ਖਾਲਸੇ ਦਾ ਟਹਿਲ ਸੇਵਕ – ਨਵਾਬ ਕਪੂਰ ਸਿੰਘ

daljit singh mehta chowk 171207 Nawab Kapoor Singhhhh
ਕਪੂਰ ਸਿੰਘ ਪਰ ਕਿਰਪਾ ਪੰਥ ਕਰੀ। ਭਲੀ ਬੁਧ ਆਇ ਤਿਸ ਮੈਂ ਪਰੀ।
ਬਹੁਤ ਸਿੰਘਨ ਕੋ ਆਦਰ ਧਰੈ। ਬਿਨਾ ਪੁਛ ਪੰਥ ਗਲ ਨ ਕਰੈ।
ਟਹਲ ਕਰੈ ਤੇ ਕਰੇ ਸਵਾਈ। ਬਹੁਤ ਗਰੀਬੀ ਉਸ ਮਨ ਆਈ।
ਜਿਮ ਜਿਮ ਪੰਥਹਿ ਟਹਲ ਕਮਾਵੈ। ਤਿਮ ਤਿਮ ਸਿੰਘ ਜੀ ਗੁਰਮਤ ਆਵੈ।
– ( ਰਤਨ ਸਿੰਘ ਭੰਗੂ )

ਅਠਾਰਵੀਂ ਸਦੀ ਜਦੋਂ ਸਮੇਂ ਦੇ ਹਾਕਮਾਂ ਨੇ ਸਿੰਘਾਂ ਦਾ ਖੁਰ੍ਹਾ-ਖੋਜ ਮਿਟਾਉਂਣ ਲਈ ਸਾਰਾ ਟਿਲ ਲਾਇਆ ਹੋਇਆ ਸੀ ਅਤੇ ਜੁਲਮ ਦੀ ਇੰਤਹਾਂ ਹੋ ਚੁੱਕੀ ਸੀ। ਸਿੰਘਾਂ ਦੇ ਸਿਰਾਂ ਦੇ ਮੁੱਲ ਪੈਂਦੇ ਸਨ। ਸਿੰਘਾਂ ਨੂੰ ਜੰਗਲਾਂ-ਬੇਲਿਆਂ, ਬੀਆਬਾਨਾਂ, ਮਾਰੂਥਲਾਂ ਵਿਚ ਰਹਿ ਕੇ ਦਿਨ ਕਟੀ ਕਰਨੀ ਪੈ ਰਹੀ ਸੀ। ਉਸ ਵੇਲੇ ਸਿੱਖ ਪੰਥ ਕੋਲ ਇਕ ਬਹੁਤ ਹੀ ਦੂਰ-ਅੰਦੇਸੀ, ਮਹਾਂਬਲੀ, ਨਿਰਭੈ, ਜੰਗੀ ਜਰਨੈਲ ਅਤੇ ਵਿਉਂਤਬੰਦੀ ‘ਚ ਮਾਹਰ ਆਗੂ ਸੀ, ਜਿਸ ਨੂੰ ਸਿੱਖ ਇਤਿਹਾਸ ਵਿਚ ਨਵਾਬ ਕਪੂਰ ਸਿੰਘ ਕਰਕੇ ਜਾਣਿਆ ਜਾਂਦਾ ਹੈ। ਸਰਦਾਰ ਕਪੂਰ ਸਿੰਘ ਦਾ ਜਨਮ ਸੰਨ 1697 ਵਿਚ ਪਿੰਡ ਕਾਨੋ ਕੇ (ਪਰਗਨਾ ਸੇਖੂਪੁਰਾ) ਦੇ ਚੌਧਰੀ ਦਲੀਪ ਸਿੰਘ ਦੇ ਘਰ ਹੋਇਆ। ਸਰਦਾਰ ਦਲੀਪ ਸਿੰਘ ਪੱਤੀ ਮਾਲੋ ਕੀ ਦਾ ਮੁੱਖੀ ਸੀ ਅਤੇ ਗੁਰੂ-ਘਰ ਦਾ ਅਨਿੰਨ ਸੇਵਕ ਸੀ। ਇਸ ਕਰਕੇ ਸਰਦਾਰ ਕਪੂਰ ਸਿੰਘ ਨੂੰ ਗੁਰਬਾਣੀ, ਗੁਰਮਤਿ ਵਿਦਿਆ ਅਤੇ ਸ਼ਸ਼ਤਰ ਵਿਦਿਆ ਦੀ ਸਿਖਲਾਈ ਪਿਤਾ-ਪੁਰਖੀ ਹੀ ਪ੍ਰਾਪਤ ਹੋਈ ਸੀ। ਨੌਜਵਾਨੀ ਵਿਚ ਪੈਰ ਧਰਦਿਆਂ ਸ. ਕਪੂਰ ਸਿੰਘ ਲੰਬੇ ਕੱਦ, ਭਰਵੇਂ ਜੁੱਸੇ ਅਤੇ ਤੀਖਣ ਬੁੱਧੀ ਵਾਲੇ ਹੋ ਚੁੱਕੇ ਸਨ। ਸੰਨ 1721 ਵਿਚ ਸ. ਕਪੂਰ ਸਿੰਘ ਨੇ ਭਾਈ ਮਨੀ ਸਿੰਘ ਜੀ ਦੇ ਜਥੇ ਪਾਸੋਂ ਅੰਮ੍ਰਿਤ ਛੱਕਿਆ।
