ਅੱਗ ਬੁਝਾਊ ਵਿਭਾਗਾਂ ਵਿੱਚ ਅੱਗ ਬੁਝਾਊ ਟਰਕਾਂ ਨੂੰ ਬਦਲਣ ਦਾ ਕੰਮ ਸ਼ੁਰੂ

ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਦਿੱਤੀ ਜਾਣਕਾਰੀ ਰਾਹੀਂ ਦੱਸਿਆ ਕਿ ਰਾਜ ਭਰ ਅੰਦਰ ਅੱਗ ਬੁਝਾਊ ਵਿਭਾਗਾਂ ਦਾ ਆਧੁਨਿਕੀਕਰਣ ਕਰਨ ਵਾਸਤੇ 200 ਤੋਂ ਵੀ ਜ਼ਿਆਦਾ ਅੱਗ ਬੁਝਾਊ ਟੈਂਕਰ ਟਰੱਕ ਅਤੇ ਹੋਰ ਵ੍ਹੀਕਲਾਂ ਦੀ ਬਦਲੀ ਕੀਤੀ ਜਾ ਰਹੀ ਹੈ ਅਤੇ ਇਹ ਕੰਮ ਜੁਲਾਈ 2021 ਤੱਕ ਸੰਪੂਰਨ ਕਰ ਲਿਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਇਸ ਤਬਦੀਲੀ ਨਾਲ ਅੱਗ ਬੁਝਾਊ ਕਰਮਚਾਰੀਆਂ ਦੇ ਹੌਸਲੇ ਹੋਰ ਵੀ ਬੁਲੰਦ ਹੋਣਗੇ ਕਿਉਂਕਿ ਉਹ ਅੱਗ ਬੁਝਾਉਣ ਦੀਆਂ ਨਵੀਆਂ ਤਕਨੀਕਾਂ ਆਦਿ ਨਾਲ ਲੈਸ ਹੋ ਜਾਣਗੇ। ਉਨ੍ਹਾ ਦੱਸਿਆ ਕਿ 340 ਤੋਂ ਵੀ ਜ਼ਿਆਦਾ ਅਜਿਹੇ ਵ੍ਹੀਕਲ ਤਿਆਰ ਕੀਤੇ ਜਾ ਰਹੇ ਹਨ ਅਤੇ ਛੇਤੀ ਹੀ ਰਾਜ ਦੇ ਅੱਗ ਬੁਝਾਊ ਵਿਭਾਗਾਂ ਨੂੰ ਸੌਂਪ ਦਿੱਤੇ ਜਾਣਗੇ। ਰਾਜ ਦੇ ਪੁਲਿਸ ਅਤੇ ਆਪਾਤਕਾਲੀਨ ਸੇਵਾਵਾਂ ਦੇ ਮੰਤਰੀ ਡੇਵਿਡ ਏਲੀਅਟ ਨੇ ਕਿਹਾ ਕਿ ਬੀਤੇ ਸਾਲਾਂ 2019/20 ਦੌਰਾਨ ਬੁਸ਼ਫਾਇਰ ਆਦਿ ਕਾਰਨ ਅੱਗ ਬੁਝਾਊ ਵਿਭਾਗਾਂ ਦੇ ਵਾਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਅਤੇ ਕਈ ਤਾਂ ਬਿਲਕੁਲ ਨਸ਼ਟ ਹੀ ਹੋ ਚੁਕੇ ਸਨ ਅਤੇ ਇਸ ਵਾਸਤੇ ਰਾਜ ਸਰਕਾਰ ਦਾ ਇਹ ਫੈਸਲਾ ਇਸ ਖੇਤਰ ਵਿੱਚ ਉਤਮ ਮੰਨਿਆ ਜਾ ਸਕਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਬੀਤੇ ਸਾਲ ਸਰਕਾਰ ਨੇ 45 ਮਿਲੀਅਨ ਡਾਲਰ ਦਾ ਫੰਡ ਸਥਾਨਕ ਅੱਗ ਬੁਝਾਊ ਮਹਿਕਮਿਆਂ ਲਈ ਜਾਰੀ ਕੀਤਾ ਸੀ ਜਿਸ ਵਿੱਚ ਕਿ 34.4 ਮਿਲੀਅਨ (ਬੀਤੇ ਸਾਲਾਂ ਨਾਲੋਂ ਤਕਰੀਬਨ ਦੁੱਗਣਾ) ਵੀ ਸ਼ਾਮਿਲ ਸੀ ਜੋ ਕਿ ਅੱਗ ਬੁਝਾਊ ਵਿਭਾਗਾਂ ਦੇ ਬੁਨਿਆਦੀ ਢਾਚਿਆਂ ਆਦਿ ਉਪਰ ਹੀ ਖਰਚ ਕੀਤਾ ਜਾਣਾ ਹੈ, ਵੀ ਸ਼ਾਮਿਲ ਹੈ। ਇਸੇ ਬਜਟ ਅਧੀਨ ਰਾਜ ਦੇ ਬਹੁਤ ਸਾਰੀ ਜੋਖਮ ਭਰੇ ਖੇਤਰਾਂ ਅੰਦਰ 23 ਨਵੇਂ ਅੱਗ ਬੁਝਾਊ ਟੈਂਕਰ ਟਰੱਕ ਆਦਿ ਲਏ ਵੀ ਜਾ ਚੁਕੇ ਹਨ ਅਤੇ ਜਨਤਕ ਸੇਵਾ ਵਾਸਤੇ ਕੰਮ ਕਰ ਰਹੇ ਹਨ। ਇਸ ਤੋਂ ਇਲਾਵਾ ਸਰਕਾਰ ਵੱਲੋਂ ਅੱਗ ਅਤੇ ਬਚਾਉ ਦਸਤਿਆਂ ਲਈ 5.7 ਮਿਲੀਅਨ ਡਾਲਰਾਂ ਦਾ ਫੰਡ ਵੀ ਦਿੱਤਾ ਜਾ ਰਿਹਾ ਹੈ ਜਿਸ ਨਾਲ ਕਿ 10 ਨਵੇਂ ਪਾਣੀ ਦੇ ਟੈਂਕਰ ਖਰੀਦੇ ਜਾਣੇ ਹਨ।

Install Punjabi Akhbar App

Install
×