ਪੱਛਮੀ ਸਿਡਨੀ ਪਾਰਕਲੈਂਡਾਂ ਨੂੰ ਨਵੇਂ ਹਰੇ ਭਰੇ ਲਿੰਕ

ਨਿਊ ਸਾਊਥ ਵੇਲਜ਼ ਦੇ ਪਲਾਨਿੰਗ ਅਤੇ ਜਨਤਕ ਥਾਵਾਂ ਦੇ ਮੰਤਰੀ ਸ੍ਰੀ ਰੋਬ ਸਟੋਕਸ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਰਾਜ ਸਰਕਾਰ ਵੱਲੋਂ ਨਿਵੇਸ਼ ਕੀਤੇ ਗਏ 6 ਮਿਲੀਅਨ ਡਾਲਰਾਂ ਤੋਂ ਵੀ ਵੱਧ ਦੇ ਬਜਟ ਨਾਲ ਬਲੈਕਟਾਊਨ ਵਿਖੇ ਬੰਗਾਰਿਬੀ ਪਾਰਕ ਵਿਚਲੇ ਚਲ ਰਹੇ ਪ੍ਰਾਜੈਕਟ ਜਿਸ ਰਾਹੀਂ ਕਿ ਪੱਛਮੀ ਸਿਡਨੀ ਪਾਰਕਲੈਂਡਜ਼ ਨੂੰ ਬਲੈਕਟਾਊਨ ਅੰਤਰ ਰਾਸ਼ਟਰੀ ਸਪੋਰਟਸ ਪਾਰਕ ਨਾਲ ਜੋੜਨਾ ਸੀ, ਪੂਰਾ ਕਰ ਲਿਆ ਗਿਆ ਹੈ। ਇਸ ਪ੍ਰਾਜੈਕਟ ਵਿੱਚ, ਈਸਟਰਨ ਕਰੀਕ ਜਿਸਨੂੰ ਕਿ ਨਾਰਦਰਨ ਬ੍ਰਿਜ ਵੀ ਕਿਹਾ ਜਾਂਦਾ ਹੈ, ਵਾਲੀ ਯੈਲੋ ਕਰਾਸਿੰਗ ਵੀ ਸ਼ਾਮਿਲ ਹੈ ਜਿਸ ਨੂੰ ਕਿ 2.3 ਕਿਲੋਮੀਟਰ ਦਾ ਇੱਕ ਹਰਟ ਕਰਾਸਿੰਗ ਲੂਪ ਨਾਲ ਜੋੜਿਆ ਗਿਆ ਹੈ ਅਤੇ ਇਹ ਵੈਸਟਰਨ ਸਿਡਨੀ ਪਾਰਕਲੈਂਡਾਂ ਵਾਲੇ ਵਾਕਿੰਗ ਅਤੇ ਸਾਈਕਲਿੰਗ ਨੈਟਵਰਕ ਦਾ ਵੀ ਹਿੱਸਾ ਹੈ। ਉਨ੍ਹਾਂ ਕਿਹਾ ਕਿ ਸਾਡਾ ਮੁੱਖ ਮੰਤਵ ਸਮੁੱਚੇ ਸ਼ਹਿਰ ਨੂੰ ਇੱਕ ਪਾਰਕ ਦੀ ਤਰ੍ਹਾਂ ਦਾ ਰੂਪ ਦੇਣਾ ਹੈ ਜਿਸ ਵਿੱਚ ਲੋਕ ਰਹਿੰਦੇ ਹੋਣ, ਚਲਦੇ ਫਿਰਦੇ ਅਤੇ ਡ੍ਰਾਇਵਿੰਗ ਕਰਦੇ ਹੋਣ, ਸਾਇਕਲਿੰਗ ਕਰਦੇ ਹੋਣ ਅਤੇ ਰੋਜ਼ ਮੱਰਾਹ ਦੇ ਸਾਮਾਨ ਦੀ ਖਰੀਦੋ ਫਰੋਖ਼ਤ ਵੀ ਕਰਦੇ ਹੋਣ।
ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਨਵੇਂ ਪ੍ਰਾਜੈਕਟ ਨਾਲ ਸਥਾਨਕ ਲੋਕ ਸਿਡਨੀ ਦੇ ਬਿਹਤਰੀਨ ਜਨਤਕ ਥਾਵਾਂ ਜਿਵੇਂ ਕਿ ਪਿਕਨਿਕ ਆਦੀ ਦੀਆਂ ਥਾਵਾਂ, ਖੇਡਾਂ ਦੇ ਮੈਦਾਨ ਅਤੇ ਹਰੇ-ਭਰੇ ਡਾਗ ਪਾਰਕ ਨਾਲ ਜੁੜ ਜਾਣਗੇ। ਇਸ ਕਾਰਜ ਵਾਸਤੇ ਸਰਕਾਰ ਦੇ ਉਤਮ ਕਦਮਾਂ ਸਦਕਾ ਵੈਸਟਰਨ ਸਿਡਨੀ ਪਾਰਕਲੈਂਡਜ਼ ਨੈਟਵਰਕ ਦੇ ਤਹਿਤ 60,000 ਦਰਖ਼ਤਾਂ ਦੇ ਪੌਦੇ ਵੀ ਲਗਾਏ ਗਏ ਹਨ ਅਤੇ ਇਨ੍ਹਾਂ ਤੋ ਇਲਾਵਾ ਹਜ਼ਾਰਾਂ ਦੀ ਸੰਖਿਆ ਵਿੱਚ ਜੰਗਲੀ ਫੁੱਲ ਆਦਿ ਵੀ ਲਗਾਏ ਗਏ ਹਨ।
ਗ੍ਰੇਟਰ ਸਿਡਨੀ ਪਾਰਕਲੈਂਡਜ਼ ਦੇ ਸੀ.ਈ.ਓ. ਸੂਲੇਨ ਫਿਟਜ਼ਗੇਰਾਲਡ ਨੇ ਕਿਹਾ ਕਿ ਇਸ ਪ੍ਰਾਜੈਕਟ ਵਾਸਤੇ ਸਰਕਾਰ ਨੇ ਭਾਰੀ ਨਿਵੇਸ਼ ਕੀਤਾ ਹੈ ਅਤੇ ਇਸ ਵਾਸਤੇ ਉਹ ਸਰਕਾਰ ਦੇ ਸ਼ੁਕਰਗੁਜ਼ਾਰ ਹਨ। ਉਨ੍ਹਾਂ ਇਹ ਵੀ ਕਿਹਾ ਕਿ ਬਾਇਸੈਂਟਨੀਅਲ ਪਾਰਕ ਤੋਂ ਬਾਅਦ ਹੁਣ ਇਹ 200 ਏਕੜ ਵਿੱਚ ਬਣਿਆ ਬੰਗਾਰੀਬੀਅ ਪਾਰਕ ਸਭ ਤੋਂ ਵੱਡਾ ਪਾਰਕ ਅਤੇ ਮਨੋਰੰਜਨ ਆਦਿ ਲਈ ਖੁੱਲ੍ਹਾ-ਡੁੱਲ੍ਹਾ ਸਥਾਨ ਬਣ ਗਿਆ ਹੈ।
ਜ਼ਿਕਰਯੋਗ ਹੈ ਕਿ ਨਿਊ ਸਾਊਥ ਵੇਲਜ਼ ਸਰਕਾਰ ਬੰਗਾਰੀਬੀਅ ਪਾਰਕ ਉਪਰ 20 ਮਿਲੀਅਨ ਡਾਲਰਾਂ ਦਾ ਨਿਵੇਸ਼ ਕਰ ਚੁਕੀ ਹੈ।

Install Punjabi Akhbar App

Install
×