ਸਿਡਨੀ ਵਿੱਚ ਇੱਕ ਨਵੀਂ ਤਰ੍ਹਾਂ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ। ਸੜਕਾਂ ਉਪਰ 3ਡੀ ਜ਼ੈਬਰਾ ਕਰਾਸਿੰਗ ਬਣਾਈ ਜਾ ਰਹੀ ਹੈ ਜੋ ਕਿ ਇੱਕ ਨਜ਼ਰ ਵਿੱਚ ਦੇਖਣ ਨਾਲ ਕਾਫੀ ਉਭਰੀ ਹੋਈ ਦਿਖਾਈ ਦਿੰਦੀ ਹੈ ਅਤੇ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਨਾਲ ਟ੍ਰੈਫਿਕ ਦੀ ਰਫ਼ਤਾਰ ਘੱਟ ਜਾਣੀ ਲਾਜ਼ਮੀ ਹੈ ਅਤੇ ਵਾਹਨ ਦਾ ਡ੍ਰਾਈਵਰ ਇਸਨੂੰ ਦੇਖ ਦੇ ਦੂਰੋਂ ਹੀ ਆਪਣੇ ਵਾਹਨ ਦੀ ਰਫ਼ਤਾਰ ਘੱਟ ਕਰ ਲਵੇਗਾ। ਅਤੇ ਪੈਦਲ ਚੱਲਣ ਜਾਂ ਸੜਕ ਨੂੰ ਪਾਰ ਕਰਨ ਵਾਲਿਆਂ ਨੂੰ ਪ੍ਰੇਸ਼ਾਨੀ ਨਹੀਂ ਸਹਿਣੀ ਪਵੇਗੀ।
ਯੂਰੋਪ ਅਤੇ ਅਮਰੀਕਾ ਵਰਗੇ ਦੇਸ਼ਾਂ ਅੰਦਰ ਇਸ ਤਰ੍ਹਾਂ ਦੀ ਜ਼ੈਬਰਾ ਕਰਾਸਿੰਗ ਨਾਲ ਕਾਫੀ ਸਫ਼ਲ ਪ੍ਰਯੋਗ ਕੀਤੇ ਗਏ ਹਨ ਅਤੇ ਇਸੇ ਸਫ਼ਲਤਾ ਦੇ ਮੱਦੇਨਜ਼ਰ ਇਸਨੂੰ ਹੁਣ ਨਿਊ ਸਾਊਥ ਵੇਲਜ਼ ਦੇ ਮਾਨਲੀ ਸਬਅਰਬ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਜਲਦੀ ਹੀ ਸਮੁੱਚੇ ਰਾਜ ਦੀਆਂ ਸੜਕਾਂ ਉਪਰ ਇਹੀ ਜ਼ੈਬਰਾ ਕਰਾਸਿੰਗ ਦਿਖਾਈ ਦੇਵੇਗੀ।
ਇਸਤੋਂ ਪਹਿਲਾਂ ਇਸ ਦਾ ਆਗਾਜ਼ ਕੁਈਨਜ਼ਲੈਂਡ ਦੇ ਬਾਓਲੀਆ ਕਸਬੇ ਤੋਂ ਕੀਤਾ ਗਿਆ ਸੀ ਜੋ ਕਿ ਆਸਟ੍ਰੇਲੀਆ ਦਾ ਪਹਿਲਾ ਕਸਬਾ ਸੀ ਜਿੱਥੇ ਕਿ 3ਡੀ ਜ਼ੈਬਰਾ ਕਰਾਸਿੰਗ ਬਣਾਈ ਗਈ ਸੀ। ਇਸਤੋਂ ਬਾਅਦ ਇਸ ਦਾ ਉਪਯੋਗ ਕਰੇਨਜ਼ ਅਤੇ ਮੈਲਬੋਰਨ ਵਿੱਚ ਵੀ ਕੀਤਾ ਗਿਆ ਹੈ।
ਨਿਊ ਸਾਊਥ ਵੇਲਜ਼ ਦੇ ਪਰਿਵਹਨ ਵਿਭਾਗ ਦਾ ਕਹਿਣਾ ਹੈ ਕਿ ਇਸੇ ਐਤਵਾਰ ਤੋਂ ਇਸ ਦੀ ਪੇਂਟਿੰਗ ਸ਼ੁਰੂ ਕੀਤੀ ਜਾ ਰਹੀ ਹੈ ਜੋ ਕਿ ਆਉਣ ਵਾਲੇ ਬੁੱਧਵਾਰ ਤੱਕ ਸੰਪੂਰਨ ਕਰ ਲਈ ਜਾਵੇਗੀ।