ਉਸ ਸਮੇਂ ਸਿੱਖ ਛੋਟੇ ਛੋਟੇ ਜਥਿਆਂ ਵਿਚ ਵਿਚਰਣ ਲਈ ਮਜ਼ਬੂਰ ਸਨ, ਪਰ ਕਿਸੇ ਵੀ ਭੀੜਾ ਵੇਲੇ ਸਾਰੇ ਜਥੇ ਇਕੱਠੇ ਹੋ ਕੇ ਮੁਕਾਬਲਾ ਕਰਦੇ ਸਨ। ਭਾਈ ਤਾਰਾ ਸਿੰਘ ‘ਵਾਂ’ ਦੀ ਸ਼ਹੀਦੀ ਤੋਂ ਬਾਅਦ 1726 ਵਿਚ ਖਾਲਸਾ ਪੰਥ ਨੇ ਆਪਣੇ ਭਵਿੱਖ ਦੇ ਹਾਲਾਤਾਂ ਨਾਲ ਨਜਿੱਠਨ ਲਈ ਇਕ ਇਕੱਤਰਤਾ ਅੰਮ੍ਰਿਤਸਰ ਵਿਖੇ ਕੀਤੀ। ਇਥੇ ਇਹ ਫੈਸਲੇ ਲਏ ਗਏ ਕਿ ਖਾਲਸਾ ਪੰਥ ਦੀ ਮਜਬੂਤੀ ਲਈ ਹਕੂਮਤ ਦੇ ਖਜ਼ਾਨੇ ਲੁਟੇ ਜਾਣ, ਸ਼ਾਹੀ ਫੌਜਾਂ ਕੋਲੋਂ ਦਾਅ ਲਗੇ ‘ਤੇ ਹਥਿਆਰਾਂ ਅਤੇ ਘੋੜਿਆਂ ਦੀ ਖੋਹ ਕੀਤੀ ਜਾਵੇ ਅਤੇ ਸਿੰਘਾਂ ਬਾਰੇ ਹਕੂਮਤ ਨੂੰ ਜਾਣਕਾਰੀ ਭੇਦ ਦੇਣ ਵਾਲੇ ਸਰਕਾਰੀ ਪਿਠੂਆਂ ਨੂੰ ਸੋਧਾ ਲਾਇਆ ਜਾਵੇ। ਜਥੇਦਾਰ ਦਰਬਾਰਾ ਸਿੰਘ ਨੇ ਸਰਦਾਰ ਕਪੂਰ ਸਿੰਘ ਨੂੰ ਯੋਗ ਜਾਣ ਕੇ ਮੁੱਖ ਜਥੇਦਾਰ ਦੇ ਤੌਰ ‘ਤੇ ਪ੍ਰਵਾਨਗੀ ਦੇ ਦਿੱਤੀ। ਉਹਨਾਂ ਦੀ ਅਗਵਾਈ ਵਿਚ ਇਕ ਜਥਾ ਮਾਝੇ ਵੱਲ ਦੁਸ਼ਮਨਾਂ ਨੂੰ ਸੋਧਣ ਲਈ ਨਿਕਲ ਤੁਰਿਆ। ਉਲੀਕੇ ਗਏ ਪ੍ਰੋਗਰਾਮ ਅਨੁਸਾਰ 400 ਦੇ ਕਰੀਬ ਸਿੰਘਾਂ ਦੇ ਜਥੇ ਨੇ ਮਿਲ ਕੇ ਮੁਲਤਾਨ ਤੋਂ ਲਾਹੌਰ ਜਾ ਰਹੇ ਸ਼ਾਹੀ ਖਜਾਨੇ ਦੀ ਖੂਬ ਲੁੱਟ ਕੀਤੀ। ਇਸ ਤੋਂ ਬਾਅਦ ਕਸੂਰ ਤੋਂ ਲਾਹੌਰ ਜਾ ਰਹੇ ਸਿਪਾਹੀਆਂ ਪਾਸੋਂ ਇਕ ਲੱਖ ਰੁਪਏ ਦੀ ਲੁੱਟ ਕੀਤੀ ਗਈ। ਤੀਜੇ ਹਮਲੇ ਵਿਚ ਸਿੰਘਾਂ ਨੇ ਮੁਰਤਜ਼ਾ ਖਾਨ (ਜੋ ਸ਼ਾਹੀ ਸੈਨਾ ਨੂੰ ਹਥਿਆਰ ਅਤੇ ਘੋੜੇ ਸਪਲਾਈ ਕਰਦਾ ਸੀ) ਨੂੰ ਸੋਧਾ ਲਾ ਦਿੱਤਾ। ਇਸ ਤੋਂ ਇਲਾਵਾ ਕਾਬਲ ਤੋਂ ਦਿੱਲੀ ਜਾ ਰਹੀ ਸ਼ਾਹੀ ਫੌਜ ਨੂੰ ਲੁੱਟ ਕੇ ਸਿੰਘਾਂ ਨੇ ਹਥਿਆਰਾਂ ਅਤੇ ਘੋੜਿਆਂ ਦਾ ਵੱਡਾ ਜਖੀਰਾ ਜਮ੍ਹਾਂ ਕਰ ਲਿਆ। ਇਕ ਹੋਰ ਮਾਰ ਵਿਚ ਸਰਦਾਰ ਬੁੱਢਾ ਸਿੰਘ ਅਤੇ ਬਾਗ ਸਿੰਘ ਦੇ ਜਥਿਆਂ ਪਿਸ਼ਾਵਰ ਤੋਂ ਦਿੱਲੀ ਜਾ ਰਹੇ ਮੁਹੰਮਦ ਜਾਫਰ ਖਾਂ ਪਾਸੋਂ ਦਰਿਆ ਬਿਆਸ ਨੇੜੇ ਬਹੁਤ ਸਾਰਾ ਸੋਨਾ-ਚਾਂਦੀ ਆਦਿ ਲੁੱਟ ਲਿਆ। ਇਸ ਖੋਹਾ-ਮਾਈ ਵਿਚ ਸਿੱਖਾਂ ਦੇ ਉਚੇ ਇਖਲਾਕ ਦੀ ਮਿਸਾਲ ਉਦੋਂ ਵੇਖਣ ਨੂੰ ਮਿਲੀ, ਜਦੋਂ ਸ਼ਾਹੀ ਖਜਾਨੇ ਦੇ ਭੁਲੇਖੇ ਸਿਆਲਕੋਟ ਦੇ ਇਕ ਵਪਾਰੀ ਸੇਠ ਪ੍ਰਤਾਪ ਚੰਦ ਦੇ ਲੁਟੇ ਖਜਾਨੇ ਨੂੰ ਵਾਪਸ ਮੋੜ ਦਿੱਤਾ।
ਸ਼ਾਹੀ ਖਜਾਨਿਆਂ ਦੀਆਂ ਨਿੱਤ ਹੁੰਦੀਆਂ ਲੁੱਟਾਂ ਕਾਰਨ ਦਿੱਲੀ ਦੀ ਹਕੂਮਤ ਘਬਰਾ ਗਈ। ਹਕੂਮਤ ਨੇ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਂ ਦੀ ਮਦਦ ਲਈ ਫੌਜ ਦੀ ਇਕ ਵੱਡੀ ਟੁਕੜੀ ਭੇਜੀ ਤਾਂ ਜੋ ਲਾਹੌਰ ਦੀ ਫੌਜ ਨਾਲ ਮਿਲ ਕੇ ਜੰਗਲਾਂ-ਬੇਲਿਆਂ ਵਿਚ ਪਨਾਹ ਲਈ ਬੈਠੇ ਸਿੰਘਾਂ ਨੂੰ ਖਤਮ ਕੀਤਾ ਜਾ ਸਕੇ। ਇਸ ਫੌਜ ਨਾਲ ਕਈ ਥਾਵਾਂ ‘ਤੇ ਸਿੰਘਾਂ ਦੀ ਮੁੱਠ-ਭੇੜ ਵੀ ਹੋਈ, ਪਰ ਸਿੰਘਾਂ ਦੀ ਤਾਕਤ ਅਤੇ ਦਲੇਰੀ ਅੱਗੇ ਹਕੂਮਤ ਦੀ ਕੋਈ ਪੇਸ਼ ਨਹੀਂ ਜਾ ਰਹੀ ਸੀ। ਸੰਨ 1730 ਵਿਚ ਫੇਰ ਸਿੰਘਾਂ ਨੇ ਲਾਹੌਰ ਤੋਂ ਦਿੱਲੀ ਲਿਜਾਈ ਜਾ ਰਹੀ ਮਾਲੀਏ ਦੀ ਵੱਡੀ ਰਕਮ ਉਤੇ ਹੱਥ ਫੇਰਿਆ। ਸਿੰਘਾਂ ਦੇ ਬੁਲੰਦ ਹੌਸਲੇ ਨੂੰ ਤੋੜਣ ਲਈ ਜ਼ਕਰੀਆ ਖਾਂ ਨੇ ਗਸ਼ਤੀ ਫੌਜਾਂ ਨੂੰ ਪਿੰਡਾਂ ਵਿਚ ਭੇਜਿਆ ਤਾਂ ਕਿ ਸਿੱਖਾਂ ਦੇ ਹਿਮਾਇਤੀਆਂ ਦਾ ਪਤਾ ਲਗਾ ਕੇ ਖਤਮ ਕੀਤਾ ਜਾ ਸਕੇ। ਬਹੁਤ ਸਾਰੇ ਆਮ ਲੋਕਾਂ ਨੂੰ ਜ਼ਕਰੀਆਂ ਖਾਂ ਦੇ ਜੁਲਮਾਂ ਦਾ ਸ਼ਿਕਾਰ ਹੋਣਾ ਪਿਆ। ਪਰ ਖਾਲਸਾ ਫੌਜ ਤੱਕ ਪਹੁੰਚ ਬਣਾਉਣੀ ਜ਼ਕਰੀਆ ਖਾਂ ਨੂੰ ਬਹੁਤ ਔਖੀ ਲਗ ਰਹੀ ਸੀ । ਸੋ ਉਸਨੇ ਸੰਨ 1733 ਵਿਚ ਇਕ ਵਾਰ ਫਿਰ ਤੋਂ ਦਿੱਲੀ ਦਰਬਾਰ ਤੱਕ ਪਹੁੰਚ ਕੀਤੀ ਕਿ ਕੋਈ ਨਵੀਂ ਚਾਲ ਚਲ ਕੇ ਸਿੰਘਾਂ ਵੱਲੋਂ ਸ਼ਾਹੀ ਖਜਾਨੇ ਦੀ ਲਗਾਤਾਰ ਹੋ ਰਹੀ ਲੁੱਟ ਨੂੰ ਠੱਲ ਪਾਈ ਜਾ ਸਕੇ। ਦਿੱਲੀ ਹਕੂਮਤ ਦੀ ਸਲਾਹ ‘ਤੇ ਲਾਹੌਰ ਦੀ ਹਕੂਮਤ ਨੇ ਸਿੰਘਾਂ ਉਤੋਂ ਗੁਰਧਾਮਾਂ ਦੀ ਯਾਤਰਾ ਅਤੇ ਪਿੰਡਾਂ ਵਿਚ ਵਿਚਰਨ ਦੀਆਂ ਸਾਰੀਆਂ ਪਾਬੰਦੀਆਂ ਹਟਾ ਦਿਤੀਆਂ ਅਤੇ ਸਿੰਘਾਂ ਵਲੋਂ ਸ਼ਾਹੀ ਖਜਾਨੇ ਦੀ ਲੁੱਟ ਨਾ ਕਰਨ ਬਦਲੇ, ਗੁਜ਼ਰਾਨ ਦੇ ਤੌਰ ‘ਤੇ ਦੀਪਾਲਪੁਰ, ਝਬਾਲ ਅਤੇ ਕੰਗਨਵਾਲ ਆਦਿ ਦੀ ਜਗੀਰ ਅਤੇ ਇਕ ਲੱਖ ਮੋਹਰਾਂ ਨਕਦ ਦੇਣ ਦੀ ਪੇਸ਼ਕਸ਼ ਕੀਤੀ।
ਮਿਲਵਰਤਨੀਏ ਸਿੰਘ ਭਾਈ ਸੁਬੇਗ ਸਿੰਘ ਦੀ ਮਾਰਫਤ ਭੇਜੀ ਹਕੂਮਤ ਦੀ ਇਸ ਪੇਸ਼ਕਸ਼ ਨੂੰ ਖਾਲਸੇ ਨੇ ਮਿਲ ਬੈਠ ਕੇ ਵੀਚਾਰਿਆ। ਪਹਿਲਾਂ ਤਾਂ ਨਾਂਹ ਨੁੱਕਰ ਹੋਈ, ਫਿਰ ਕੁਝ ਸੂਝਵਾਨ ਆਗੂਆਂ ਨੇ ਸੁਝਾਅ ਦਿਤਾ ਕਿ ਜਿਨ੍ਹੀ ਦੇਰ ਹਕੂਮਤ ਦੀ ਦਿਤੀ ਜਗੀਰ ਦਾ ਫਾਇਦਾ ਉਠਾਇਆ ਜਾ ਸਕਦਾ ਹੈ। ਨਾਲੇ ਸਿੰਘਾਂ ਨੂੰ ਪੱਕੇ ਪੈਰੀਂ ਹੋਣ ਦਾ ਮੌਕਾ ਮਿਲ ਜਾਵੇਗਾ, ਜੇ ਹਕੂਮਤ ਤਿੜ-ਫਿੜ ਕਰੂਗੀ ਤਾਂ ਫਿਰ ਜਗੀਰ ਹਕੂਮਤ ਦੇ ਮੱਥੇ ਮਾਰਾਂਗੇ। ਹੁਣ ਮਸਲਾ ਇਹ ਸੀ ਕਿ ਨਵਾਬੀ ਦੀ ਖਿਲ੍ਹਤ ਕਿਸਨੂੰ ਸਪੁਰਦ ਕੀਤੀ ਜਾਵੇ। ਉਸ ਸਮੇਂ ਸਿੰਘਾਂ ਵਿਚ ਭਾਈ ਦਰਬਾਰਾ ਸਿੰਘ ਅਤੇ ਸਰਦਾਰ ਕਪੂਰ ਸਿੰਘ ਦਾ ਬਹੁਤ ਸਤਿਕਾਰ ਸੀ। ਭਾਈ ਦਰਬਾਰਾ ਸਿੰਘ ਨੇ ਆਪਣੀ ਬਿਰਧ ਅਵਸਥਾ ਦਾ ਵਾਸਤਾ ਦੇ ਕੇ ਲਾਂਭੇ ਹੋਣਾ ਕਰ ਲਿਆ, ਹੁਣ ਨਵਾਬੀ ਦਾ ਗੁਣਾ ਸਰਦਾਰ ਕਪੂਰ ਸਿੰਘ ਦੀ ਝੋਲੀ ਪੈਣਾ ਸੀ। ਕਹਿੰਦੇ ਨੇ ਕਿ ਸਰਦਾਰ ਕਪੂਰ ਸਿੰਘ ਉਸ ਵੇਲੇ ਸੰਗਤਾਂ ਨੂੰ ਪੱਖਾ ਝੱਲਣ ਦੀ ਸੇਵਾ ਕਰ ਰਹੇ ਸਨ। ਸਿੰਘਾਂ ਨੇ ਪੰਜ ਪਿਆਰਿਆਂ ਦੇ ਰੂਪ ਵਿਚ ਸਰਦਾਰ ਕਪੂਰ ਸਿੰਘ ਨੂੰ ਨਵਾਬੀ ਦੀ ਕਲਗੀ ਸਜਾਉਣ ਲਈ ਹੁੱਕਮ ਕੀਤਾ। ਸਰਦਾਰ ਕਪੂਰ ਸਿੰਘ ਦੇ ਬਚਨ ਸਨ ”ਮੈਨੂੰ ਖਾਲਸਾ ਪੰਥ ਦਾ ਹਰ ਹੁੱਕਮ ਖਿੜੇ ਮੱਥੇ ਪ੍ਰਵਾਨ ਹੈ। ਮੈਂ ਨਵਾਬੀ ਦੀ ਖਿਲ੍ਹਤ ਤਾਂ ਝੋਲੀ ਪਵਾ ਲਵਾਂਗਾ, ਪਰ ਮੇਰੀ ਬੇਨਤੀ ਹੈ ਕਿ ਮੇਰੇ ਕੋਲੋਂ ਸਿੰਘਾਂ ਦੇ ਘੋੜਿਆਂ ਦੀ ਲਿੱਦ ਹਟਾਉਣ ਅਤੇ ਪਾਣੀ-ਪੱਖੇ ਦੀ ਸੇਵਾ ਖੋਹੀ ਨਾ ਜਾਵੇ।” ਨਵਾਬ ਕਪੂਰ ਸਿੰਘ ਦੇ ਬਚਨ ਅੱਜਕਲ ਦੇ ਅਖੌਤੀ ਜਥੇਦਾਰਾਂ ਦੇ ਮੂੰਹ ‘ਤੇ ਚਪੇੜ ਵਾਂਙ ਹਨ। ਖੈਰ ਨਵਾਬੀ ਦੀ ਖਿੱਲਤ ਵਿਚ ਸ਼ਾਲ, ਪੱਗ, ਇਕ ਜੜਾਊ ਕਲਗੀ, ਜਿਗ੍ਹਾ, ਦੋ ਸੁਨਿਹਰੀ ਕੰਗਨ, ਕੈਂਠਾ, ਬਹੁਮੁਲੇ ਮੋਤੀਆਂ ਦੀ ਮਾਲਾ, ਜਾਮਾ ਅਤੇ ਜੜਾਊ ਸ਼ਮਸ਼ੀਰ ਆਦਿ ਪੰਜਾ ਪਿਆਰਿਆਂ ਦੇ ਚਰਨਾਂ ਨੂੰ ਛੁਹਾ ਕੇ ਨਵਾਬ ਕਪੂਰ ਸਿੰਘ ਜੀ ਨੂੰ ਪਹਿਨਾਏ ਗਏ।
ਨਵਾਬ ਕਪੂਰ ਸਿੰਘ ਸਮਝਦੇ ਸਨ ਕਿ ਹਕੂਮਤ ਨਾਲ ਮੇਲ ਕੋਈ ਲੰਮਾ ਸਮਾਂ ਚਲਣ ਵਾਲਾ ਨਹੀਂ, ਇਸ ਕਰਕੇ ਉਨ੍ਹਾਂ ਨੇ ਸਮੇਂ ਦਾ ਲਾਭ ਉਠਾਉਂਦੇ ਹੋਏ ਸਾਰੇ ਸਿੰਘਾਂ ਦਾ ਇਕੱਠ ਅੰਮ੍ਰਿਤਸਰ ਬੁਲਾਇਆ ਅਤੇ ਦੋ ਵੱਖ-ਵੱਖ ਉਮਰ ਦੇ ਗਰੁੱਪ ਬਣਾਏ। ਇਕ 40 ਸਾਲ ਤੋਂ ਵਡੇਰੀ ਉਮਰ ਵਾਲੇ ‘ਬੁੱਢਾ ਦਲ’ ਅਤੇ ਦੂਜੇ 40 ਸਾਲ ਤੋਂ ਛੋਟੀ ਉਮਰ ਵਾਲੇ ਨੌਜਵਾਨਾਂ ਦਾ ਇਕੱਠ ‘ਤਰੁਨਾ ਦਲ’ ਅਖਵਾਉਣ ਲਗਾ। ਬੁੱਢੇ ਦਲ ਦੀ ਜਿੰਮੇਵਾਰੀ ਸੀ ਗੁਰਦੁਆਰਿਆਂ ਦੀ ਸਾਂਭ-ਸੰਭਾਲ, ਧਰਮ ਪ੍ਰਚਾਰ ਅਤੇ ਲੋੜ ਪੈਣ ‘ਤੇ ਤਰੁਨਾ ਦਲ ਦੀ ਮਦਦ ਕਰਨਾ ਅਤੇ ਤਰੁਨਾ ਦਲ ਵਾਲੇ ਜਿਥੇ ਦੁਸ਼ਮਨਾਂ ਦਾ ਮੁਕਾਬਲਾ ਕਰਦੇ, ਉਥੇ ਸਿੱਖ ਰਾਜ ਸਥਾਪਤ ਕਰਨ ਲਈ ਸੰਘਰਸ਼ ਕਰਦੇ ਅਤੇ ਨਾਲ ਨਾਲ ਲੋੜਵੰਦਾਂ ਤੇ ਗਰੀਬਾਂ ਦੀਆਂ ਲੋੜਾਂ ਦੀ ਪੂਰਤੀ ਕਰਦੇ। ਦੋਵਾਂ ਦਲਾਂ ਨੂੰ ਇਉਂ ਨਿਯਮਬੱਧ ਕੀਤਾ ਗਿਆ
(1) ਕਿ ਜੋ ਮਾਇਆ ਪ੍ਰਾਪਤ ਹੋਵੇ, ਉਹ ਪੰਥ ਦੇ ਸਾਂਝੇ ਕਾਰਜਾਂ ਲਈ ਹੀ ਵਰਤੀ ਜਾਵੇਗੀ।
