ਕਾਰਾਂ ਵਿਚਲੀਆਂ ਦੁਰਘਟਨਾਵਾਂ ਤੋਂ ਬੱਚਿਆਂ ਨੂੰ ਸੁਰੱਖਿਅਤ ਰੱਖਣ ਵਾਸਤੇ ਨਵੀਆਂ ਗਾਈਡ ਲਾਈਨਾਂ

ਨਿਊ ਸਾਊਥ ਵੇਲਜ਼ ਸਰਕਾਰ ਦੇ ਸੜਕ ਪਰਿਵਹਨ ਮੰਤਰੀ ਐਂਡ੍ਰਿਊ ਕੰਸਟੈਂਸ ਨੇ ਇੱਕ ਅਜਿਹ ਐਲਾਨਨਾਮੇ ਰਾਹੀਂ ਦੱਸਿਆ ਕਿ ਸਰਕਾਰ ਨੇ ਸੜਕਾਂ ਉਪਰ ਚਾਰ ਪਹੀਆ ਅਤੇ ਹੋਰ ਵਾਹਨਾਂ ਦੀਆਂ ਦੁਰਘਟਨਾਵਾਂ ਮੌਕੇ ਉਨ੍ਹਾਂ ਵਿੱਚ ਸਵਾਰ ਬੱਚਿਆਂ ਦੀ ਸੁਰੱਖਿਆ ਵਾਸਤੇ ਨਵੀਆਂ ਗਾਈਡ ਲਾਈਨਾਂ ਜਾਰੀ ਕੀਤੀਆਂ ਹਨ। ਇਸ ਵਿੱਚ ਬੱਚਿਆਂ ਦੀਆਂ ਸੀਟਾਂ ਸਬੰਧੀ ਨਵੇਂ ਸੁਧਾਰਾਂ ਬਾਰੇ ਚਰਚਾ ਕੀਤੀ ਗਈ ਹੈ।
ਇਸ ਵਾਸਤੇ ਨਿਊਰੋਸਾਈਂਸ ਰਿਸਰਚ ਆਸਟ੍ਰੇਲੀਆ ਨੇ ਕਿਡਸੇਵ ਆਸਟ੍ਰੇਲੀਆ ਨਾਲ ਮਿਲ ਕੇ ਅਤੇ ਟ੍ਰਾਂਸਪੋਰਟ ਵਿਭਾਗ ਦੀਆਂ ਸਲਾਹਾਂ ਲੈ ਕੇ ਅਜਿਹੇ ਨਿਯਮ ਤਿਆਰ ਕੀਤੇ ਹਨ ਜਿਸ ਨਾਲ ਕਿ 16 ਸਾਲਾਂ ਤੱਕ ਦੇ ਬੱਚਿਆਂ ਨੂੰ ਹੋਣ ਵਾਲੀਆਂ ਦੁਰਘਟਨਾਵਾਂ ਦੇ ਨੁਕਸਾਨ ਤੋਂ ਸੁਰੱਖਿਅਤ ਰੱਖਿਆ ਜਾ ਸਕਦਾ ਹੈ।
ਮੰਤਰੀ ਜੀ ਨੇ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਇਹ ਜ਼ਰੂਰੀ ਹੈ ਕਿ ਬੱਚਿਆਂ ਵਾਸਤੇ ਕਾਰ ਦੀ ਸੀਟ ਨੂੰ ਕਿਵੇਂ ਸੁਰੱਖਿਅਤ ਬਣਾਇਆ ਜਾਵੇ ਜਿਸ ਵਿੱਚ ਕਿ ਘੱਟ ਭਾਰ ਵਾਲੇ ਬੱਚੇ ਵੀ ਚੰਗੀ ਤਰ੍ਹਾਂ ਨਾਲ ਸੁਰੱਖਿਅਤ ਰਹਿ ਸਕਣ ਅਤੇ ਸੱਟ ਪੇਟ ਤੋਂ ਉਨ੍ਹਾਂ ਦਾ ਪੂਰਾ ਬਚਾਅ ਹੋ ਜਾਵੇ।
ਗਾਈਡਲਾਈਨਾਂ ਵਿੱਚ ਅਜਿਹੇ 5 ਪੜਾਵਾਂ ਦੀ ਗੱਲ ਕੀਤੀ ਗਈ ਹੈ ਅਤੇ ਸਭ ਤੋਂ ਅਹਿਮ ਇਹ ਜਾਨਣਾ ਹੈ ਕਿ ਆਖਿਰ ਕਦੋਂ ਅਤੇ ਕਿਵੇਂ ਬੱਚੇ ਦੀ ਬੂਸਟਰ ਸੀਟ ਤੋ ਉਸਨੂੰ ਬਾਲਿਗ ਸੀਟ ਬੈਲਟ ਦੇ ਤਹਿਤ ਲੈ ਕੇ ਆਉਣਾ ਹੈ।
