ਮੇਰੀ ਨਿਪਾਲ ਯਾਤਰਾ ਗੁਰਦੁਆਰਾ ਨਾਨਕ ਮੱਠ ਕਾਠਮੰਡੂ

gurudwara-nanak-math-kathmanduਜਦ ਕਿਸੇ ਥਾਂ ‘ਤੇ ਜਾਣ ਦੀ ਪਾਬੰਦੀ ਹੋਵੇ ਜਾਂ ਜਾਣਾ ਸੌਖਾ ਨਾ ਹੋਵੇ ਤਾਂ ਹਰ ਆਦਮੀ ਦੀ ਲਾਲਸਾ ਹੁੰਦੀ ਹੈ ਕਿ ਉਹ ਜਗ੍ਹਾ ਜ਼ਰੂਰ ਦੇਖੀ ਜਾਵੇ। ਇਸੇ ਤਹਿਤ ਅਨੇਕਾਂ ਨਾਨਕ ਨਾਮ ਲੇਵਾ ਦੀ ਇੱਛਾ ਰਹਿੰਦੀ ਹੈ ਕਿ ਉਹ ਪਾਸਪੋਰਟ ਬਣਵਾ ਕੇ ਵੀਜ਼ਾ ਲਗਵਾਉਣ, ਤਾਂ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਦੇ ਨਤਮਸਤਕ ਹੋ ਸਕਣ। ਮੈਂ ਜਗਨਨਾਥ ਪੁਰੀ ਜਿੱਥੇ ਕਿ ਕਿਸੇ ਪਾਸਪੋਰਟ ਜਾਂ ਵੀਜ਼ੇ ਦੀ ਜ਼ਰੂਰਤ ਨਹੀ ਹੁੰਦੀ ਅਤੇ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਰਤੀ ਦੀ ਬਾਣੀ ਉਚਾਰਨ ਕੀਤੀ ਸੀ, ਦੀ ਜਗ੍ਹਾ ਦੇ ਦਰਸ਼ਨ ਕਰਨ ਸਮੇ ਖੰਡਰ ਦੇ ਰੂਪ ਵਿਚ ਢਹਿ-ਢੇਰੀ ਹੋਏ ਘਰ ਜਿੱਥੇ ਕਿ ਅਵਾਰਾ ਗਊਆਂ ਅਤੇ ਕੁੱਤਿਆਂ ਨੇ ਵਾਸਾ ਕੀਤਾ ਹੋਇਆ ਸੀ ਅਤੇ ਇਕ ਨੁੱਕਰ ‘ਤੇ ਇਕ ਛੋਟੇ ਜਿਹੇ ਕਮਰੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼, ਮਿੱਟੀ ਨਾਲ ਭਰੇ ਹੋਏ ਰੁਮਾਲੇ ਅਤੇ ਦਗੜ-ਦਗੜ ਕਰਦੇ ਹੋਏ ਚੂਹਿਆਂ ਨੂੰ ਦੇਖ ਕੇ ਦਿਲ ਰੋ ਉਠਿਆ ਅਤੇ ਅੱਖਾਂ ਵਿਚੋਂ ਹੰਝੂ ਨਾ ਰੁਕ ਸਕੇ।
ਇਹ ਵੀ ਤਾਂ ਸਾਡੀ ਪਵਿੱਤਰ, ਧਾਰਮਿਕ ਅਤੇ ਇਤਿਹਾਸਕ ਜਗ੍ਹਾ ਹੈ। ਕੋਈ ਵੀ ਧਾਰਮਿਕ ਸੰਸਥਾਵਾਂ ਇਸ ਦੇ ਸੁਧਾਰ ਲਈ ਕਿਉਂ ਨਹੀਂ ਉਪਰਾਲੇ ਕਰ ਰਹੀਆਂ? ਇਹ ਤਾਂ ਆਪਣਾ ਹੀ ਮੁਲਕ ਹੈ ਅਤੇ ਇੱਥੇ ਨਾ ਤਾਂ ਕਿਸੇ ਵੀਜ਼ੇ ਦੀ ਲੋੜ ਅਤੇ ਨਾ ਹੀ ਕਿਸੇ ਮਨਜ਼ੂਰੀ ਦੀ।
ਦਸੰਬਰ 2013 ਦੌਰਾਨ ਅਖ਼ਬਾਰ ਵਿਚ ਪੜ੍ਹਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਿਪਾਲ ਦੀ ਰਾਜਧਾਨੀ ਕਾਠਮੰਡੂ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਇਤਿਹਾਸਕ ਗੁਰਦੁਆਰਾ ਨਾਨਕ ਮਠ ਵਿਖੇ ਨਵੰਬਰ 2013 ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਇਆ ਹੈ। ਦਿਲ ਵਿਚੋਂ ਉਮੰਗ ਉਠੀ ਕਿ ਕਿਉਂ ਨਾ ਉਸ ਪਵਿੱਤਰ ਤੇ ਇਤਿਹਾਸਕ ਸਥਾਨ ਦੇ ਦਰਸ਼ਨ ਕੀਤੇ ਜਾਣ।
ਲਾਲਸਾ ਦੀ ਪੂਰਤੀ ਲਈ ਜੂਨ 2014 ਦੌਰਾਨ ਆਪਣੇ ਤੇ ਦੋਸਤ ਦੇ ਪਰਿਵਾਰ ਸਮੇਤ ਅਸੀਂ ਪਹਾੜਾਂ ਦੇ ਨਜ਼ਾਰਿਆਂ ਤੋਂ ਡਰਦੇ-ਡਰਦੇ ਕਾਠਮੰਡੂ ਪਹੁੰਚ ਹੀ ਗਏ ਅਤੇ ਕੂਪਨ ਡੋਲ ਏਰੀਏ ਦੇ ਗੁਰੂ ਨਾਨਕ ਸਤ ਸੰਗਤ ਗੁਰਦੁਆਰਾ ਸਾਹਿਬ ਪਹੁੰਚ ਗਏ, ਜਿਥੇ ਕਿ ਇਸ ਗੁਰਦੁਆਰਾ ਸਾਹਿਬ ਦੇ ਇੰਚਾਰਜ ਅਤੇ ਪ੍ਰਚਾਰਕ ਸ: ਗੁਰਬਖਸ਼ ਸਿੰਘ ਨੇ ਸਾਡਾ ਸਵਾਗਤ ਕੀਤਾ ਅਤੇ ਉਥੇ ਸਾਡੇ ਰਹਿਣ ਲਈ ਵਧੀਆ ਦੋ ਕਮਰੇ ਦੇ ਦਿੱਤੇ। ਸ਼ਾਮ ਦੇ ਵਕਤ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ: ਪ੍ਰੀਤਮ ਸਿੰਘ ਅਤੇ ਅਹੁਦੇਦਾਰਾਂ ਨੇ ਵੀ ਸਾਨੂੰ ‘ਜੀ ਆਇਆਂ’ ਕਿਹਾ। ਅਗਲੀ ਸਵੇਰ ਅਸੀਂ ਪ੍ਰਚਾਰਕ ਗਿਆਨੀ ਗੁਰਬਖਸ਼ ਸਿੰਘ ਦੇ ਨਾਲ ਗੁਰਦੁਆਰਾ ਨਾਨਕ ਮੱਠ ਪੁੱਜ ਗਏ। ਇਕ ਛੋਟੀ ਜਿਹੀ ਪਹਾੜੀ ਉੱਤੇ ਬਣੇ ਇਸ ਗੁਰਦੁਆਰਾ ਸਾਹਿਬ ਦੇ ਪਿਛੋਕੜ ਬਾਰੇ ਸਾਨੂੰ ਦੱਸਿਆ ਗਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਤੀਸਰੀ ਉਦਾਸੀ ਸਮੇਂ ਇਸ ਸਥਾਨ ‘ਤੇ ਪੁੱਜੇ ਸਨ। ਇਸ ਸਥਾਨ ‘ਤੇ ਉਸ ਵੇਲੇ ਸਿੱਧ ਜੋਗੀਆਂ ਦਾ ਵਾਸਾ ਸੀ ਅਤੇ ਇਸ ਦੇਸ਼ ਦੇ ਹਾਕਮ ਉਸ ਸਮੇਂ ਰਾਜਾ ਜੈ ਭਗਤ ਮਲ ਤੇ ਜੈ ਪ੍ਰਕਾਸ਼ ਸਨ। ਇਥੇ ਠਹਿਰਨ ਦੌਰਾਨ ਗੁਰੂ ਜੀ ਦੀ ਇਥੋਂ ਦੇ ਰਾਜੇ ਅਤੇ ਸਿੱਧਾਂ ਨਾਲ ਗਿਆਨ ਚਰਚਾ ਹੋਈ।
ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਉਥੋਂ ਜਾਣ ਲੱਗੇ ਤਾਂ ਸਿੱਧਾਂ ਨੇ ਬੇਨਤੀ ਕੀਤੀ ਕਿ ਉਹ ਉਨ੍ਹਾਂ ਨੂੰ ਕੋਈ ਨਿਸ਼ਾਨੀ ਦੇ ਕੇ ਜਾਣ ਤਾਂ ਕਿ ਉਨ੍ਹਾਂ ਦੇ ਉਪਦੇਸ਼ਾਂ ਦਾ ਪਾਲਣ ਕਰਦੇ ਰਹੀਏ। ਬਾਬਾ ਜੀ ਉਨ੍ਹਾਂ ਨੂੰ ਆਪਣੀਆਂ ਖੜਾਵਾਂ ਦੇ ਕੇ ਚਲੇ ਗਏ। ਕੁਝ ਚਿਰ ਬਾਅਦ ਹੀ ਬਾਬਾ ਜੀ ਦੀਆਂ ਖੜਾਵਾਂ ਇਧਰ-ਉਧਰ ਹੋ ਗਈਆਂ ਤਾਂ ਸਿੱਧ ਬਾਬਾ ਜੀ ਦੇ ਚਰਨਾਂ ਦਾ ਪੰਜਾ ਪੱਥਰ ‘ਤੇ ਉਘੇੜ ਕੇ ਮੱਥਾ ਟੇਕਦੇ ਰਹੇ। ਕੁਝ ਸਮੇਂ ਬਾਅਦ ਉਦਾਸੀ ਸੰਤ ਪਹਾੜਾਂ ਦੀਆਂ ਯਾਤਰਾਵਾਂ ਤੋਂ ਬਾਅਦ ਇਸ ਸਥਾਨ ‘ਤੇ ਪਹੁੰਚ ਗਏ, ਉਨ੍ਹਾਂ ਨੇ ਬਾਬਾ ਜੀ ਦੇ ਇਸ ਅਸਥਾਨ ਦੇ ਦਰਸ਼ਨ ਕੀਤੇ ਅਤੇ ਜਦ ਉਨ੍ਹਾਂ ਨੂੰ ਪਤਾ ਲੱਗਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਅਸਥਾਨ ‘ਤੇ ਆਏ ਸਨ ਤਾਂ ਉਦਾਸੀ ਸੰਤਾਂ ਨੇ ਹੱਥ-ਲਿਖਤ ਬੀੜਾਂ ਇੱਥੇ ਰੱਖ ਕੇ ਪ੍ਰਕਾਸ਼ ਕੀਤਾ ਅਤੇ ਬਾਅਦ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਉਣ ਤੋਂ ਪਹਿਲਾਂ ਜੋਗੀ ਮੂਰਤੀ ਪੂਜਾ ਕਰਦੇ ਸਨ ਅਤੇ ਹੁਣ ਜਿਸ ਜਗ੍ਹਾ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਦੇ ਨਾਲ ਲਗਦੇ ਕਮਰੇ ਵਿਚ ਮੂਰਤੀ ਪੂਜਾ ਕੀਤੀ ਜਾ ਰਹੀ ਹੈ। ਇਸ ਅਸਥਾਨ ਦੀ ਸਾਂਭ-ਸੰਭਾਲ ਉਦਾਸੀ ਸੰਤ ਮਹੰਤ ਨੇਮ ਮੁਨੀ ਕਰ ਰਹੇ ਹਨ ਅਤੇ ਨਿਪਾਲ ਸਰਕਾਰ ਉਨ੍ਹਾਂ ਨੂੰ ਤਨਖਾਹ ਦੇ ਰਹੀ ਹੈ। ਇਸ ਅਸਥਾਨ ‘ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਉਣ ਬਾਰੇ ਨਾਨਕ ਨਾਮ ਲੇਵਾ ਸੰਗਤਾਂ ਨੂੰ ਪਤਾ ਲੱਗਿਆ ਤਾਂ ਉਹ ਵੀ ਇਸ ਜਗ੍ਹਾ ‘ਤੇ ਨਤਮਸਤਕ ਹੋਏ। ਜੰਮੂ ਤੋਂ ਆਏ ਟਰਾਂਸਪੋਰਟਰ ਸਰਦਾਰ 1958 ਤੋਂ ਅੱਜ ਤੱਕ ਬਾਬਾ ਜੀ ਦਾ ਗੁਰਪੁਰਬ ਹਰ ਸਾਲ ਮਨਾ ਰਹੇ ਹਨ। ਇਸ ਅਸਥਾਨ ‘ਤੇ ਅਮਰੀਕਾ, ਕੈਨੇਡਾ, ਆਸਟਰੇਲੀਆ, ਇੰਗਲੈਡ, ਮਲੇਸ਼ੀਆ, ਸਿੰਘਾਪੁਰ ਅਤੇ ਭਾਰਤ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਹਰ ਸਾਲ ਆਉਂਦੀਆਂ ਹਨ।
