ਨੇਪਾਲ ‘ਚ ਆਏ ਸ਼ਕਤੀਸ਼ਾਲੀ ਭੁਚਾਲ ਕਾਰਨ ਮਰਨ ਵਾਲਿਆਂ ਦੀ ਤਾਦਾਦ 3726 ਹੋ ਗਈ ਹੈ। ਉੱਥੇ ਹੀ, ਹਜ਼ਾਰਾਂ ਹੋਰ ਲੋਕ ਜ਼ਖ਼ਮੀ ਹਨ। ਭਾਰਤ ‘ਚ ਭੁਚਾਲ ਕਾਰਨ ਮਰਨ ਵਾਲਿਆਂ ਦੀ ਸੰਖਿਆ 62 ਹੋ ਗਈ ਤੇ 259 ਜ਼ਖਮੀ ਦੱਸੇ ਜਾ ਰਹੇ ਹਨ। ਜਾਣਕਾਰੀ ਦੇ ਅਨੁਸਾਰ, ਸੋਮਵਾਰ ਨੂੰ ਨੇਪਾਲ ‘ਚ ਮੌਸਮ ਸਾਫ਼ ਹੋਣ ਦੇ ਚੱਲਦੇ ਬਚਾਅ ਤੇ ਰਾਹਤ ਦੇ ਕੰਮ ‘ਚ ਤੇਜ਼ੀ ਆਈ ਹੈ। ਭੁਚਾਲ ਪ੍ਰਭਾਵਿਤ ਨੇਪਾਲ ‘ਚ ਬਚਾਅ ਕਰਮੀਆਂ ਨੇ ਸੋਮਵਾਰ ਨੂੰ ਘਰਾਂ ਤੇ ਇਮਾਰਤਾਂ ਦੇ ਟਨਾਂ ਮਲਬੇ ‘ਚ ਫਸੇ ਜਿੰਦਾ ਲੋਕਾਂ ਦਾ ਪਤਾ ਲਗਾਉਣ ਲਈ ਅਭਿਆਨ ਤੇਜ਼ ਕਰ ਦਿੱਤਾ ਤੇ ਬਚਾਅ ਦਲ ਦੂਰ – ਦਰਾਜ਼ ਦੇ ਪਹਾੜੀ ਇਲਾਕਿਆਂ ‘ਚ ਪੁੱਜਣ ਲੱਗੇ ਹਨ। ਇਸ ਦੌਰਾਨ ਇਸ ਗੱਲ ਦੀ ਆਸ਼ੰਕਾ ਪ੍ਰਗਟਾਈ ਜਾਣ ਲੱਗੀ ਹੈ ਕਿ ਇਸ ਕੁਦਰਤੀ ਆਪਦਾ ‘ਚ ਮਰਨ ਵਾਲਿਆਂ ਦੀ ਗਿਣਤੀ 3800 ਦੇ ਪਾਰ ਜਾ ਸਕਦੀ ਹੈ। ਅਜੇ ਵੀ ਮਲਬੇ ‘ਚ ਹਜ਼ਾਰਾਂ ਦੀ ਸੰਖਿਆ ‘ਚ ਲੋਕਾਂ ਦੇ ਦੱਬੇ ਹੋਣ ਦੀ ਆਸ਼ੰਕਾ ਪ੍ਰਗਟਾਈ ਜਾ ਰਹੀ ਹੈ। ਕਈ ਦੇਸ਼ਾਂ ਦੇ ਬਚਾਅ ਦਲ ਖ਼ੋਜੀ ਕੁੱਤਿਆਂ ਤੇ ਆਧੁਨਿਕ ਸਮਗਰੀ ਦੀ ਮਦਦ ਨਾਲ ਜਿੰਦਾ ਲੋਕਾਂ ਦਾ ਪਤਾ ਲਗਾਉਣ ਦੇ ਕੰਮ ‘ਚ ਲੱਗੇ ਹੋਏ ਹਨ। ਭੁਚਾਲ ਤੋਂ ਬਾਅਦ ਅਜੇ ਵੀ ਅਣਗਿਣਤ ਲੋਕ ਲਾਪਤਾ ਹਨ।