ਸ੍ਰ: ਚਰਨਜੀਤ ਸਿੰਘ ਚੰਨੀ ਲਈ ਚਣੌਤੀਆਂ ਭਰਿਆ ਕਾਰਜ ਹੈ ਮੁੱਖ ਮੰਤਰੀ ਦਾ ਅਹੁਦਾ

ਢੇਰ ਸਾਰੀਆਂ ਚਣੌਤੀਆਂ ਲੈ ਕੇ ਮੁੱਖ ਮੰਤਰੀ ਬਣਿਆ ਹੈ ਸ੍ਰ: ਚਰਨਜੀਤ ਸਿੰਘ ਚੰਨੀ। ਕੀ ਉਹ ਸਫ਼ਲ ਮੁੱਖ ਮੰਤਰੀ ਬਣ ਸਕੇਗਾ? ਇਹ ਸੁਆਲ ਅੱਜ ਹਰ ਪੰਜਾਬੀ ਦੇ ਜਿਹਨ ‘ਚ ਪੈਦਾ ਹੋ ਚੁੱਕਾ ਹੈ ਅਤੇ ਹਰ ਗਲੀ ਕੂਚੇ ਵਿੱਚ ਇਸ ਸਬੰਧੀ ਚਰਚਾ ਹੋ ਰਹੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜਦ ਕਾਂਗਰਸ ਦੀ ਹਾਈਕਮਾਂਡ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਤੀ ਅਹਿਮ ਅਹੁਦੇ ਤੋਂ ਪਾਸੇ ਕਰਦਆਂ ਸੂਬੇ ਦੀ ਕਮਾਨ ਕਿਸੇ ਹੋਰ ਵਿਅਕਤੀ ਨੂੰ ਸੰਭਾਲਣ ਦਾ ਫੈਸਲਾ ਕੀਤਾ, ਉਸ ਸਮੇਂ ਸ੍ਰ: ਚੰਨੀ ਦਾ ਨਾਂ ਵਿਚਾਰ ਅਧੀਨ ਵੀ ਨਹੀਂ ਸੀ। ਕੈਪਟਨ ਅਮਰਿੰਦਰ ਸਿੰਘ ਦਾ ਮੁੱਖ ਵਿਰੋਧੀ ਸ੍ਰ: ਨਵਜੋਤ ਸਿੰਘ ਸਿੱਧੂ ਹੈ, ਜੋ ਕਰੀਬ ਡੇਢ ਸਾਲ ਤੋਂ ਕੈਪਟਨ ਅਮਰਿੰਦਰ ਸਿੰਘ ਤੋਂ ਕੁਰਸੀਖਾਲੀ ਕਰਾਉਬਣ ਲਈ ਯਤਨ ਕਰ ਰਿਹਾ ਸੀ। ਹਾਈਕਮਾਂਡ ਵੀ ਪੰਜਾਬ ਕਾਂਗਰਸ ‘ਚ ਉੱਠਣ ਵਾਲੇ ਕਿਸ;ੇ ਵੱਡੇ ਭੁਚਾਲ ਨੂੰ ਰੋਕਣ ਲਈ ਕਾਫੀ ਚਿੰਤਤ ਸ;ੀ। ਅਖ਼ੀਰ ਉਹਨਾਂ ਇਹੋ ਰਸਤਾ ਕੱਢਿਆ ਗਿਆ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਤੋਂ ਰਾਜ ਦੀ ਕਮਾਨ ਖੋਹਣੀ ਹੈ ਤਾਂ ਇਹ ਨਵਜੋਤ ਸਿੰਘ ਸਿੱਧੂ ਨੂੰ ਵੀ ਨਾ ਸੰਭਾਲੀ ਜਾਵੇ।