ਤਕਰੀਬਨ 5 ਸਾਲ ਪਹਿਲਾਂ ਨਿਪਾਲ ਸਰਕਾਰ ਨੇ ਗੁਰਦੁਆਰਾ ਨਾਨਕ ਮੱਠ ਨਾਲ ਪਈ ਤਕਰੀਬਨ 35 ਕਨਾਲ ਖਾਲੀ ਥਾਂ ਨੂੰ 40 ਸਾਲ ਲਈ ਲੀਜ਼ ‘ਤੇ ਦੇਣ ਲਈ ਅਖ਼ਬਾਰਾਂ ਵਿਚ ਇਸ਼ਤਿਹਾਰ ਦਿੱਤਾ। ਕਿਰਾਏ ‘ਤੇ ਲੈਣ ਦੇ ਇੱਛੁਕਾਂ ਨੇ ਜਦ ਇਸ ਦੇ ਮਹਿਕਮਾ ਮਾਲ ਦੇ ਰਿਕਾਰਡ ਦੀ ਘੋਖ ਕੀਤੀ ਤਾਂ ਇਹ ਗੱਲ ਸਾਹਮਣੇ ਆਈ ਕਿ ਥਾਂ ਜੋ ਕਿ 1600 ਰੋਪਨੀ ਭਾਵ 1600 ਕਨਾਲ ਹੈ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂਅ ਹੈ ਅਤੇ 35 ਕਨਾਲ ਛੱਡ ਕੇ ਬਾਕੀ ਦੀ ਥਾਂ ‘ਤੇ ਲੋਕਾਂ ਨੇ ਕਬਜ਼ਾ ਕਰ ਲਿਆ ਹੈ। ਇਸ ‘ਤੇ ਇਥੋਂ ਦੀਆਂ ਸਿੱਖ ਸੰਗਤਾਂ ਦੀਆਂ ਸੰਸਥਾਵਾਂ, ਸ੍ਰੀ ਗੁਰੂ ਨਾਨਕ ਸਿੱਖ ਸੰਗਤਾਂ ਦੇ ਪ੍ਰਧਾਨ ਸ: ਪ੍ਰੀਤਮ ਸਿੰਘ, ਸਰਬੱਤ ਦਾ ਭਲਾ ਦੇ ਪ੍ਰਧਾਨ ਸ: ਸੁਰਿੰਦਰ ਪਾਲ ਸਿੰਘ ਉਬਰਾਏ ਆਦਿ ਨੇ ਇਹ ਥਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂਅ ਹੋਣ ਕਰਕੇ ਇਸ ਥਾਂ ਨੂੰ ਲੀਜ਼ ‘ਤੇ ਦੇਣ ਦੀ ਬਜਾਏ ਉਪਰੋਕਤ ਸੰਸਥਾ ਨੂੰ ਸੌਂਪਣ ਲਈ ਨਿਪਾਲ ਸਰਕਾਰ ਤੱਕ ਪਹੁੰਚ ਕੀਤੀ ਪਰ ਉਸ ਵੱਲੋਂ ਨਾ ਮੰਨਣ ‘ਤੇ ਇਨ੍ਹਾਂ ਨੇ ਅਦਾਲਤ ਵਿਚ ਕੇਸ ਦਾਇਰ ਕਰ ਦਿੱਤਾ। ਹੁਣ ਇਹ ਕੇਸ ਨਿਪਾਲ ਦੀ ਸੁਪਰੀਮ ਕੋਰਟ ਕੋਲ ਫੈਸਲੇ ਲਈ ਰਿਜ਼ਰਵ ਹੈ। ਇਸ ਕੇਸ ਦੀ ਪੈਰਵੀ ਸ: ਸੁਰਿੰਦਰ ਪਾਲ ਸਿੰਘ ਉਬਰਾਏ ਅਤੇ ਸ: ਪ੍ਰੀਤਮ ਸਿੰਘ ਕਰ ਰਹੇ ਹਨ। ਉਨ੍ਹਾਂ ਦੀ ਖਾਹਸ਼ ਹੈ ਕਿ ਫੈਸਲਾ ਉਨ੍ਹਾਂ ਦੇ ਹੱਕ ਵਿਚ ਹੋਣ ਤੋਂ ਬਾਅਦ ਇਸ ਥਾਂ ‘ਤੇ ਗੁਰਦੁਆਰਾ ਸਾਹਿਬ ਦੀ ਸ਼ਾਨਦਾਰ ਇਮਾਰਤ, ਲੋਕਾਂ ਦੇ ਠਹਿਰਨ ਲਈ 100 ਕਮਰੇ ਦੀ ਸ਼ਾਨਦਾਰ ਬਿਲਡਿੰਗ, ਅਨਾਥ ਆਸ਼ਰਮ, ਹਸਪਤਾਲ, ਫਰੀ ਡਿਸਪੈਂਸਰੀ, ਵੱਡਾ ਲੰਗਰ ਹਾਲ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂਅ ‘ਤੇ ਸ਼ਾਨਦਾਰ ਪਾਰਕ ਬਣਾਇਆ ਜਾਵੇਗਾ। ਇਸ ਸਾਰੇ ਕੰਮ ‘ਤੇ 250 ਕਰੋੜ ਤੋਂ ਵੱਧ ਖਰਚਾ ਹੋਣ ਦੀ ਸੰਭਾਵਨਾ ਹੈ।
