ਅੰਤਰ ਰਾਸ਼ਟਰੀ ਨੈਟਬਾਲ ਦੀ ਸਿਡਨੀ ਵਾਪਸੀ 2027 ਵਿੱਚ

ਸਿਡਨੀ ਦੀ ਧਰਤੀ ਉਪਰ ਇੱਕ ਵਾਰੀ ਫੇਰ ਤੋਂ ਨੈਟਬਾਲ ਦੀ ਵਾਪਸੀ ਹੋ ਰਹੀ ਹੈ ਅਤੇ ਇਸ ਵਾਸਤੇ ਰਾਜ ਸਰਕਾਰ ਨੇ ਉਦਮ ਕਰਦਿਆਂ 2027 ਵਿੱਚ ਹੋਣ ਵਾਲੀ ਅੰਤਰ ਰਾਸ਼ਟਰੀ ਨੈਟਬਾਲ ਫੈਡਰੈਸ਼ਨ ਨੈਟਬਾਲ ਵਰਲਡ ਕੱਪ ਦੀ ਚੈਂਪਿਅਨਸ਼ਿਪ ਦਾ ਐਲਾਨ ਵੀ ਕਰ ਦਿੱਤਾ ਹੈ।
ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਰਾਜ ਸਰਕਾਰ ਨੇ ਨੈਟਬਾਲ ਆਸਟ੍ਰੇਲੀਆ ਨਾਲ ਹਿੱਸੇਦਾਰੀ ਵਿਚ 2027 ਦਾ ਉਕਤ ਟੂਰਨਾਮੈਂਟ ਕਰਵਾਉਣ ਦਾ ਫੈਸਲੇ ਲਿਆ ਹੈ ਅਤੇ ਇਸ ਵਾਸਤੇ ਰਾਜ ਸਰਕਾਰ ਨੂੰ ਉਮੀਦ ਹੈ ਕਿ 31 ਮਿਲੀਅਨ ਡਾਲਰਾਂ ਦਾ ਰਾਜ ਦੀ ਅਰਥ ਵਿਵਸਥਾ ਵਿੱਚ ਯੋਗਦਾਨ ਪੈਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੇ ਜਿਹੜਾ ਟੀਚਾ 2018 ਵਿੱਚ ਮਿੱਥਿਆ ਸੀ ਕਿ ਰਾਜ ਅੰਦਰ ਅਗਲੇ 10 ਸਾਲਾਂ ਵਿੱਚ ਘੱਟੋ ਘੱਟ 10 ਵਰਲਡ ਕੱਪ ਕਰਵਾਏ ਜਾਣਗੇ ਤਾਂ ਇਹ ਕਦਮ ਉਕਤ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਵੀ ਸਹਾਈ ਹੋ ਰਿਹਾ ਹੈ ਅਤੇ ਅਜਿਹੇ ਟੂਰਨਾਮੈਂਟਾਂ ਵਿੱਚ ਇਹ 9ਵੇਂ ਨੰਬਰ ਤੇ ਹੈ।
ਉਨ੍ਹਾਂ ਕਿਹਾ ਕਿ ਉਕਤ ਟੂਰਨਾਮੈਂਟ ਮਹਿਲਾਵਾਂ ਦਾ ਚੌਥਾ ਅਜਿਹਾ ਟੂਰਨਾਮੈਂਟ ਹੈ ਜੋ ਕਿ ਸਿਡਨੀ ਲਈ ਰਾਖਵਾਂ ਕੀਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਟੀ 20 (ਆਈ.ਸੀ.ਸੀ. ਮਹਿਲਾਵਾਂ ਦਾ ਵਰਲਡ ਕੱਪ 2020), ਫੀਬਾ ਮਹਿਲਾਵਾਂ ਦੀ ਬਾਸਕਟ ਬਾਲ ਦਾ ਵਰਲਡ ਕੱਪ 2022 ਅਤੇ ਫਿਫਾ ਮਹਿਲਾਵਾਂ ਦਾ ਵਰਲਡ ਕੱਪ 2023 ਵੀ ਸ਼ਾਮਿਲ ਹੈ।
