ਡੂਬੋ ਸ਼ਹਿਰ ਲਈ ਅਦਾਲਤ ਦੀ ਇਮਾਰਤ ਦੇ ਨਵੇਂ ਵਾਧੇ ਲਈ ਪ੍ਰਵਾਨਗੀ

ਨਿਊ ਸਾਊਥ ਵੇਲਜ਼ ਦੇ ਓਰਾਨਾ ਖੇਤਰ ਵਿੱਚ ਡੂਬੋ ਸ਼ਹਿਰ ਵਿਚਲੀ ਅਦਾਲਤ ਦੇ ਨਵੀਨੀਕਰਣ ਦੀ ਮੰਗ ਨੂੰ ਪ੍ਰਵਾਨ ਕਰਦਿਆਂ ਸਰਕਾਰ ਨੇ ਇਸ ਦੇ ਨਵੀਨੀਕਰਨ ਅਤੇ ਅਧੁਨਿਕੀਕਰਨ ਕਰਨ ਦਾ ਫੈਸਲਾ ਲਿਆ ਹੈ। ਇਸ ਇਮਾਰਤ ਅੰਦਰ ਨਵੇਂ ਕੋਰਟ ਰੂਮ ਬਣਾਏ ਜਾਣਗੇ ਤਾਂ ਜੋ ਨਿਆਂ ਪ੍ਰਣਾਲੀ ਦੇ ਫੈਸਲਿਆਂ ਵਿੱਚ ਤੇਜ਼ੀ ਲਿਆਈ ਜਾ ਸਕੇ ਅਤੇ ਜਨਤਕ ਤੌਰ ਉਪਰ ਇਸ ਦਾ ਸਿੱਧਾ ਫਾਇਦਾ ਜਨਤਾ ਨੂੰ ਹੀ ਹੋਵੇ। ਘਰੇਲੂ ਹਿੰਸਾ ਦੇ ਖ਼ਿਲਾਫ਼ ਮਾਮਲਿਆਂ ਦੇ ਮੰਤਰੀ ਅਤੇ ਅਟਾਰਨੀ ਜਨਰਲ ਮਾਰਕ ਸਪੀਕਮੈਨ ਨੇ ਦੱਸਿਆ ਹੈ ਕਿ ਸਰਕਾਰ ਨੇ ਇਸ ਬਾਬਤ 3.6 ਮਿਲੀਅਨ ਡਾਲਰਾਂ ਦਾ ਫੰਡ ਜਾਰੀ ਕੀਤਾ ਹੈ। ਨਵੇਂ ਬਣਾਏ ਜਾਣ ਵਾਲੇ ਕੋਰਟਰੂਮ ਅੰਦਰ ਜ਼ਿਆਦਾ ਬੰਦਿਆਂ ਦੇ ਬੈਠਣ ਦੀ ਸਮਰੱਥਾ ਦੇ ਨਾਲ ਨਾਲ ਕਾਨੂੰਨੀ ਕਾਰਵਾਈਆਂ ਵਾਸਤੇ ਆਡੀਉ-ਵਿਜ਼ੁਅਲ ਲਿੰਕ ਤਕਨਾਲੋਜੀ ਵੀ ਮੁਹੱਈਆ ਕਰਵਾਈ ਜਾਵੇਗੀ। ਨਵੀਂ ਇਮਾਰਤ ਦੀ ਉਸਾਰੀ ਪਹਿਲਾਂ ਤੋਂ ਹੀ ਵਿਰਾਸਤੀ ਇਮਾਰਤ ਦੇ ਨਾਲ ਹੀ ਕੀਤੀ ਜਾਵੇਗੀ ਅਤੇ ਇਸ ਵਿੱਚ ਰਜਿਸਟਰੀ, ਇੰਟਰਵਿਊ ਰੂਮ ਅਤੇ ਵੀਕਲਾਂ, ਉਨ੍ਹਾਂ ਦੇ ਸਹਾਇਕਾਂ ਅਤੇ ਮੁਅੱਕਿਲਾਂ ਵਾਸਤੇ ਚੈਂਬਰਾਂ ਦੀ ਵੀ ਸਹੂਲਤ ਹੋਵੇਗੀ। ਡੂਬੋ ਸ਼ਹਿਰ ਦੇ ਐਮ.ਪੀ. ਡਗਲਡ ਸਾਂਡਰਸ ਨੇ ਸਾਰਿਆਂ ਨੂੰ ਇਸ ਉਪਲੱਭਧੀ ਵਾਸਤੇ ਵਧਾਈ ਦਿੱਤੀ ਹੈ ਅਤੇ ਸਰਕਾਰ ਦਾ ਉਚੇਚੇ ਤੌਰ ਤੇ ਧੰਨਵਾਦ ਵੀ ਕੀਤਾ ਹੈ। ਇਸ ਉਸਾਰੀ ਦਾ ਕੰਮ ਸਥਾਨਕ ਨਾਰਥ ਕੰਸਟ੍ਰਕਸ਼ਨ ਐਂਡ ਬਿਲਡਿੰਗ ਪ੍ਰਾਇਵੇਟ (ਪ੍ਰੋਪਰਾਇਟਰੀ) ਲਿਮੀਟੇਡ ਕੰਪਨੀ ਨੂੰ ਦਿੱਤਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਉਸਾਰੀ ਨਾਲ ਸਥਾਨਕ ਲੋਕਾਂ ਨੂੰ ਨਿਆਂ ਅਤੇ ਹੋਰ ਅਦਾਲਤੀ ਕਾਰਵਾਈਆਂ ਲਈ ਹੁਣ ਜ਼ਿਆਦਾ ਦੂਰੀਆਂ ਤੈਅ ਨਹੀਂ ਕਰਨੀਆਂ ਪੈਣਗੀਆਂ ਅਤੇ ਸਥਾਨਕ ਜਗ੍ਹਾ ਉਪਰ ਹੀ ਸਾਰੀਆਂ ਕਾਰਵਾਈਆਂ ਹੋ ਸਕਣਗੀਆਂ। ਇਸ ਇਮਾਰਤ ਦੇ ਕੰਪਿਊਟਰ ਡਿਜ਼ਾਇਨ ਵੀ ਜਾਰੀ ਕੀਤੇ ਗਏ ਹਨ। ਸਾਰੇ ਕੰਮ 2021 ਦੇ ਵਿਚ-ਵਿਚਾਲੇ ਤੱਕ ਪੂਰੇ ਹੋ ਜਾਣਗੇ।

Install Punjabi Akhbar App

Install
×