ਇਸ ਉਪਰੰਤ ਇਹ ਵੀ ਅਹਿਮ ਸੁਆਲ ਖੜਾ ਹੋ ਗਿਆ ਕਿ ਮੁੱਖ ਮੰਤਰੀ ਦੀ ਕੁਰਸੀ ਤੇ ਕਿਸਨੂੰ ਬਿਰਾਜਮਾਨ ਕੀਤਾ ਜਾਵੇ। ਕਾਂਗਰਸ ਹਾਈਕਮਾਂਡ ਨੇ ਪੰਜਾਬ ਨਾਲ ਸਬੰਧਤ ਕਾਂਗਰਸੀ ਆਗੂਆਂ, ਵਿਧਾਇਕਾਂ ਤੋਂ ਇਸ ਬਾਰੇ ਸੁਝਾਅ ਹਾਸਲ ਕੀਤੇ ਅਤੇ ਵੋਟਿੰਗ ਵੀ ਕਰਵਾਈ ਗਈ। ਸਭ ਤੋਂ ਉੱਪਰ ਪੰਜਾਬ ਦੇ ਸਾਬਕਾ ਕਾਂਗਰਸ ਪ੍ਰਧਾਨ ਅਤੇ ਸਾਰੇ ਧੜਿਆਂ ਦੇ ਸਾਂਝੇ ਆਗੂ ਸ੍ਰੀ ਸੁਨੀਲ ਜਾਖੜ ਦਾ ਸੀ। ਪਰ ਸਿਆਸਤ ਇੱਕ ਗੰਦੀ ਖੇਡ ਹੈ, ਜਿਸ ਵਿੱਚ ਹਰ ਵਿਅਕਤੀ ਕੁਰਸੀ ਹਾਸਲ ਕਰਨ ਲਈ ਦੂਜੇ ਨੂੰ ਠਿੱਬੀ ਲਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛਡਦਾ। ਦਕੈਪਟਨ ਅਮਰਿੰਦਰ ਸਿੰਘ ਦੀ ਪਿਛਲੇ ਸਾਢੇ ਚਾਰ ਸਾਲਾਂ ਦੀ ਮਾੜੀ ਕਾਰਗੁਜਾਰੀ ਵੇਖਦਿਆਂ ਮੁੜ ਵੋਟਾਂ ਲਈ ਲੋਕਾਂ ਵਿੱਚ ਜਾਣ ਤੋਂ ਚਿੰਤਾਤੁਰ ਕਾਂਗਰਸ ਦੇ ਟਕਸਾਲੀ ਤੇ ਦਬੰਗ ਆਗੂ ਸ੍ਰ: ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੀ ਪਾਰਟੀ ਦੇ ਮੁੱਖ ਮੰਤਰੀ ਦਾ ਡਟ ਕੇ ਵਿਰੋਧ ਕੀਤਾ ਸੀ। ਉਹਨਾਂ ਦੀ ਦਲੇਰੀ ਤੇ ਵਿਰੋਧੀ ਗਰੁੱਪ ਦੀ ਅਗਵਾਈ ਕਰਦਿਆਂ ਉਹਨਾਂ ਵੀ ਮੁੱਖ ਮੰਤਰੀ ਬਣਨ ਦੀ ਇੱਛਾ ਪਾਲ ਰੱਖੀ ਸੀ।
ਜਦ ਸ੍ਰੀ ਜਾਖੜ ਦਾ ਨਾਂ ਉੱਭਰ ਕੇ ਸਾਹਮਣੇ ਆ ਗਿਆ, ਤਾਂ ਸ੍ਰ: ਸੁਖਜਿੰਦਰ ਸਿੰਘ ਰੰਧਾਵਾ ਨੇ ਸਿੱਖ ਪੱਤਾ ਖੇਡਦਿਆਂ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਸਿੱਖ ਚਿਹਰਾ ਹੀ ਚਾਹੀਦਾ ਹੈ, ਜਦ ਉਸ ਤੋਂ ਸਿੱਖ ਚਿਹਰੇ ਬਾਰੇ ਪੁੱਛਿਆ ਤਾਂ ਉਹਨਾਂ ਸਪਸ਼ਟ ਕਿਹਾ ਕਿ ਕੀ ਮੈਂ ਸਿੱਖ ਨਹੀਂ ਲਗਦਾ। ਇਸ ਉਪਰੰਤ ਮੁੱਖ ਮੰਤਰੀ ਲਈ ਸ੍ਰੀ ਜਾਖੜ ਦਾ ਨਾਂ ਕੱਟ ਕੇ ਸ੍ਰ: ਰੰਧਾਵਾ ਦਾ ਨਾਂ ਵਿਚਾਰਿਆ ਗਿਆ, ਲੱਗਭੱਗ ਉਸਦੇ ਨਾਂ ਦਾ ਐਲਾਨ ਹੀ ਹੋ ਗਿਆ, ਉਹਨਾਂ ਦੇ ਘਰ ਖੁਸ਼ੀਆਂ ਮਨਾਈਆਂ ਜਾਣ ਲੱਗੀਆਂ ਅਤੇ ਪੰਜਾਬ ਸਰਕਾਰ ਦੇ ਰਿਕਾਰਡ ਵਿੱਚ ਉਸਦੀ ਫੋਟੋ ਵੀ ਲਗਾ ਦਿੱਤੀ ਗਈ। ਪਰ ਇਸੇ ਦੌਰਾਨ ਆਪਣੇ ਆਪ ਨੂੰ ਅਗਲਾ ਮੁੱਖ ਮੰਤਰੀ ਵੇਖਣ ਵਾਲੇ ਸ੍ਰ: ਨਵਜੋਤ ਸਿੰਘ ਸਿੱਧੂ ਨੇ ਕਥਿਤ ਤੌਰ ਤੇ ਮਹਿਸੂਸ ਕੀਤਾ ਕਿ ਜੇਕਰ ਸ੍ਰ: ਰੰਧਾਵਾ ਇਹ ਅਹੁਦਾ ਹਾਸਲ ਕਰਨ ਵਿੱਚ ਕਾਮਯਾਬ ਹੋ ਗਏ ਤਾਂ ਉਹਨਾਂ ਦੀ ਅੱਗੇ ਲਈ ਮੈਰਿਟ ਬਣ ਜਾਵੇਗੀ ਅਤੇ ਸ੍ਰ: ਰੰਧਾਵਾ ਆਪਣੀ ਮਨ ਮਰਜੀ ਨਾਲ ਪ੍ਰਸ਼ਾਸਨਿਕ ਕੰਮ ਚਲਾਉਣਗੇ, ਉਹਨਾਂ ਦੀ ਅਹਿਮੀਅਤ ਘਟ ਜਾਵੇਗੀ।
ਸੋ ਸ੍ਰ: ਸਿੱਧੂ ਨੇ ਉਹਨਾਂ ਨੂੰ ਪਾਸੇ ਕਰਨ ਲਈ ਦਲਿਤ ਪੱਤਾ ਖੇਡਿਆ। ਜਿਸਦਾ ਨਤੀਜਾ ਇਹ ਹੋਇਆ ਕਿ ਸ੍ਰ: ਚਰਨਜੀਤ ਸਿੰਘ ਚੰਨੀ, ਜੋ ਸਿੱਖ ਚਿਹਰਾ ਤੇ ਦਲਿਤ ਹੋਣ ਦੀਆਂ ਦੋਵੇਂ ਸ਼ਰਤਾਂ ਪੂਰੀਆਂ ਕਰਦਾ ਹੈ, ਦੇ ਹਵਾਲੇ ਪੰਜਾਬ ਦੀ ਕਮਾਨ ਕਰ ਦਿੱਤੀ ਤੇ ਉਸ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ। ਇਸ ਸਾਰੇ ਘਟਨਾਕ੍ਰਮ ਵਿੱਚ ਇਹ ਪਰਤੱਖ ਹੋ ਗਿਆ ਕਿ ਕੁਰਸੀ ਹਾਸਲ ਲਈ ਕਾਂਗਰਸ ਆਗੂਆਂ ਨੇ ‘ਨਾ ਖੇਡਾਂ ਨਾਲ ਖੇਡਣ ਦੇਵਾਂ ਮੈਂ ਤਾਂ ਘੁੱਤੀ ‘ਚ ਮੂਤੂਗਾ’ ਵਾਲੀ ਨੀਤੀ ਹੀ ਅਪਣਾਈ। ਪਰ ਇਸ ਸਬੰਧੀ ਸਭ ਤੋਂ ਮਾੜਾ ਪੱਖ ਇਹ ਮੰਨਿਆਂ ਜਾਂਦਾ ਹੈ ਕਿ ਇਸ ਧਰਮ ਨਿਰਪੱਖ ਦੇਸ਼ ਦੀ ਧਰਮ ਨਿਰਪੱਖ ਪਾਰਟੀ ਕਾਂਗਰਸ ਵੱਲੋਂ ਹਿੰਦੂ ਸਿੱਖ ਜਾਂ ਦਲਿਤ ਨੂੰ ਆਧਾਰ ਮੰਨਿਆਂ ਗਿਆ, ਉਹ ਵੀ ਗੁਰੂਆਂ ਦੀ ਧਰਤੀ ਪੰਜਾਬ ਨਾਲ ਅਹਿਮ ਅਹੁਦੇ ਲਈ। ਜਿੱਥੇ ਗੁਰੂਆਂ ਨੇ ਸਭ ਨੂੰ ਬਰਾਬਰਤਾ ਦਾ ਸੰਦੇਸ ਦਿੱਤਾ ਸੀ। ਇੱਥੇ ਹੀ ਬੱਸ ਨਹੀਂ ਸ੍ਰ: ਚੰਨੀ ਦੇ ਮੁੱਖ ਮੰਤਰੀ ਬਣਨ ਉਪਰੰਤ ਵੀ ਉਸਨੂੰ ਦਲਿਤ ਦਲਿਤ ਕਹਿ ਕੇ ਇੱਕ ਤਰ੍ਹਾਂ ਅਪਮਾਨਿਤ ਕੀਤਾ ਗਿਆ, ਉਹਨਾਂ ਦੀ ਵਿੱਦਿਆ, ਯੋਗਤਾ, ਸਿਆਸੀ ਤਰੱਕੀ, ਲੋਕਾਂ ਨਾਲ ਸਹਿਯੋਗ ਆਦਿ ਸਭ ਖਤਮ ਕਰਕੇ ਕੇਵਲ ਦਲਿਤ ਹੋਣ ਦਾ ਹੀ ਪ੍ਰਚਾਰ ਕੀਤਾ ਗਿਆ।
ਚੱਲੋ! ਜੋ ਹੋਇਆ ਜਿਵੇਂ ਹੋਇਆ ਸ੍ਰ: ਚੰਨੀ ਸੂਬੇ ਦੇ ਮੁੱਖ ਮੰਤਰੀ ਬਣ ਗਏ, ਪਰ ਬਣੇ ਬਹੁਤ ਸਾਰੀਆਂ ਚਣੌਤੀਆਂ ਲੈ ਕੇ। ਉਹਨਾਂ ਵੱਲੋਂ ਇਸ ਅਹਿਮ ਕੁਰਸੀ ਤੇ ਅਹੁਦੇ ਨਾਲ ਇਨਸਾਫ਼ ਕਰਨਾ ਤੇ ਉਸਦੀ ਮਰਯਾਦਾ ਨੂੰ ਕਾਇਮ ਰੱਖਣਾ ਸੁਲਾਂ ਦੀ ਸੇਜ ਵਰਗਾ ਹੈ। ਕੰਮ ਬਹੁਤ ਜਿਅਦਾ ਹਨ, ਸਮਾਂ ਬਹੁਤ ਘੱਟ ਹੈ, ਵਿਰੋਧ ਵੀ ਕਾਫ਼ੀ ਹੈ, ਆਪਣੇ ਹੀ ਅੜਿੱਕਾ ਬਣ ਰਹੇ ਹਨ, ਪਰੰਤੂ ਇਨਸਾਨ ਦਾ ਇਰਾਦਾ ਦ੍ਰਿੜ ਹੋਵੇ ਤੇ ਕੰਮ ਕਰਨ ਦੀ ਸਮਰੱਥਾ ਹੋਵੇ ਤਾਂ ਕੋਈ ਕੰਮ ਵੀ ਮੁਸਕਿਲ ਨਹੀਂ ਹੁੰਦਾ। ਸਭ ਤੋਂ ਸ੍ਰ: ਚੰਨੀ ਨੂੰ ਇਹ ਸਮਝ ਬਣਾ ਲੈਣੀ ਚਾਹੀਦੀ ਹੈ ਕਿ ਉਸਨੂੰ ਕਿਸੇ ਨੇ ਇਸ ਅਹੁਦੇ ਪਹੁੰਚਾਇਆ ਹੈ, ਕਿਸੇ ਨੇ ਰੋਕਣ ਦੀ ਕੋਸ਼ਿਸ਼ ਕੀਤੀ, ਕੋਈ ਸਲਾਘਾ ਕਰ ਰਿਹਾ ਹੈ, ਕੋਈ ਵਿਰੋਧ ਕਰ ਰਿਹਾ ਹੈ, ਪਰ ਉਹ ਮੁੱਖ ਮੰਤਰੀ ਸਭ ਦਾ ਹੈ ਪੰਜਾਬ ਦੇ ਲੋਕਾਂ ਦਾ ਹੈ। ਉਸਨੂੰ ਆਪਣਾ ਹਿਰਦਾ ਵਿਸ਼ਾਲ ਬਣਾ ਲੈਣਾ ਚਾਹੀਦਾ ਹੈ। ਸਭ ਗੁੱਸੇ ਗਿਲੇ ਛੱਡ ਕੇ ਕੁਰਸੀ ਦਾ ਮਾਣ ਸਨਮਾਨ ਬਹਾਲ ਕਰਨ ਤੇ ਰਾਜ ਦੇ ਲੋਕਾਂ ਨੂੰ ਇਨਸਾਫ਼ ਦੇਣ ਲਈ ਤਨੋ ਮਨੋ ਯਤਨ ਕਰਨੇ ਚਾਹੀਦੇ ਹਨ।
ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਉਹ ਹੇਠਾਂ ਤੋਂ ਚੱਲ ਕੇ ਇਸ ਅਹੁਦੇ ਤੇ ਪਹੁੰਚਿਆ ਹੈ, ਗਰੀਬ ਪਰਿਵਾਰ ਨਾਲ ਸਬੰਧਤ ਹੈ ਪਰ ਹੁਣ ਉਹਨਾਂ ਨੂੰ ਬਾਟੀ ਵਿੱਚ ਚਾਹ ਪੀਣ ਵਾਲੇ ਡਰਾਮੇ ਕਰਕੇ ਗਰੀਬ ਹੋਣ ਦਾ ਬਹੁਤਾ ਵਿਖਾਵਾ ਕਰਨ ਦੀ ਲੋੜ ਨਹੀਂ। ਪੰਜਾਬ ਦੇ ਲੋਕ ਅਣਪੜ੍ਹ ਨਹੀਂ, ਸਭ ਸਮਝਦੇ ਹਨ। ਲੋੜ ਹੈ ਉਹ ਗਰੀਬ ਲੋਕਾਂ ਵਿੱਚ ਵਿਚਰਨ, ਉਹਨਾਂ ਨੂੰ ਉੱਪਰ ਚੁੱਕਣ ਲਈ ਨੀਤੀਆਂ ਬਣਾਉਣ ਤੇ ਇਨਸਾਫ਼ ਦੇਣ। ਚਾਹ ਉਹ ਬਾਟੀ ‘ਚ ਪੀਣ ਜਾਂ ਗਲਾਸ ਵਿੱਚ, ਸਫ਼ਰ ਜਹਾਜ ਵਿੱਚ ਕਰਨ ਜਾਂ ਕਾਰ ਤੇ, ਲੋਕਾਂ ਨੂੰ ਇਸ ਗੱਲ ਨਾਲ ਕੋਈ ਵਾਸਤਾ ਨਹੀਂ।
ਦੂਜੀ ਗੱਲ ਰਾਜ ਦਾ ਪ੍ਰਬੰਧ ਚਲਾਉਣਾ ਮੁੱਖ ਮੰਤਰੀ ਦਾ ਕਾਰਜ ਹੈ ਅਤੇ ਇਸ ਲਈ ਉਹ ਹੀ ਜੁਮੇਵਾਰ ਹੈ। ਉਸਨੂੰ ਆਪਣੀ ਸਮਝ ਨਾਲ ਪ੍ਰਬੰਧ ਚਲਾਉਣਾ ਚਾਹੀਦਾ ਹੈ, ਸਲਾਹ ਲੈਣੀ ਮਾੜੀ ਗੱਲ ਨਹੀਂ ਆਪਣੀ ਪਾਰਟੀ ਦੇ ਆਗੂਆਂ ਵਿਧਾਇਕਾਂ ਨਾਲ ਸਲਾਹ ਮਸਵਰਾ ਜਰੂਰ ਕਰੇ ਤੇ ਸੁਝਾਅ ਲਵੇ, ਪਰ ਜੋ ਕਰਨਾ ਹੈ ਉਹ ਆਪਣੀ ਮਰਜੀ ਨਾਲ ਕਰੇ। ਇਹ ਨਾ ਹੋਵੇ ਕਿ ਕੋਈ ਆਗੂ ਉਸਦਾ ਅਗਲਾ ਸਿਆਸੀ ਰਾਹ ਰੋਕਣ ਲਈ ਕੋਈ ਅੜਿੱਕਾ ਬਣਨ ਵਾਲਾ ਕੰਮ ਕਰਵਾ ਦੇਵੇ। ਜਿਸਦੀ ਮੌਜੂਦਾ ਸਮੇਂ ਵਿੱਚ ਵੱਡੀ ਸੰਭਾਵਨਾ ਬਣੀ ਹੋਈ ਹੈ।
