ਸਿਡਨੀ ਦੇ ਮਸ਼ਹੂਰ ਹਾਰਬਰ ਵਿਖੇ, ਲੋਕਾਂ ਨੂੰ ਤੈਰਾਕੀ ਦਾ ਆਨੰਦ ਦਿਵਾਉਣ ਖਾਤਰ, ਪ੍ਰਸ਼ਾਸਨ ਵੱਲੋਂ ਬਰੰਗਾਰੂ ਰਿਜ਼ਰਵ ਵਿਖੇ ਮਾਰੀਨਾਵੀ ਕੋਵ ਨੂੰ ਇੱਕ ਪਿਕਨਿਕ ਸਪਾਟ ਦੇ ਤੌਰ ਤੇ ਸਥਾਪਿਤ ਕਰ ਦਿੱਤਾ ਗਿਆ ਹੈ ਜਿੱਥੇ ਕਿ ਲੋਕ ਕੁਦਰਤੀ ਨਜ਼ਾਰਿਆਂ ਦੇ ਨਾਲ ਨਾਲ ਤੈਰਾਕੀ ਆਦਿ ਦਾ ਆਨੰਦ ਲੈ ਸਕਦੇ ਹਨ।
ਮੁੱਢਲੇ ਢਾਂਚਿਆਂ ਅਤੇ ਹੋਰ ਸਬੰਧਤ ਵਿਭਾਗਾਂ ਦੇ ਮੰਤਰੀ ਰੋਬ ਸਟਾਕਸ ਅਤੇ ਸਿਡਨੀ ਤੋਂ ਮੈਂਬਰ ਪਾਰਲੀਮੈਂਟ ਐਲਕਸ ਗ੍ਰੀਨਵਿਚ ਨੇ ਇਸ ਥਾਂ ਤੇ ਪਾਣੀਆਂ ਅੰਦਰ ਡੁਬਕੀ ਲਗਾ ਕੇ ਇਸ ਦਾ ਉਦਘਾਟਨ ਕੀਤਾ ਅਤੇ ਤੈਰਾਕੀ ਦਾ ਆਨੰਦ ਵੀ ਮਾਣਿਆ।
ਜ਼ਿਕਰਯੋਗ ਹੈ ਕਿ ਉਕਤ ਖੇਤਰ, ਮੂਲਨਿਵਾਸੀਆਂ ਦਾ ਇਤਿਹਾਸਕ ਖੇਤਰ ਹੈ ਅਤੇ ਇਸ ਤੋਂ ਪਹਿਲਾਂ ਇੱਥੇ ਇੱਕ ਸ਼ਿਪਯਾਰਡ ਵੀ ਹੋਇਆ ਕਰਦਾ ਸੀ। ਸੈਲਾਨੀਆਂ ਦੀ ਖਿੱਚ ਖਾਤਰ, ਇੱਥੇ ਹੁਣ ਕਈ ਤਰ੍ਹਾਂ ਦੇ ਦਫ਼ਤਰ, ਰੈਸਟੌਰੈਂਟ, ਹੋਟਲ, ਕਸੀਨੋ ਅਤੇ ਹੋਰ ਅਪਾਰਟਮੈਂਟ ਆਦਿ ਬਣਾਏ ਗਏ ਹਨ ਅਤੇ ਨਾਲ ਹੀ ਇੱਕ ਸੁੰਦਰ ਪਾਰਕ ਵੀ ਬਣਾਇਆ ਗਿਆ ਹੈ।
ਇੱਥੇ ਕਈ ਤਰ੍ਹਾਂ ਦੇ ਸੁਰੱਖਿਆ ਸਬੰਧੀ ਇੰਤਜ਼ਾਮ ਵੀ ਕੀਤੇ ਗਏ ਹਨ, ਥਾਂ ਥਾਂ ਤੇ ਨਿਸ਼ਾਨਦੇਹੀ ਕੀਤੀ ਗਈ ਹੈ ਅਤੇ ਨਾਲ ਹੀ ਇੱਕ ਸ਼ਾਵਰ ਵੀ ਲਗਾਇਆ ਗਿਆ ਹੈ।
ਸ੍ਰੀ ਰੋਬ ਸਟਾਕਸ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਸਰਕਾਰ, ਰਾਜ ਦੇ ਬੀਚਾਂ ਦੀ ਸਾਫ਼ ਸਫ਼ਾਈ ਪ੍ਰਤੀ ਬਹੁਤ ਹੀ ਲਾਹੇਵੰਦ ਕਦਮ ਚੁੱਕ ਰਹੀ ਹੈ ਅਤੇ ਇਹ ਸਪਾਟ ਵੀ ਅਜਿਹੇ ਹੀ ਕਦਮਾਂ ਦੀ ਬਦੌਲਤ ਹੌਂਦ ਵਿੱਚ ਆਇਆ ਹੈ ਜਿਸ ਨਾਲ ਕਿ ਇਹ ਖੇਤਰ, ਸਥਾਨਕ ਅਤੇ ਬਾਹਰ ਤੋਂ ਆਉਣ ਵਾਲੇ ਸੈਲਾਨੀਆਂ ਵਾਸਤੇ ਇਹ ਇੱਕ ਨਵੀਂ ਤਰ੍ਹਾਂ ਦੀ ਖਿੱਚ ਦਾ ਕੇਂਦਰ ਬਣ ਰਿਹਾ ਹੈ।