂ ਬਾਅਦ ਕੋਈ ਤਰੀਕ ਮਿੱਥ ਕੇ ਕੀਤਾ ਜਾਵੇਗਾ ਅਤੇ ਸਾਰਿਆਂ ਨੂੰ ਪਹੁੰਚਣ ਵਾਸਤੇ ਖੁੱਲ੍ਹਾ ਸੱਦਾ ਜਾਵੇਗਾ। ਮੈਨੇਜਿੰਗ ਕਮੇਟੀ ਦੇ ਪ੍ਰਧਾਨ ਸ. ਪਰਮਜੀਤ ਸਿੰਘ (ਮਕੈਨੀਕਲ ਇੰਜੀਨੀਅਰ ਤੇ ਮਾਸਟਰ ਆਫ ਟੈਕਨਾਲੋਜੀ) ਨੇ ਦੱਸਿਆ ਕਿ ਲਗਪਗ 90% ਕਾਰਜ ਸੰਪੂਰਨ ਹੋ ਚੁੱਕੇ ਹਨ ਅਤੇ ਕੌਂਸਿਲ ਅਤੇ ਹੋਰ ਜਰੂਰੀ ਫਾਈਨਲ ਇੰਸਪੈਕਸ਼ਨ ਦੇ ਸਰਟੀਫਿਕੇਟ ਜਲਦੀ ਮਿਲਣ ਦੀ ਆਸ ਹੈ। ਉਨ੍ਹਾਂ ਰਹਿੰਦੇ ਕਾਰਜਾਂ ਵਾਸਤੇ ਵਿੱਤੀ ਸਹਾਇਤਾ ਵਾਸਤੇ ਨਿਊਜ਼ੀਲੈਂਡ ਦੀਆਂ ਸੰਗਤਾਂ ਦਾ ਅਗਾਉਂ ਧੰਨਵਾਦ ਕਰਦਿਆਂ ਕਿਹਾ ਕਿ ਇਕ ਵਾਰ ਸੰਗਤਾ ਵੱਡਾ ਹੰਭਲਾ ਮਾਰ ਦੇਣ ਤਾਂ ਰਹਿੰਦੇ ਕਾਰਜ ਵਧੀਆ ਢੰਗ ਨਾਲ ਨੇਪਰੇ ਚਾੜ੍ਹੇ ਜਾ ਸਕਦੇ ਹਨ। ਬਿਲਡਿੰਗ ਪ੍ਰਾਜੈਕਟ ਦਾ ਕੰਮ ਕਰਦੇ ਸ੍ਰੀ ਸ਼ਤੀਸ਼ ਸੈਣੀ (ਸਿਵਲ ਇੰਜੀਨੀਅਰ) ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਮੁਤਾਬਿਕ ਉਨ੍ਹਾਂ ਨੇ ਆਰਕੀਟੈਕਚਰ ਦੇ ਨਾਲ ਰਲ-ਮਿਲ ਕੇ ਸਾਰੇ ਡਿਜ਼ਾਈਨ ਨੂੰ ਫਾਈਨਲ ਕਰਵਾਇਆ।
ਗੁਰਦੁਆਰਾ ਸਾਹਿਬ ਦੀ ਥਾਂ: ਨਵੇਂ ਗੁਰਦੁਆਰਾ ਸਾਹਿਬ ਦੀ ਕੁੱਲ ਜਗ੍ਹਾ 4046 ਵਰਗ ਮੀਟਰ ਹੈ ਜਦ ਕਿ ਬਿਲਡਿੰਗ ਖੇਤਰ 1922 ਵਰਗ ਮੀਟਰ ਹੈ। ਲਗਪਗ 70 ਕਾਰਾਂ ਦੇ ਲਈ ਖੁੱਲ੍ਹੀ-ਡੁੱਲ੍ਹੀ ਕਾਰ ਪਾਰਕ ਹੈ। 7,20,000 ਜੀ ਜਗ੍ਹਾ ਲਈ ਗਈ ਸੀ ਅਤੇ ਇਸ ਨੂੰ ਗੁਰਦੁਆਰਾ ਸਾਹਿਬ ਦੇ ਵਿਚ ਬਦਲਣ ਦੇ ਲਈ ਲਗਪਗ 6 ਤੋਂ 7 ਲੱਖ ਡਾਲਰ ਦਾ ਖਰਚਾ ਆਉਣ ਦਾ ਅਨੁਮਾਨ ਹੈ। ਬੈਂਕ ਤੋਂ 5 ਲੱਖ ਡਾਲਰ ਲਿਆ ਗਿਆ ਹੈ। ਕਾਰ ਸੇਵਾ ਵਾਸਤੇ ਸੰਗਤਾਂ ਨੇ ਪਹਿਲਾਂ ਵੀ ਕਾਫੀ ਵਿੱਤੀ ਸਹਾਇਤਾ ਦਿੱਤੀ ਸੀ ਪਰ ਇਕ ਹੋਰ ਹੰਭਲੇ ਦੀ ਲੋੜ ਹੈ। ਪਹਿਲੇ ਗੁਰਦੁਆਰਾ ਸਾਹਿਬ ਦੀ ਜ਼ਮੀਨ ਨੂੰ ਵੇਚ ਦਿੱਤਾ ਗਿਆ ਹੈ ਤਾਂ ਕਿ ਨਵਾਂ ਗੁਰਦੁਆਰਾ ਸਾਹਿਬ ਵਾਸਤੇ ਫੰਡ ਜੁਟਾਏ ਜਾ ਸਕਣ।
ਇੰਡੀਆ ਤੋਂ ਮੰਗਵਾਏ ਵੱਡੇ ਛੋਟੇ ਗੁੰਬਦ: ਪੰਜਾਬ ਦੇ ਮੋਗਾ ਸ਼ਹਿਰ ਤੋਂ ਗੁਰਦੁਆਰਾ ਸਾਹਿਬ ਵਾਸਤੇ ਵਿਸ਼ੇਸ਼ ਤੌਰ ‘ਤੇ ਤਿਆਰ ਗੁਬੰਦ ਮੰਗਵਾਏ ਗਏ ਹਨ। ਇਕ ਵੱਡਾ ਗੁੰਬਦ ਤਿੰਨ ਦਰਮਿਆਨੇ ਗੁਬੰਦ ਅਤੇ 150 ਛੋਟੇ ਗੱਠਾ ਗੁੰਬਦ (ਅਨੀਅਨ ਡੋਮ) ਮੰਗਵਾ ਕੇ ਗੁਰਦੁਆਰਾ ਸਾਹਿਬ ਨੂੰ ਬਹੁਤ ਹੀ ਆਲੀਸ਼ਾਨ ਦਿੱਖ ਗਈ ਹੈ। ਗੁਰੂ ਮਹਾਰਾਜ ਦੇ ਪ੍ਰਕਾਸ਼ ਵਾਸਤੇ ਸੁੰਦਰ ਅਸਥਾਨ ਤਿਆਰ ਕੀਤਾ ਗਿਆ ਹੈ। ਗੁਰਦੁਆਰਾ ਸਾਹਿਬ ਅੰਦਰ ਸੋਹਣਾ ਸੱਚਖੰਡ, ਦੀਵਾਨ ਹਾਲ, ਮੁੱਖ ਦੁਆਰ, ਲੰਗਰ ਘਰ, ਗੈਸਟ ਰੂਮ ਅਤੇ ਹੋਰ ਜਰੂਰੀ ਨਿਰਮਾਣ ਕੀਤੇ ਜਾ ਰਹੇ ਹਨ।

Install Punjabi Akhbar App

Install
×