ਬਾਕਸਿੰਗ ਦਿਹਾੜੇ ਤੇ ਨਿਊ ਸਾਊਥ ਵੇਲਜ਼ ਅਤੇ ਵਿਕਟੌਰੀਆ ਦੇ ਸਮੁੰਦਰੀ ਕਿਨਾਰਿਆਂ ਉਪਰ ਸਰਫਿੰਗ ਆਦਿ ਦਾ ਆਨੰਦ ਮਾਣ ਰਹੇ ਬਹੁਤ ਸਾਰੇ ਲੋਕਾਂ ਨਾਲ ਗਰਮ ਮੌਸਮ ਕਾਰਨ, ਦੁਰਘਟਨਾਵਾਂ ਹੋਈਆਂ ਅਤੇ ਜਿੱਥੇ ਬਚਾਉ ਦਲਾਂ ਨੇ ਮੌਕੇ ਤੇ ਬਚਾਉ ਕਾਰਜ ਕਰਦਿਆਂ ਸੈਂਕੜੇ ਲੋਕਾਂ ਦੀ ਜਾਨ ਬਚਾਈ, ਉਥੇ ਹੀ ਕੁੱਝ ਕੁ ਲੋਕਾਂ ਦੇ ਮਾਰੇ ਜਾਣ ਦੀਆਂ ਖ਼ਬਰਾਂ ਵੀ ਸੁਰਖੀਆਂ ਬਣੀਆਂ ਹੋਈਆਂ ਹਨ।
ਨਿਊ ਸਾਊਥ ਵੇਲਜ਼ ਵਿੱਚ ਅਜਿਹੇ ਬਚਾਉ ਕਾਰਜ ਵਿੱਚ 348 ਲੋਕਾਂ ਦੀ ਜਾਨ ਬਚਾਈ ਗਈ। ਜ਼ਿਕਰਯੋਗ ਹੈ ਕਿ ਬਾਕਸਿੰਗ ਦਿਹਾੜੇ ਤੇ ਪਈ ਗਰਮੀ ਕਾਰਨ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਛੁੱਟੀਆਂ ਬਿਤਾਉਣ ਵਾਸਤੇ ਸਮੁੰਦਰੀ ਕਿਨਾਰੇ ਹੀ ਚੁਣੇ ਸਨ ਅਤੇ ਸਰਫਿੰਗ ਦਾ ਆਨੰਦ ਲੈਣਾ ਚਾਹੁੰਦੇ ਸਨ।
ਦੁਰਘਟਨਾਵਾਂ ਸਟਾਅਵੈਲ ਪਾਰਕ, ਵੋਲੋਨਗੌਂਗ ਦੇ ਬੈਲਾਂਬੀ ਬੋਟ ਰੈਂਪ, ਸੈਂਟਰਲ ਕੋਸਟ ਦੇ ਐਵੋਕਾ ਬੀਚ ਆਦਿ ਉਪਰ ਕਈ ਲੋਕਾਂ ਨੂੰ ਮੌਕੇ ਤੇ ਹੀ ਫਸਟ ਏਡ ਦਿੱਤੀ ਗਈ ਅਤੇ ਕਈਆਂ ਨੂੰ ਹਸਪਤਾਲ ਵਿੱਚ ਵੀ ਭਰਤੀ ਕਰਵਾਉਣਾ ਪਿਆ ਜਿਨ੍ਹਾਂ ਵਿੱਚ ਬੱਚੇ, ਬੁੱਢੇ ਅਤੇ ਜਵਾਨ, ਆਦਿ ਸਭ ਸ਼ਾਮਿਲ ਹਨ।
ਬਚਾਉ ਅਭਿਆਨ ਵਿੱਚ 4745 ਅਜਿਹੇ ਐਕਸ਼ਨ ਲਏ ਗਏ, 260 ਲੋਕਾਂ ਨੂੰ ਫਸਟ ਏਡ ਦਿੱਤੀ ਗਈ ਅਤੇ 24 ਵਾਰੀ ਐਂਬੂਲੈਂਸਾਂ ਦੀ ਮਦਦ ਲਈ ਗਈ।
ਵਿਕਟੌਰੀਆ ਵਿੱਚ ਵੀ ਅਜਿਹੇ ਹੀ ਮੌਕੇ ਤੇ ਕੁੱਝ ਵਿਅਕਤੀਆਂ ਦੇ ਸਮੁੰਦਰ ਦੇ ਪਾਣੀਆਂ ਵਿੱਚ ਡੁੱਬ ਜਾਣ ਕਾਰਨ ਮੌਤ ਦੀਆਂ ਖ਼ਬਰਾਂ ਹਨ। ਬਾਕਸਿੰਗ ਦਿਹਾੜੇ ਤੇ ਹੀ ਬਚਾਉ ਦਲਾਂ ਵੱਲੋਂ ਮੈਲਬੋਰਨ ਦੇ ਸੇਂਟ ਕਿਲਡਾ ਖੇਤਰ ਵਿੱਚ ਦੋ ਭੈਣਾਂ (11 ਅਤੇ 10 ਸਾਲ) ਨੂੰ ਡੁੱਬਣ ਤੋਂ ਬਚਾਇਆ ਗਿਆ।
ਪੱਛਮੀ ਆਸਟ੍ਰੇਲੀਆ ਦੇ ਦੱਖਣੀ-ਪੱਛਮੀ ਖੇਤਰ ਦੀ ਇੱਕ ਝੀਲ ਵਿੱਚ ਵੀ ਇੱਕ ਤੈਰਾਕ ਦੇ ਡੁੱਬ ਕੇ ਮਾਰੇ ਜਾਣ ਦੀਆਂ ਖ਼ਬਰਾਂ ਹਨ। ਪੁਲਿਸ ਮ੍ਰਿਤਕ ਦੇਹ ਦੀ ਤਲਾਸ਼ ਬਲੈਕ ਡਾਇਮੰਡ ਝੀਲ ਵਿੱਚੋਂ ਕਰ ਰਹੀ ਹੈ।