ਟੈਮਵਰਥ ਵਾਸਤੇ ਇੱਕ ਹੋਰ ਨਵੀਂ ਐਂਬੁਲੈਂਸ ਸਟੇਸ਼ਨ ਦੀ ਸੌਗਾਤ

ਸਿਹਤ ਮੰਤਰੀ ਬਰੈਡ ਹਜ਼ਰਡ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਿਊ ਸਾਊਥ ਵੇਲਜ਼ ਸਰਕਾਰ ਨੇ ਆਪਣੇ 232 ਮਿਲੀਅਨ ਦੇ ਰੂਰਲ ਐਂਬੁਲੈਂਸ ਇਨਫਰਾਸਟਰਕਚਰ ਪ੍ਰਾਜੈਕਟ ਤਹਿਤ ਟੇਮਵਰਥ ਖੇਤਰ ਵਿੱਚ ਦੂਸਰਾ ਨਵਾਂ ਐਂਬੁਲੈਂਸ ਸਟੇਸ਼ਨ ਦੀ ਸੌਗਾਤ ਦੇਣ ਦਾ ਫੈਸਲਾ ਲਿਆ ਹੈ।
ਉਨ੍ਹਾਂ ਕਿਹਾ ਕਿ ਟੇਮਵਰਥ ਖੇਤਰ ਨੂੰ ਇਸਦੀ ਭੁਗੋਲਿਕ ਸਥਿਤੀ ਕਾਰਨ ਵਧੀਆ ਥਾਂ ਵੱਜੋਂ ਚੁਣਿਆ ਗਿਆ ਹੈ ਅਤੇ ਇੱਥੇ ਉਕਤ ਸੇਵਾਵਾਂ ਉਪਲੱਭਧ ਹੋ ਜਾਣ ਕਾਰਨ ਉਤਰ-ਪੱਛਮੀ ਇਸ ਖੇਤਰ ਦੇ ਬਹੁਤ ਸਾਰੇ ਇਲਾਕਿਆਂ ਨੂੰ ਇਸ ਦਾ ਸਿੱਧਾ ਲਾਭ ਪਹੁੰਚੇਗਾ।
ਉਨ੍ਹਾਂ ਇਹ ਵੀ ਕਿਹਾ ਕਿ ਰਾਜ ਸਰਕਾਰ ਨੇ ਇਸ ਤੋਂ ਇਲਾਵਾ ਹੋਰ ਵਾਧੂ 100 ਮਿਲੀਅਨ ਡਾਲਰਾਂ ਦਾ ਨਿਵੇਸ਼ ਅਜਿਹੀਆਂ ਐਂਬੁਲੈਂਸ ਸੁਵਿਧਾਵਾਂ ਲਈ ਕੀਤਾ ਹੈ ਜਿਨ੍ਹਾਂ ਰਾਹੀਂ ਕਿ ਆਪਾਤਕਾਲੀਨ ਸਥਿਤੀਆਂ ਅੰਦਰ ਲੋਕਾਂ ਨੂੰ ਫੌਰਨ ਮਦਦ ਪਹੁੰਚਾਈ ਜਾ ਸਕਦੀ ਹੈ -ਬੇਸ਼ਕ ਉਹ ਕਿਤੇ ਵੀ ਰਹਿੰਦੇ ਹਨ, ਸ਼ਹਿਰਾਂ ਵਿੱਚ, ਕਸਬਿਆਂ ਵਿੱਚ ਅਤੇ ਜਾਂ ਫੇਰ ਦੂਰ ਦੁਰਾਡੇ ਖੇਤਰਾਂ ਅੰਦਰ।
ਉਕਤ ਨਵਾਂ ਤਿਆਰ ਹੋਣ ਵਾਲਾ ਸਟੇਸ਼ਨ ਜਦੋਂ ਤੱਕ ਤਿਆਰ ਹੋਵੇਗਾ ਤਾਂ ਪਹਿਲਾਂ ਵਾਲਾ (ਟੈਮਵਰਥ ਦੱਖਣ ਵਿੱਚ ਸਥਾਪਤ) ਉਸੇ ਤਰ੍ਹਾਂ ਹੀ ਕੰਮ ਕਰਦੇ ਰਹੇਗਾ ਅਤੇ ਇਸ ਦੇ ਤਿਆਰ ਹੋ ਜਾਣ ਨਾਲ ਦੋਹੇਂ ਐਂਬੁਲੈਂਸ ਸਟੇਸ਼ਨ ਜਨਤਕ ਸੇਵਾਵਾਂ ਨਿਭਾਉਣਗੇ।