ਸ੍ਰ: ਚੰਨੀ ਦੀਆਂ ਚਣੌਤੀਆਂ ਵਿੱਚ ਸਭ ਤੋਂ ਅਹਿਮ ਕੰਮ ਬੇਅਦਬੀ ਮਾਮਲਿਆਂ ਵਾਲਾ ਹੈ, ਕੈਪਟਨ ਸਰਕਾਰ ਇਸ ਸਬੰਧੀ ਦੋਸ਼ੀਆਂ ਤੇ ਕਾਰਵਾਈ ਕਰਨ ਅਤੇ ਲੋਕਾਂ ਨੂੰ ਇਨਸਾਫ ਦੇਣ ਵਿੱਚ ਫੇਲ੍ਹ ਸਾਬਤ ਹੋਈ ਹੈ, ਹੁਣ ਇਸ ਸਬੰਧੀ ਮਾਮਲੇ ਅਦਾਲਤ ਵਿੱਚ ਹਨ, ਸਿੱਟ ਤੇ ਸਿੱਟ ਬਣਨ ਕਾਰਨ ਕੰਮ ਲਟਕਿਆ ਹੋਇਆ ਹੈ। ਇਸ ਸਬੰਧੀ ਉਹ ਤੇਜ਼ੀ ਲਿਆਉਣ, ਸਰਕਾਰ ਵੱਲੋਂ ਜਲਦੀ ਤੋਂ ਜਲਦੀ ਜਾਂਚ ਕੰਮ ਨਿਪਟਾ ਕੇ ਪਰਤੱਖ ਕਰਨ, ਬਾਕੀ ਅਦਾਲਤਾਂ ਕੀ ਕਰਦੀਆਂ ਹਨ ਇਹ ਅਗਲਾ ਸੁਆਲ ਹੈ। ਇਸੇ ਤਰ੍ਹਾਂ ਦੂਜਾ ਵੱਡਾ ਕੰਮ ਨਸ਼ਿਆਂ ਨੂੰ ਰੋਕਣ ਦਾ ਹੈ, ਅੱਜ ਪੰਜਾਬ ਦੀ ਨੌਜਵਾਨੀ ਤਬਾਹ ਹੋ ਰਹੀ ਹੈ, ਘਰਾਂ ਵਿੱਚ ਸੱਥਰ ਵਿਛ ਰਹੇ ਹਨ, ਨਸ਼ੇ ਨਿੱਤ ਦਿਨ ਵਧ ਰਹੇ ਹਨ। ਨਸ਼ਾ ਖਾਣ ਵਾਲਿਆਂ ਜਾਂ ਮਾੜੀ ਮੋਟੀ ਸਪਲਾਈ ਕਰਨ ਵਾਲਿਆਂ ਤੇ ਮੁਕੱਦਮੇ ਬਣਾਏ ਜਾ ਰਹੇ ਹਨ, ਪਰ ਵੱਡੇ ਸਮਗਲਰਾਂ ਨੂੰ ਹੱਥ ਨਹੀਂ ਪਾਇਆ ਜਾ ਰਿਹਾ। ਸੋ ਜੇਕਰ ਮੁੱਖ ਮੰਤਰੀ ਨਸ਼ੇ ਰੋਕਣ ਲਈ ਵੱਡੇ ਮਗਰਮੱਛਾਂ ਨੂੰ ਕਾਬੂ ਕਰਨ ਦਾ ਯਤਨ ਕਰਨ ਤਾਂ ਇਸ ਚਣੌਤੀ ਦਾ ਆਸਾਨੀ ਨਾਲ ਸਾਹਮਣਾ ਕੀਤਾ ਜਾ ਸਕਦਾ ਹੈ।
ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਦਾ ਮਾਮਲਾ ਕੋਈ ਬਹੁਤਾ ਪੇਚੀਦਾ ਨਹੀਂ ਜੇ ਉਹ ਚਾਹੁਣ ਤਾਂ ਹਫ਼ਤੇ ਦਾ ਹੀ ਕੰਮ ਹੈ। ਬਿਜਲੀ ਤੇ ਕੰਟਰੌਲ ਵੀ ਇੱਕ ਚਣੌਤੀ ਹੈ, ਇਸ ਸਬੰਧੀ ਜੇਕਰ ਬਾਦਲ ਸਰਕਾਰ ਵੱਲੋਂ ਸਮਝੌਤੇ ਰੱਦ ਕਰਕੇ ਰੇਟ ਘਟਾਏ ਜਾਣ ਤਾਂ ਉਹਨਾਂ ਦੀ ਚੰਗੀ ਪ੍ਰਾਪਤੀ ਹੋਵੇਗੀ। ਦੇਸ਼ ਦੀ ਰੀੜ੍ਹ ਦੀ ਹੱਡੀ ਕਿਸਾਨ ਲੰਬੇ ਸਮੇਂ ਤੋਂ ਸੰਘਰਸ ਕਰ ਰਹੇ ਹਨ। ਕੇਂਦਰ ਵੱਲੋਂ ਬਣਾਏ ਤਿੰਨ ਕਾਲੇ ਕਾਨੂੰਨ ਖੇਤੀਬਾੜੀ ਨੂੰ ਤਬਾਹ ਕਰਨ ਵਾਲੇ ਹਨ, ਮੁੱਖ ਮੰਤਰੀ ਇਸ ਸਬੰਧੀ ਸੁਹਿਰਦਤਾ ਵਿਖਾ ਕੇ ਵਿਧਾਨ ਸਭਾ ਵਿੱਚ ਇਹਨਾਂ ਨੂੰ ਰੱਦ ਕਰਨ ਦਾ ਮਤਾ ਪਾਸ ਕਰਨ ਅਤੇ ਕਿਸਾਨ ਅੰਦੋਲਨ ਦਾ ਸਹਿਯੋਗ ਦੇਣ।
ਮੁੱਖ ਮੰਤਰੀ ਦੇ ਕਰਨ ਵਾਲੇ ਕੰਮ ਤਾਂ ਹੋਰ ਵੀ ਬਹੁਤ ਹਨ, ਮਹਿੰਗਾਈ ਰੋਕਣੀ, ਨਿੱਤ ਵਰਤੋਂ ਦੀਆਂ ਵਸਤਾਂ ਦੀ ਸਪਲਾਈ, ਬੁਢੇਪਾ ਵਿਧਵਾ ਪੈਨਸਨਾਂ, ਵਿੱਦਿਅਕ ਤੇ ਸਿਹਤ ਸਹੂਲਤਾਂ ਦੇਣੀਆਂ ਆਦਿ। ਸਮਾਂ ਥੋੜਾ ਹੈ ਇਸ ਲਈ ਤੇਜ਼ੀ ਨਾਲ ਚਣੌਤੀਆਂ ਦਾ ਮੁਕਾਬਲਾ ਕਰਕੇ ਲੋਕਾਂ ਦੀਆਂ ਮੰਗਾਂ ਤੇ ਹੱਕਾਂ ਸਬੰਧੀ ਇਨਸਾਫ਼ ਦੇਣ ਲਈ ਯਤਨ ਅਰੰਭੇ ਜਾਣ। ਪੰਜਾਬ ਦੇ ਲੋਕਾਂ ਨੂੰ ਉਹਨਾਂ ਤੇ ਉਮੀਦਾਂ ਹਨ ਅਤੇ ਮੁੱਖ ਮੰਤਰੀ ਨੂੰ ਉਹਨਾਂ ਉਮੀਦਾਂ ਤੇ ਪੂਰਾ ਉਤਰਨਾ ਚਾਹੀਦਾ ਹੈ। ਜੇਕਰ ਮੁੱਖ ਮੰਤਰੀ ਲੋਕਾਂ ਦੇ ਦੁੱਖ ਸੁਣਦਾ ਹੈ, ਇਨਸਾਫ਼ ਦਿੰਦਾ ਹੈ, ਹਰ ਵਰਗ ਦਾ ਖਿਆਲ ਰਖਦਾ ਹੈ, ਰਾਜ ਦੇ ਵਿਕਾਸ ਲਈ ਯਤਨਸ਼ੀਲ ਰਹਿੰਦਾ ਹੈ, ਫੇਰ ਹੀ ਉਸਨੂੰ ਸਫ਼ਲ ਮੰਨਿਆਂ ਜਾਂਦਾ ਹੈ।

Install Punjabi Akhbar App

Install
×