ਆਂਕੜਿਆਂ ਮੁਤਾਬਿਕ, 2011 ਤੋਂ ਲੈ ਕੇ 2020 ਤੱਕ ਅਜਿਹੀਆਂ ਦੁਰਘਟਨਾਵਾਂ ਵਿੱਚ 16 ਸਾਲਾਂ ਤੋਂ ਘੱਟ ਉਮਰ ਦੇ 13 ਬੱਚੇ ਮੌਤ ਦਾ ਸ਼ਿਕਾਰ ਹੋਏ, 148 ਜ਼ਖ਼ਮੀ ਹੋਏ ਕਿਉਂਕਿ ਉਨ੍ਹਾਂ ਦੇ ਮਾਪਿਆਂ ਜਾਂ ਨਾਲਦਿਆਂ ਵੱਲੋਂ ਅਜਿਹੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਗਈ ਸੀ ਅਤੇ ਜਾਂ ਫੇਰ ਅਣਗਹਿਲੀ ਵਰਤੀ ਗਈ ਸੀ। 222 ਬੱਚੇ ਤਾਂ ਅਜਿਹੇ ਜ਼ਖ਼ਮੀ ਹੋਏ ਅਤੇ ਇਨ੍ਹਾਂ ਤੋਂ ਇਲਾਵਾ 2 ਦੀ ਮੌਤ ਵੀ ਹੋਈ ਅਤੇ ਕਾਰਨ ਇਹ ਸੀ ਕਿ ਕਾਰ ਅੰਦਰ ਸੀਟ ਬੈਲਟ ਹੀ ਨਹੀਂ ਸੀ।
ਉਨ੍ਹਾਂ ਆਪਣੇ ਪਰਿਵਾਰ ਦਾ ਹਵਾਲ ਦਿੰਦਿਆਂ ਵੀ ਕਿਹਾ ਕਿ ਉਹ ਖੁਦ ਇਸ ਗੱਲ ਦੇ ਗਵਾਹ ਹਨ ਜਦੋਂ ਕਿ ਉਹ ਆਪਣੇ ਪਰਿਵਾਰ ਨਾਲ 2011 ਵਿੱਚ ਕਾਰ ਵਿੱਚ ਜਾ ਰਹੇ ਸਨ ਤਾਂ ਬੇਟਮੈਨਜ਼ ਦੇ ਨਜ਼ਦੀਕ ਹਾਦਸਾ ਵਾਪਰ ਗਿਆ ਅਤੇ ਕਾਰ ਦੁਰਘਟਨਾ ਗ੍ਰਸਤ ਹੋ ਗਈ। ਉਨ੍ਹਾਂ ਕਿਹਾ ਕਿ ਉਸ ਸਮੇਂ ਉਨ੍ਹਾਂ ਸਭ ਨੂੰ ਚੋਟ ਆਈ ਸੀ, ਪਰੰਤੂ ਉਨ੍ਹਾਂ ਦੀ ਬੱਚੀ ਜੋ ਕਿ ਉਸ ਸਮੇਂ ਮਹਿਜ਼ ਚਾਰ ਸਾਲਾਂ ਦੀ ਸੀ ਅਤੇ ਉਸਨੂੰ ਇੱਕ ਮਾੜੀ ਜਿੰਨੀ ਵੀ ਖਰੋਂਚ ਤੱਕ ਵੀ ਨਹੀਂ ਸੀ ਆਈ ਕਿਉਂਕਿ ਉਸਨੂੰ ਪੂਰੀ ਤਰ੍ਹਾਂ ਨਾਲ ਸੀਟ ਬੈਲਟ ਲਗਾ ਕੇ ਬਠਾਇਆ ਹੋਇਆ ਸੀ ਅਤੇ ਸੀਟ ਵੀ ਉਸਦੇ ਭਾਰ ਅਤੇ ਉਮਰ ਮੁਤਾਬਿਕ ਵੀ ਚੁਣੀ ਗਈ ਸੀ।
ਉਨ੍ਹਾਂ ਕਿਹਾ ਕਿ ਸਭ ਤੋਂ ਜ਼ਰੂਰੀ ਹੈ ਕਿ ਤੁਸੀਂ ਸੀਟ ਬੈਲਟ ਦਾ ਇਸਤੇਮਾਲ ਕਰੋ ਅਤੇ ਬੱਚਿਆਂ ਲਈ ਬੂਸਟਰ ਬੈਲਟ ਲਗਾਉਣ ਸਮੇਂ ਉਨ੍ਹਾਂ ਦੀ ਉਮਰ ਅਤੇ ਭਾਰ ਦਾ ਖਾਸ ਧਿਆਨ ਰੱਖੋ। ਉਨ੍ਹਾਂ ਇਹ ਵੀ ਕਿਹਾ ਕਿ ਇਸ ਬਾਬਤ 300 ਅਧਿਕਾਰਿਕ ਸੈਂਟਰ ਅਜਿਹੇ ਮੌਜੂਦ ਹਨ ਜਿੱਥੇ ਕਿ ਅਜਿਹੀਆਂ ਸੁਵਿਧਾਵਾਂ ਉਪਲੱਭਧ ਹਨ ਅਤੇ ਹਰ ਕੋਈ ਇਸ ਦਾ ਸਿੱਧਾ ਫਾਇਦਾ ਉਠਾ ਸਕਦਾ ਹੈ ਅਤੇ ਸਭ ਨੂੰ ਅਜਿਹੇ ਸੈਂਟਰਾਂ ਦੀ ਸਲਾਹ ਮੰਨਣੀ ਚਾਹੀਦੀ ਹੈ।
ਜ਼ਿਆਦਾ ਜਾਣਕਾਰੀ ਵਾਸਤੇ neura.edu.au/crs-guidelines ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×