ਬ੍ਰਿਸਬੇਨ ਅੰਦਰ ਕਰੋਨਾ ਦਾ ਕਮਿਊਨਿਟੀ ਟ੍ਰਾਂਸਮਿਸ਼ਨ ਦਾ ਇੱਕ ਮਾਮਲਾ ਦਰਜ -ਹਸਪਤਾਲ ਅਤੇ ਓਲਡ ਏਜ ਹੋਮ ਮੁੜ ਤੋਂ ਬੰਦ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਪ੍ਰੀਮੀਅਰ ਐਨਸਟੇਸੀਆ ਪਾਲਾਸ਼ਾਈ ਨੇ ਅਹਿਮ ਜਾਣਕਾਰੀ ਨਸ਼ਰ ਕਰਦਿਆਂ ਕਿਹਾ ਕਿ ਬ੍ਰਿਸਬੇਨ ਸ਼ਹਿਰ ਅੰਦਰ ਕੋਵਿਡ-19 ਦਾ ਨਵਾਂ ਮਾਮਲਾ ਦਰਜ ਹੋਣ ਕਾਰਨ ਅਤੇ ਕਮਿਊਨਿਟੀ ਟ੍ਰਾਂਸਮਿਸ਼ਨ ਨਾਲ ਇਹ ਮਾਮਲਾ ਜੁੜਿਆ ਹੋਣ ਕਾਰਨ, ਅਹਿਤਿਆਦਨ, ਹਸਪਤਾਲਾਂ ਅਤੇ ਓਲਡ ਏਜਡ ਹੋਮਾਂ ਨੂੰ ਮੁੜ ਤੋਂ ਬੰਦ ਕਰਨਾ ਹੀ ਇੱਕੋ ਇੱਕ ਚਾਰਾ ਰਹਿ ਗਿਆ ਸੀ ਅਤੇ ਤੁਰੰਤ ਇਸ ਨੂੰ ਲਾਗੂ ਕਰ ਦਿੱਤਾ ਗਿਆ ਹੈ।
ਜਾਣਕਾਰੀ ਦਿੰਦਿਆਂ ਪ੍ਰੀਮੀਆਰ ਨੇ ਕਿਹਾ ਕਿ ਉਕਤ 26 ਸਾਲਾਂ ਦਾ ਮਰੀਜ਼ -ਜੋ ਕਿ ਸਟੈਡਫੋਰਡ ਵਿੱਚ ਰਹਿੰਦਾ ਹੈ, ਬੀਤੇ ਕੱਲ੍ਹ ਕਰੋਨਾ ਪਾਜ਼ਿਟਿਵ ਪਾਇਆ ਗਿਆ ਅਤੇ ਜ਼ਿਕਰਯੋਗ ਇਹ ਵੀ ਹੈ ਕਿ ਬੀਤੇ ਸ਼ੁਕਰਵਾਰ ਤੋਂ ਉਹ ਇਸ ਤੋਂ ਪੀੜਿਤ ਸੀ ਅਤੇ ਲੋਕਾਂ ਵਿੱਚਕਾਰ ਆਮ ਹੀ ਵਿਚਰ ਰਿਹਾ ਸੀ।
ਇਸੇ ਕਾਰਨ ਅੱਜ ਦੁਪਹਿਰ 12 ਵਜੇ ਤੋਂ ਬ੍ਰਿਸਬੇਨ ਦੇ ਹਸਪਤਾਲਾਂ, ਓਲਡ ਏਜਡ ਹੋਮਾਂ, ਜੇਲ੍ਹਾਂ ਅਤੇ ਅਪੰਗਤਾਂ ਦੀਆਂ ਸੇਵਾਵਾਂ ਵਾਲੇ ਕੇਂਦਰ ਆਦਿ ਸਭ ਵਿੱਚ ਲਾਕਡਾਊਨ ਲਗਾ ਦਿੱਤਾ ਗਿਆ ਹੈ।
ਮੁੱਖ ਸਿਹਤ ਅਧਿਕਾਰੀ ਜੀਨੇਟ ਯੰਗ ਨੇ ਇਸ ਬਾਬਤ ਦਸਦਿਆਂ ਕਿਹਾ ਕਿ ਉਕਤ ਵਿਅਕਤੀ ਨੇ ਕਈ ਥਾਵਾਂ ਉਪਰ ਸ਼ਿਰਕਤ ਕੀਤੀ ਜਿਵੇਂ ਕਿ ਕੈਰਿਨਡੇਲ ਸ਼ਾਪਿੰਗ ਸੈਂਟਰ, ਐਵਰਟਨ ਪਾਰਕ ਵਿਚਲੇ ਬਸਕਿਨ ਰੋਬਿਨਜ਼ ਵਿਚਲੀ ਇੱਕ ਦੁਕਾਨ ਆਦਿ ਉਪਰ 20 ਮਾਰਚ ਨੂੰ; ਅਤੇ ਫੇਰ ਅਗਲੇ ਦਿਨ ਨਿਊਸਟੈਡ ਦੇ ਸੁਪਰਮਾਰਕਿਟ ਅਤੇ ਇਤਾਲਵੀ ਰੈਸਟੋਰੈਂਟ ਵਿੱਚ; 22 ਮਾਰਚ ਨੂੰ ਉਹ ਪੈਡਿੰਗਟਨ ਗਿਆ ਅਤੇ ਗਜ਼ਮਨ ਵਾਈ ਗਜ਼ਮਨ ਡ੍ਰਾਇਵ ਥਰੂ ਵਿੱਚ ਵੀ ਗਿਆ।
ਉਪਰੋਕਤ ਥਾਵਾਂ ਦਾ ਹਵਾਲਾ ਦਿੰਦਿਆਂ ਜਨਤਕ ਐਲਾਨ ਕੀਤੇ ਗਏ ਹਨ ਕਿ ਅਜਿਹੀਆਂ ਥਾਵਾਂ ਉਪਰ ਜੇਕਰ ਕਿਸੇ ਨੇ ਇਨ੍ਹਾਂ ਸਮਿਆਂ ਦੌਰਾਨ ਆਵਾਗਮਨ ਕੀਤਾ ਹੋਵੇ ਤਾਂ ਆਪਣੀ ਸਿਹਤ ਦਾ ਧਿਆਨ ਰੱਖਣ ਅਤੇ ਕਿਸੇ ਕਿਸਮ ਦੇ ਬਦਲਾਅ ਜਾਂ ਕਰੋਨਾ ਦੇ ਲੱਛਣਾਂ ਵਿੱਚ ਤੁਰੰਤ ਆਪਣੇ ਆਪ ਨੂੰ ਆਈਸੋਲੇਟ ਕਰਨ ਅਤੇ ਆਪਣਾ ਕਰੋਨਾ ਟੈਸਟ ਫੌਰਨ ਕਰਵਾਉਣ ਅਤੇ ਰਿਪੋਰਟ ਨੈਗੇਟਿਵ ਆਉਣ ਤੱਕ ਆਈਸੋਲੇਸ਼ਨ ਵਿੱਚ ਹੀ ਰਹਿਣ।

Install Punjabi Akhbar App

Install
×