(2) ਦੋਵਾਂ ਜਥਿਆਂ ਦੇ ਲਈ ਘੋੜਿਆਂ, ਹਥਿਆਰਾਂ ਅਤੇ ਲੰਗਰ-ਪਾਣੀ ਲਈ ਮਾਇਆ ਸਾਂਝੇ ਖਜਾਨੇ ਵਿਚੋਂ ਵਰਤੀ ਜਾਵੇਗੀ।
(3) ਸਾਰੇ ਸਿੰਘ ਆਪਣੇ ਜਥੇਦਾਰ ਦਾ ਹੁਕਮ ਮੰਨਣ ਲਈ ਪਾਬੰਦ ਹੋਣਗੇ।
(4) ਆਪਣੇ ਘਰਾਂ ਜਾਂ ਰਿਸ਼ਤੇਦਾਰੀ ‘ਚ ਮਿਲਣ ਜਾਣ ਲਈ ਆਗਿਆ ਲੈਣੀ ਹੋਵੇਗੀ।
ਇਉਂ ਜਦੋਂ ਹੋਲੀ ਹੋਲੀ ਕਰਕੇ ਤਰੁਨਾ ਦਲ ਦੇ ਸਿੰਘਾਂ ਦੀ ਨਫ਼ਰੀ 12000 ਦੇ ਕਰੀਬ ਹੋ ਗਈ ਤਾਂ ਨਵਾਬ ਕਪੂਰ ਸਿੰਘ ਨੇ ਸਾਰੇ ਮੁਖੀਆਂ ਦੀ ਮੀਟਿੰਗ ਬੁਲਾ ਕੇ ਪੂਰੇ ਦਲ ਨੂੰ ਪੰਜ ਹਿਸਿਆਂ ਵਿਚ ਵੰਡ ਦਿੱਤਾ। ਮਗਰੋਂ ਇਹੋ ਜਥੇ 12 ਹਿਸਿਆਂ ਵਿਚ ਵੰਡੇ ਗਏ, ਜਿਨ੍ਹਾਂ ਨੂੰ 12 ਮਿਸਲਾਂ ਦੇ ਤੌਰ ‘ਤੇ ਜਾਣਿਆ ਜਾਣ ਲਗਾ। ਸੰਨ 1733-34 ਦੌਰਾਨ ਖਾਲਸੇ ਨੂੰ ਜਿਨ੍ਹਾਂ ਸਮਾਂ ਸ਼ਾਂਤੀ ਵਾਲਾ ਮਿਲਿਆ, ਉਸ ਵੇਲੇ ਪੰਥ ਦਾ ਖੁੱਲ ਕੇ ਪ੍ਰਚਾਰ ਅਤੇ ਪਾਸਾਰ ਹੋਇਆ। ਜ਼ਕਰੀਆ ਖਾਂ ਨੂੰ ਸਿੰਘਾਂ ਦੀ ਚੜਦੀ ਕਲਾ ਵਾਲੀ ਇਹ ਖੇਡ ਤਾਂ ਬਿਲਕੁਲ ਨਹੀਂ ਭਾਅ ਰਹੀ ਸੀ। ਇਧਰ ਸੂਹੀਆਂ ਦੀ ਰਿਪੋਰਟ ਕਿ ‘ਖਾਲਸਾ ਪੰਥ ਇਕ ਜਗੀਰ ਹੀ ਨਹੀਂ, ਸਗੋਂ ਪੂਰੇ ਪੰਜਾਬ ਨੂੰ ਆਪਣੀ ਜਗੀਰ ਬਨਾਉਂਣ ਲਈ ਤਿਆਰੀ ਕਸੀ ਬੈਠਾ ਹੈ’ ਨੇ ਜ਼ਕਰੀਆ ਖਾਂ ਦੀ ਨੀਂਦ ਹਰਾਮ ਕਰ ਦਿੱਤੀ। ਜਕਰੀਆ ਖਾਂ ਨੇ 4000 ਸਿਪਾਹੀਆਂ ਦੀ ਫੌਜ ਨੂੰ ਸਿੰਘਾਂ ਦਾ ਸਫਾਇਆ ਕਰਨ ਲਈ ਭੇਜਿਆ ਅਤੇ ਨਾਲ ਨਾਲ ਪਿੰਡਾਂ ਦੇ ਚੌਧਰੀਆਂ, ਨੰਬਰਦਾਰਾਂ ਅਤੇ ਜਗੀਰਦਾਰਾਂ ਨੂੰ ਹਿਦਾਇਤਾਂ ਦਿਤੀਆਂ ਕਿ ਪਿੰਡਾਂ ਵਿਚੋਂ ਸਿੱਖਾਂ ਦਾ ਖਾਤਮਾ ਕਰ ਦਿੱਤਾ ਜਾਵੇ। ਇਹ ਉਹ ਭਿਆਨਕ ਸਮਾਂ ਸੀ ਜਦੋਂ ਸਿੱਖ ਦੇ ਸਿਰ ਦਾ ਮੁੱਲ 50 ਮੋਹਰਾਂ, ਜਿਊਂਦੇ ਸਿੱਖ ਨੂੰ ਫੜ ਕੇ ਲਿਆਉਣ ਵਾਲੇ ਨੂੰ 100 