ਟੈਮਵਰਥ ਤੋਂ ਐਮ.ਪੀ. ਕੈਵਿਨ ਐਂਡ੍ਰਸਨ ਨੇ ਇਸ ਬਾਬਤ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰ ਨੇ ਬਹੁਤ ਵਧੀਆ ਫੈਸਲਾ ਲਿਆ ਹੈ ਅਤੇ ਇਹ ਸਥਾਨਕ ਅਤੇ ਆਲੇ ਦੁਆਲੇ ਦੇ ਖੇਤਰਾਂ ਵਾਸਤੇ ਬਹੁਤ ਜ਼ਿਆਦਾ ਲਾਭਕਾਰੀ ਸਾਬਿਤ ਹੋਵੇਗਾ।
ਸਰਕਾਰ ਵੱਲੋਂ ਚਲਾਇਆ ਜਾ ਰਿਹਾ ਉਕਤ ਪ੍ਰਾਜੈਕਟ (The Rural Ambulance Infrastructure Reconfiguration program) 125 ਸਾਲਾਂ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਪ੍ਰਾਜੈਕਟ ਹੈ ਇਸ ਦੇ ਤਹਿਤ ਹੁਣ ਤੱਕ ਰਾਜ ਅੰਦਰ 24 ਨਵੇਂ ਐਂਬੁਲੈਂਸ ਸਟੇਸ਼ਨ ਤਿਆਰ ਕਰਕੇ ਜਨ-ਸੇਵਾਵਾਂ ਲਈ ਜਾਰੀ ਕੀਤੇ ਜਾ ਚੁਕੇ ਹਨ ਅਤੇ ਲਗਾਤਾਰ ਹੋਰ ਦਿੱਤੇ ਜਾ ਵੀ ਰਹੇ ਹਨ। ਇਸ ਪ੍ਰੋਗਰਾਮ ਦੇ ਪਹਿਲੇ ਗੇੜ ਲਈ 132 ਮਿਲੀਅਨ ਡਾਲਰ ਦੀ ਰਾਸ਼ੀ ਦਾ ਨਿਵੇਸ਼ ਹੋ ਚੁਕਿਆ ਹੈ ਅਤੇ ਹੁਣ ਦੂਸਰੇ ਪੜਾਅ ਲਈ 100 ਮਿਲੀਅਨ ਡਾਲਰਾਂ ਦਾ ਫੰਡ ਰਾਜ ਸਰਕਾਰ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ 2020-21 ਦੌਰਾਨ ਰਾਜ ਸਰਕਾਰ ਵੱਲੋਂ 1 ਬਿਲੀਅਨ ਡਾਲਰ ਦਾ ਨਿਵੇਸ਼ ਐਂਬੁਲੈਂਸ ਸੇਵਾਵਾਂ ਲਈ ਕੀਤਾ ਜਾ ਰਿਹਾ ਹੈ ਅਤੇ ਇਸ ਵਿੱਚ 27 ਮਿਲੀਅਨ ਡਾਲਰ ਦੀ ਲਾਗਤ ਨਾਲ 180 ਨਵੀਆਂ ਐਂਬੁਲੈਂਸ ਸਟਾਫ ਦੀ ਨਿਯੁੱਕਤੀ ਵੀ ਕੀਤੀ ਜਾ ਰਹੀ ਹੈ ਅਤੇ ਜੂਨ 2018 ਤੋਂ ਚੱਲ ਰਹੇ ਪ੍ਰੋਗਰਾਮ ਅਧੀਨ 750 ਵਾਧੂ ਪੈਰਾਮੈਡੀਕਲ ਸਟਾਫ ਦੀ ਵੀ ਭਰਤੀ ਅਗਲੇ ਚਾਰ ਸਾਲਾਂ ਦੌਰਾਨ ਕਰਨ ਲਈ ਸਰਕਾਰ ਵਚਨਬੱਧ ਹੈ ਅਤੇ ਲਾਗਾਤਾਰ ਕਾਰਜਸ਼ੀਲ ਵੀ।

Install Punjabi Akhbar App

Install
×