ਘਰ, ਰੌਜ਼ਗਾਰ, ਜਨਤਕ ਥਾਂਵਾਂ ਅਤੇ ਇਮਾਰਤ ਉਸਾਰੀਆਂ ਦੇ ਕੰਮਾਂ ਕਾਰਾਂ ਨੂੰ ਬੜਾਵਾ ਦੇਣ ਲਈ ਇੱਕ ਨਵੇਂ ਸੰਗਠਨ

ਨਿਊ ਸਾਊਥ ਵੇਲਜ਼ ਸਰਕਾਰ ਦੇ ਜਨਤਕ ਥਾਂਵਾਂ, ਪਲਾਨਿੰਗ ਆਦਿ ਵਿਭਾਗਾਂ ਦੇ ਮੰਤਰੀ ਰਾਬ ਸਟੋਕਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਟਾਰਥਫੀਲਡ ਤੋਂ ਲੈ ਕੇ ਵੈਸਟਮੀਡ ਤੱਕ ਦੇ ਖੇਤਰਾਂ ਵਿੱਚ ਜਨਤਕ ਘਰ, ਰੌਜ਼ਗਾਰ, ਜਨਤਕ ਥਾਂਵਾਂ ਅਤੇ ਹੋਰ ਇਮਾਰਤ ਉਸਾਰੀਆਂ ਆਦਿ ਦੇ ਪ੍ਰਾਜੈਕਟਾਂ ਨੂੰ ਬੜਾਵਾ ਦੇਣ ਵਾਸਤੇ ਸਰਕਾਰ ਨੇ ਸੈਂਟਰਲ ਰਿਵਰ ਸਿਟੀ ਪ੍ਰੋਗਰਾਮ ਕੋਆਰਡੀਨੇਸ਼ਨ ਆਫਿਸ ਦੀ ਸਥਾਪਨਾ ਕੀਤੀ ਹੈ ਜੋ ਕਿ ਪੀ.ਡੀ.ਯੂ. (Planning Delivery Unit) ਦੇ ਅਧੀਨ ਆਉਂਦਾ ਹੈ ਅਤੇ ਇਸ ਨਾਲ ਪੈਰਾਮਾਟਾ, ਸਟਾਰਥਫੀਲਡ ਅਤੇ ਕੰਬਰਲੈਂਡ ਆਦਿ ਖੇਤਰਾਂ ਨੂੰ ਸਰਕਾਰ ਦੇ 4 ਬਿਲੀਅਨ ਡਾਲਰਾਂ ਦੀ ਲਾਗਤ ਵਾਲੇ ਪ੍ਰਾਜੈਕਟਾਂ ਦਾ ਸਿੱਧੇ ਤੌਰ ਤੇ ਲਾਭ ਮਿਲੇਗਾ।
ਉਕਤ ਵਿਭਾਗ ਦੇ ਮੁਖੀ ਕਿਰਸਟਨ ਫਿਸ਼ਬਰਨ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਨਾਲ ਜਿੱਥੇ ਸਮਾਜਿਕ ਅਤੇ ਆਰਥਿਕ ਖੇਤਰਾਂ ਵਿੱਚ ਉਨਤੀ ਹੋਵੇਗੀ ਉਥੇ ਹੀ, ਉਕਤ ਪ੍ਰਾਜੈਕਟ, ਸਥਾਨਕ ਖੇਤਰਾਂ ਨੂੰ ਹਰਾ-ਭਰਾ ਬਣਾਉਣ ਵਿੱਚ ਵੀ ਸਹਾਈ ਹੋਣਗੇ।
ਉਨ੍ਹਾਂ ਕਿਹਾ ਕਿ ਉਕਤ 4 ਬਿਲੀਅਨ ਦੇ ਪ੍ਰਾਜੈਕਟਾਂ ਨਾਲ ਘੱਟੋ ਘੱਟ 10 ਅਜਿਹੇ ਖੇਤਰਾਂ ਵਿੱਚ 64 ਪ੍ਰਾਜੈਕਟ ਚਲਾਏ ਜਾਣਗੇ ਜਿਸ ਦਾ ਫਾਇਦਾ ਸਥਾਨਕ ਲੋਕਾਂ ਨੂੰ ਸਿੱਧੇ ਅਤੇ ਅਸਿੱਧੇ ਤੌਰ ਤੇ ਹੋਵੇਗਾ।
ਉਨ੍ਹਾਂ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੀਤੇ 12 ਮਹੀਨਿਆਂ ਵਿੱਚ ਅਜਿਹੇ 416 ਪ੍ਰਾਜੈਕਟ ਰਾਜ ਸਰਕਾਰ ਨੇ 57.5 ਬਿਲੀਅਨ ਡਾਲਰਾਂ ਦੀ ਲਾਗਤ ਨਾਲ ਚਲਾਏ ਹਨ ਅਤੇ ਇਸ ਵਾਸਤੇ ਉਹ ਰਾਜ ਸਰਕਾਰ ਦੇ ਧੰਨਵਾਦੀ ਹਨ।
ਅਜਿਹੇ ਕਾਰਜਾਂ ਨਾਲ ਸਿਡਨੀ ਦੀ ਸੈਂਟਰਲ ਰਿਵਰ ਸਿਟੀ ਵਿੱਚ 84,000 ਨਵੇਂ ਘਰ ਬਣਨਗੇ ਅਤੇ 105,000 ਲੋਕਾਂ ਨੂੰ ਅਗਲੇ ਦੋ ਦਹਾਕਿਆਂ ਤੱਕ ਰੌਜ਼ਗਾਰ ਮਿਲਦਾ ਰਹੇਗਾ।

Install Punjabi Akhbar App

Install
×