ਨਿਵੇਸ਼, ਰੌਜ਼ਗਾਰ, ਟੂਰਿਜ਼ਮ ਅਤੇ ਵੈਸਟਰਨ ਸਿਡਨੀ ਤੋਂ ਮੰਤਰੀ ਸਟੁਅਰਟ ਆਇਰਜ਼ ਨੇ ਕਿਹਾ ਕਿ ਰਾਜ ਸਰਕਾਰ ਦਾ ਇਹ ਕਦਮ ਬਹੁਤ ਹੀ ਉਤਮ ਅਤੇ ਖੇਡ ਪ੍ਰੇਮੀਆਂ ਲਈ ਖੁਸ਼ੀਆਂ ਭਰਿਆ ਹੈ ਅਤੇ ਇਸ ਦੇ ਨਾਲ ਹੀ ਖੇਡ ਜਗਤ ਵਿੱਚ ਰਾਜ ਸਰਕਾਰ ਵੱਲੋਂ ਇੱਕ ਹੋਰ ਮੱਲ ਮਾਰੀ ਗਈ ਹੈ।
ਖੇਡ ਮੰਤਰੀ ਜਿਉਫ ਲੀ ਨੇ ਵੀ ਇਸ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਨੈਟਬਾਲ ਨੂੰ ਹਰਮਨ ਪਿਆਰਾ ਕਰਨ ਵਿੱਚ ਇਹ ਚੈਂਪਿਅਨਸ਼ਿਪ ਬਹੁਤ ਜ਼ਿਆਦਾ ਫਾਇਦੇਮੰਦ ਸਾਬਿਤ ਹੋਵੇਗੀ ਅਤੇ ਨਵੀਆਂ ਪੀੜ੍ਹੀਆਂ ਲਈ ਪ੍ਰੇਰਨਾ ਦਾ ਸ੍ਰੋਤ ਬਣੇਗੀ।
ਅੰਤਰ ਰਾਸ਼ਟਰੀ ਨੈਟਬਾਲ ਫੈਡਰੇਸ਼ਨ ਦੇ ਪ੍ਰਧਾਨ ਲਿਜ਼ ਨਿਕੋਲ ਨੇ ਨਿਊ ਸਾਊਥ ਵੇਲਜ਼ ਸਰਕਾਰ ਦਾ ਸ਼ੁਕਰਿਆ ਅਦਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਸਿਡਨੀ ਵਿੱਚ ਹੋਣ ਵਾਲੀ ਉਕਤ ਚੈਂਪਿਅਨਸ਼ਿਪ ਬਹੁਤ ਵਧੀਆ ਅਤੇ ਹਰਮਨ ਪਿਆਰਾ ਮੌਕਾ ਹੋ ਗੁਜ਼ਰੇਗੀ ਜਿਸ ਨਾਲ ਕਿ ਖੇਡ ਭਾਵਨਾਵਾਂ ਨੂੰ ਬੜਾਵਾ ਮਿਲੇਗਾ।
ਨੈਟਬਾਲ ਆਸਟ੍ਰੇਲੀਆ ਦੇ ਚੇਅਰਪਰਸਨ ਪਾਓਲੀਨਾ ਹੰਟ ਨੇ ਵੀ ਇਸ ਦਾ ਸਵਾਗਤ ਕੀਤਾ ਅਤੇ ਕਿਹਾ ਕਿ 2027 ਦਾ ਉਕਤ ਵਰਲਡ ਕੱਪ ਰਾਜ ਲਈ ਨਵੀਆਂ ਅਤੇ ਉਸਾਰੂ ਪੁਲਾਂਘਾਂ ਪੁੱਟਣ ਦਾ ਸਾਧਨ ਬਣੇਗਾ।
ਜ਼ਿਆਦਾ ਜਾਣਕਾਰੀ ਲਈ netball.com.au ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Welcome to Punjabi Akhbar

Install Punjabi Akhbar
×