ਨਿਊ ਸਾਊਥ ਵੇਲਜ਼ ਵਿੱਚ ਬਿਜਲੀ ਦੇ ਬਿਲਾਂ ਦੀ ਦਰ ਨੂੰ ਘਟਾਉਣ ਦੇ ਯਤਨ

ਊਰਜਾ ਮੰਤਰੀ ਮੈਟ ਕੀਨ ਨੇ ਵਿਸ਼ੇਸ਼ ਜਾਣਕਾਰੀ ਵਿੱਚ ਦੱਸਿਆ ਹੈ ਕਿ ਰਾਜ ਸਰਕਾਰ ਕੁੱਝ ਅਜਿਹੇ ਕਦਮ ਚੁੱਕਣ ਜਾ ਰਹੀ ਹੈ ਜਿਸ ਨਾਲ ਰਾਜ ਦੇ ਲੋਕਾਂ ਨੂੰ ਬਿਜਲੀ ਦੇ ਬਿਲਾਂ (ਘਰੇਲੂ ਅਤੇ ੳਦਯੋਗਿਕ) ਵਿੱਚ ਭਾਰ ਕਟੌਤੀ ਮਿਲੇਗੀ ਅਤੇ ਇਸ ਨਾਲ ਲੋਕਾਂ ਦੇ ਕਈ ਬਿਲੀਅਨ ਡਾਲਰ ਬਚਣਗੇ। ਇਸ ਵਾਸਤੇ ਲੋਕਾਂ ਨੂੰ ਅਜਿਹੀਆਂ ਗੱਲਾਂ ਵੱਲ ਪ੍ਰੇਰਿਤ ਕੀਤਾ ਜਾਵੇਗਾ ਜਿਸ ਨਾਲ ਕਿ ਬਿਜਲੀ ਦਾ ਇਸਤੇਮਾਲ ਪੂਰਾ ਕਰਦਿਆਂ ਹੋਇਆਂ ਵੀ ਬਿਜਲੀ ਦੀ ਖਪਤ ਘਟਾਈ ਜਾ ਸਕਦੀ ਹੈ ਅਤੇ ਇਸ ਵਿੱਚ ਐਲ.ਈ.ਡੀ. ਬਲਬਾਂ ਦੇ ਇਸਤੇਮਾਲ ਅਤੇ ਹਰ ਪੱਖੋਂ ਕਾਰਗਰ ਏਅਰ ਕੰਡੀਸ਼ਨਾਂ ਦਾ ਇਸਤੇਮਾਲ ਆਦਿ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਊਰਜਾ ਨੂੰ ਬਚਾਉਣ ਵਾਲੀਆਂ ਸਕੀਮਾਂ 2009 ਤੋਂ ਹੀ ਰਾਜ ਅੰਦਰ ਲਾਗੂ ਹਨ ਅਤੇ ਹੁਣ ਆਉਣ ਵਾਲੇ ਸਮਿਆਂ ਵਿੱਚ ਇਸ ਨਾਲ 32,500 ਗੀਗਾਵਾਟ ਬਿਜਲੀ ਬਚਾਈ ਜਾਵੇਗੀ ਅਤੇ ਇਸ ਕਾਰਨ 6 ਬਿਲੀਅਨ ਡਾਲਰਾਂ ਦੀ ਸਿੱਧੀ ਗ੍ਰਾਹਕਾਂ ਨੂੰ ਬਚਤ ਹੋਵੇਗੀ।
ਉਨ੍ਹਾਂ ਹੋਰ ਦੱਸਦਿਆਂ ਕਿਹਾ ਕਿ ਸਰਕਾਰ ਨੇ ਮੌਜੂਦਾ ਬਿਜਲੀ ਬਚਾਉਣ ਦਾ ਟੀਚਾ ਜੋ ਕਿ 8.5% ਸੀ ਨੂੰ ਵਧਾ ਕੇ 2030 ਤੱਕ 13% ਕਰ ਲਿਆ ਹੈ ਅਤੇ ਇਸ ਨਾਲ ਬਿਜਲੀ ਦੀ ਖਪਤ ਵਿੱਚ ਬਚਤ ਹੋਵੇਗੀ ਅਤੇ ਰਾਜ ਸਰਕਾਰ ਦੀ ਅਰਥ ਵਿਵਸਥਾ ਵਿੱਚ 1 ਬਿਲੀਅਨ ਡਾਲਰ ਦਾ ਵਾਧੂ ਇਜ਼ਾਫ਼ਾ ਹੋਵੇਗਾ ਅਤੇ ਇਸ ਦੇ ਨਾਲ ਹੀ 2.4 ਬਿਲੀਅਨ ਦਾ ਇਜ਼ਾਫ਼ਾ ਬਿਲਾਂ ਦੀ ਰਕਮ ਵਿਚਲੀ ਕਟੌਤੀ ਕਾਰਨ ਉਪਭੋਗਤਾ ਦੀ ਬਚਤ ਵਿੱਚ ਹੋਵੇਗਾ।
ਉਨ੍ਹਾਂ ਇਹ ਵੀ ਕਿਹਾ ਕਿ ਰਾਜ ਭਰ ਵਿੱਚ ਇਸ ਨਾਲ 1,600 ਤੋਂ ਵੀ ਵੱਧ ਰੌਜ਼ਗਾਰ ਦੇ ਮੌਕੇ ਵੀ ਪ੍ਰਦਾਨ ਹੋਣਗੇ।
ਸਕੀਮ ਮੁਤਾਬਿਕ, ਹਰ ਇੱਕ ਉਪਭੋਗਤਾ, ਜਦੋਂ ਆਪਣੇ ਘਰ ਜਾਂ ਅਦਾਰੇ ਅੰਦਰ 20 ਹੈਲੋਜਨ ਲਾਈਟਾਂ ਨੂੰ ਬਦਲ ਕੇ ਐਲ.ਈ.ਡੀ. ਲਾਈਟਾਂ ਲਗਾਵੇਗਾ ਤਾਂ ਉਸਨੂੰ 210 ਡਾਲਰਾਂ ਦਾ ਸਾਲਾਨਾ ਫਾਇਦਾ ਹੋਵੇਗਾ।
ਇਸੇ ਤਰ੍ਹਾਂ ਨਾਲ ਉਦਯੋਗਿਕ ਅਦਾਰਿਆਂ ਵਿੱਚ ਲਾਈਟਿੰਗ, ਹੀਟਿੰਗ, ਵੈਂਟੀਲੇਸ਼ਨ, ਏਅਰ ਕੰਡੀਸ਼ਨ ਆਦਿ ਦੀ ਵਰਤੋਂ ਵਿੱਚ ਬਦਲਾਅ ਕਾਰਨ ਅਜਿਹੇ ਉਦਯੋਗਾਂ ਨੂੰ 290,000 ਡਾਲਰ ਪ੍ਰਤੀ ਸਾਲ ਦੀ ਬਚਤ ਹੋਵੇਗੀ।
ਜ਼ਿਆਦਾ ਜਾਣਕਾਰੀ ਵਾਸਤੇ ਸਰਕਾਰ ਦੀ ਵੈਬਸਾਈਟ https://energysaver.nsw.gov.au/business/discounts-and-incentives/about-energy-savings-scheme ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×