ਕਾਠਮੰਡੂ ਵਿਖੇ ਸਿੱਖ ਧਰਮ ਦੇ ਪ੍ਰਚਾਰਕ ਗਿਆਨੀ ਗੁਰਬਖਸ਼ ਸਿੰਘ ਜੋ ਕਿ ਮੂਲ ਰੂਪ ਵਿਚ ਨਿਪਾਲੀ ਹਨ, ਪੰਜਾਬ ਵਿਚ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਚਾਰਕ ਵੀ ਰਹਿ ਚੁੱਕੇ ਹਨ ਅਤੇ ਸਰਬੱਤ ਦਾ ਭਲਾ ਸੰਸਥਾ ਦੇ ਮੈਂਬਰ ਵੀ ਹਨ, ਨੇ ਦੱਸਿਆ ਕਿ ਗਿਆਨੇਸ਼ਵਰ ਵਿਖੇ ਇਕ ਕਨਾਲ, ਪਸ਼ੂਪਤੀ ਵਿਖੇ 1 ਕਨਾਲ, ਸੋਭਾ ਭਗਵੰਤੀ ਵਿਖੇ 3-4 ਕਨਾਲ ਅਤੇ ਥਾਪਾਥਲੀ ਵਿਖੇ 10 ਕਨਾਲ ਜਗ੍ਹਾ ਦੀਆਂ ਥਾਵਾਂ ‘ਤੇ ਅੱਜ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹੋ ਰਹੇ ਹਨ ਅਤੇ ਇਸ ਥਾਂ ਦੀ ਮਾਲਕੀ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂਅ ‘ਤੇ ਹੈ।
ਅੰਤ ਵਿਚ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਅਤੇ ਟਰਾਂਸਪੋਰਟਰ ਸ: ਪ੍ਰੀਤਮ ਸਿੰਘ ਨੇ ਦੱਸਿਆ ਕਿ ਸੁਪਰੀਮ ਕੋਰਟ ਵੱਲੋਂ ਸਾਡੇ ਹੱਕ ਵਿਚ ਫੈਸਲਾ ਆਉਣ ਤੋਂ ਬਾਅਦ ਅਗਲੇਰੀ ਕਾਰਵਾਈ ਲਈ ਦੁਨੀਆ ਭਰ ਦੇ ਨਾਨਕ ਨਾਮ ਲੇਵਾ ਦਾ ਇਕ ਵੱਡਾ ਸਮਾਗਮ ਇਸ ਥਾਂ ‘ਤੇ ਕੀਤਾ ਜਾਵੇਗਾ ਅਤੇ ਪ੍ਰਮੁੱਖ ਹਸਤੀਆਂ ਨੂੰ ਇਸ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਜਾਵੇਗਾ। ਅੰਤ ਵਿਚ ਉਨ੍ਹਾਂ ਨੇ ਸਾਨੂੰ ਵੀ ਇਸ ਸਮਾਗਮ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਅਤੇ ਅਸੀਂ ਨਤਮਸਤਕ ਹੋਣ ਤੋਂ ਬਾਅਦ ਵਾਪਸ ਚੱਲ ਪਏ।

ਗੁਰਬਚਨ ਸਿੰਘ ਮਦਾਨ
-ਜਲਾਲਾਬਾਦ ਪੱਛਮੀ। ਮੋਬਾ: 9815263878

Install Punjabi Akhbar App

Install
×