ਮੋਹਰਾਂ, ਸੂਹ ਦੇਣ ਵਾਲੇ ਨੂੰ 10 ਮੋਹਰਾਂ ਅਤੇ ਸਿੱਖ ਨੂੰ ਪਨਾਹ ਦੇਣ ਵਾਲੇ ਨੂੰ ਮੌਤ ਦੀ ਸਜਾ ਮਿਥੀ ਗਈ। ਇਸ ਭਿਆਨਕ ਸਮੇਂ ਸਿੰਘਾਂ ਨੇ ਫਿਰ ਤੋਂ ਜੰਗਲਾਂ, ਪਹਾੜਾਂ, ਝੱਲਾਂ ਅਤੇ ਮਾਰੂਥਲਾਂ ਵੱਲ ਮੁਹਾਰ ਮੋੜੀ। ਇਸ ਸਮੇਂ ਦੇ ਹਿੰਦੂ ਪਰਿਵਾਰਾਂ ਵਿਚੋਂ ਜਦੋਂ ਕੋਈ ਪੁੱਤਰ ਸਿੰਘ ਸੱਜ ਜਾਂਦਾ ਤਾਂ ਉਸਦੇ ਮਾਪੇ ਹਕੂਮਤ ਤੋਂ ਡਰਦੇ ਮਾਰੇ ਆਪਣੇ 4 ਪੁੱਤਰਾਂ ਦੀ ਥਾਂ ਗਿਣਤੀ 3 ਹੀ ਦੱਸਦੇ ਸਨ। ਇਸ ਸਮੇਂ ਸਿੱਖ ਬੀਬੀਆਂ, ਬੱਚਿਆਂ ਅਤੇ ਬਜੁਰਗਾਂ ਉਪਰ ਬਹੁਤ ਕਹਿਰ ਵਰਤਿਆ। ਜਿਹੜਾ ਵੀ ਸਿੱਖ ਹਕੂਮਤ ਦੇ ਕਾਬੂ ਆਇਆ ਉਸ ਨੂੰ ਭਿਆਨਕ ਤਸੀਹੇ ਸਿਰ ਕਲਮ ਕਰਨਾ, ਪੁੱਠੀ ਖਲ ਉਤਾਰਨੀ, ਚਰਖੜ੍ਹੀ ‘ਤੇ ਚਾੜ ਕੇ ਸ਼ਹੀਦ ਕਰਨਾ, ਬੱਚਿਆਂ ਨੂੰ ਨੇਜ਼ਿਆਂ ਉਤੇ ਟੰਗਣਾ, ਅੱਖਾਂ ਕੱਢ ਦੇਣੀਆਂ, ਘੋੜਿਆਂ ਦੇ ਪਿੱਛੇ ਬੰਨ੍ਹ ਕੇ ਧੂਹਣਾ ਅਤੇ ਹੋਰ ਕਈ ਤਰ੍ਹਾਂ ਦੇ ਭਿਆਨਕ ਤਸੀਹੇ ਦਿਤੇ ਜਾਂਦੇ। ਲਾਹੌਰ ਸ਼ਹਿਰ ਦੇ ਦਰਵਾਜ਼ਿਆਂ ਉਤੇ ਸਿੱਖਾਂ ਦੇ ਸਿਰਾਂ ਦੇ ਮੁਨਾਰੇ ਚਿਣੇ ਗਏ। ਅੱਜ ਵੀ ਉਹਨਾਂ ਸ਼ਹੀਦ ਸਿੰਘਾਂ, ਸਿੰਘਣੀਆਂ ਤੇ ਭੁਝੰਗੀਆਂ ਨੂੰ ਅਰਦਾਸ ਵਿਚ ਯਾਦ ਕੀਤਾ ਜਾਂਦਾ ਹੈ।
ਏਨ੍ਹੇ ਕਹਿਰ ਦੇ ਬਾਵਜੂਦ ਖਾਲਸੇ ਦੀ ਚੜ੍ਹਦੀ ਕਲਾ ਰਹੀ। ਇਕ ਵਾਰ ਤਾਂ ਨਵਾਬ ਕਪੂਰ ਸਿੰਘ ਜੀ ਹਕੂਮਤ ਨੂੰ ਖਾਲਸੇ ਦਾ ਤੇਜ ਪ੍ਰਤਾਪ ਦਰਸਾਉਂਣ ਲਈ 20 ਸਿੰਘਾਂ ਦਾ ਜਥਾ ਲੈ ਕੇ ਲਾਹੌਰ ਦੀ ਕੋਤਵਾਲੀ ਵਿਚ ਪਹੁੰਚ ਗਏ ਅਤੇ ਕੋਤਵਾਲ ਨੂੰ ਬੰਦੀ ਬਣਾ ਲਿਆ। ਸਾਰਾ ਸਰਕਾਰੀ ਅਸਲਾ ਕਬਜੇ ਵਿਚ ਲੈ ਲਿਆ ਅਤੇ ਸਾਰੇ ਕੈਦੀ ਰਿਹਾਅ ਕਰ ਦਿਤੇ। ਨਵਾਬ ਸਾਹਿਬ ਜਾਂਦੇ ਜਾਂਦੇ ਕੋਤਵਾਲ ਨੂੰ ਕਹਿ ਗਏ ਕਿ ਆਪਣੇ ਹਾਕਮਾਂ ਨੂੰ ਕਹਿ ਦੇਵੀਂ ਕਿ ਸੱਚੇ ਪਾਤਸ਼ਾਹ ਦਾ ਥਾਪਿਆ ਕੋਤਵਾਲ ਸਰਦਾਰ ਕਪੂਰ ਸਿੰਘ ਆਇਆ ਸੀ ਅਤੇ ਜਦੋਂ ਤੱਕ ਹਾਕਮਾਂ ਨੂੰ ਖਬਰ ਪਹੁੰਚਦੀ ਸਿੰਘ ‘ਓਹ ਗਏ, ਓਹ ਗਏ’ ਹੋ ਗਏ। ਇਸ ਤੋਂ ਬਾਅਦ ਨਵਾਬ ਕਪੂਰ ਸਿੰਘ ਨੇ ਸੰਨ 1736 ਵਿਚ ਗੁਰੂ ਮਾਰੀ ਸਰਹੰਦ ਦੇ ਹਾਕਮਾਂ ਨੂੰ ਖੂਬ ਲੁਟਿਆ ਅਤੇ ਕੁਟਿਆ। ਫਿਰ ਉਨ੍ਹਾਂ ਨੇ ਪਟਿਆਲਾ ਰਿਆਸਤ ਵੱਲ ਜਾਣਾ ਕੀਤਾ, ਜਿਥੇ ਬਾਬਾ ਆਲਾ ਸਿੰਘ ਨੇ ਉਨ੍ਹਾਂ ਦੀ ਬਹੁਤ ਆਉ ਭਗਤ ਕੀਤੀ। ਸਿੰਘਾਂ ਦੀ ਮਾਰੋ-ਮਾਰ ਤੋਂ ਅੱਕ ਕੇ ਜ਼ਕਰੀਆ ਖਾਂ ਨੇ ਹੈਬਤ ਖਾਂ, ਸਲਾਬਤ ਖਾਂ, ਦੀਵਾਨ ਲੱਖਪਤ ਰਾਇ ਅਤੇ ਕੁਤਬਦੀਨ ਦੀ ਅਗਵਾਈ ਵਿਚ ਇਕ ਵੱਡੀ ਫੌਜ ਨੂੰ ਬੁੱਢਾ ਦਲ ਦੇ ਬਾਸਰਕੇ ਦੀ ਬੀੜ ਵਾਲੇ ਪੜਾਅ ‘ਤੇ ਹਮਲਾ ਕਰਨ ਲਈ ਭੇਜਿਆ। ਇਥੇ ਵੀ ਖਾਲਸੇ ਨੇ ਡੱਟ ਕੇ ਵੈਰੀ ਦਾ ਮੁਕਾਬਲਾ ਕੀਤਾ। ਨਵਾਬ ਕਪੂਰ ਸਿੰਘ ਦੇ ਹੁਕਮ ਨੂੰ ਮੰਨ ਕੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਸ਼ਾਹੀ ਫੌਜ ਦੇ ਅੱਖੀਂ ਘੱਟਾ ਪਾ ਕੇ ਸਰਹੰਦ ਤੋਂ ਲੁਟਿਆ ਖਜਾਨਾ ਲੈ ਕੇ ਨਿਕਲ ਗਏ। ਨਵਾਬ ਕਪੂਰ ਸਿੰਘ ਨੇ ਬੜੀ ਤਕਰੀਬ ਨਾਲ ਸ਼ਾਹੀ ਫੌਜ ਨੂੰ ਉਲਝਾਈ ਰਖਿਆ। ਥੱਕ ਹਾਰ ਕੇ ਜਦੋਂ ਸ਼ਾਹੀ ਫੌਜ ਲਾਹੌਰ ਵੱਲ ਜਾ ਰਹੀ ਸੀ ਤਾਂ ਨਵਾਬ ਕਪੂਰ ਸਿੰਘ ਨੇ 200 ਸਿੰਘਾਂ ਦੇ ਜਥੇ ਨਾਲ ਫਿਰ ਤੋਂ ਹਮਲਾ ਕਰਕੇ ਸ਼ਾਹੀ ਫੌਜ ਦੀ ਅਗਵਾਈ ਕਰ ਰਹੇ ਲਖਪਤ ਰਾਏ ਦੇ ਭਤੀਜੇ ਦੁਨੀ ਚੰਦ, ਕਮਾਂਡਰ ਜ਼ਮਾਲ ਖਾਂ, ਤਤਾਰ ਖਾਂ ਸਮੇਤ ਹੋਰ ਕਈਆਂ ਨੂੰ ਮਾਰ ਪਾਰ ਬੁਲਾਇਆ।
ਹੁਣ ਖਾਨ ਬਹਾਦਰ ਨੇ ਗੁੱਸੇ ਵਿਚ ਆ ਕੇ ਕਾਜ਼ੀ ਅਬਦੁਲ ਰਹਿਮਾਨ ਦੀ ਅਗਵਾਈ ਵਿਚ ਅੰਮ੍ਰਿਤਸਰ ਦੇ ਆਲ-ਦੁਆਲੇ ਫੌਜ ਦਾ ਸਖਤ ਪਹਿਰਾ ਲਗਵਾ ਦਿਤਾ ਤਾਂ ਜੋ ਸਿੱਖਾਂ ਨੂੰ ਪਵਿੱਤਰ ਸਰੋਵਰ ਵਿਚ ਇਸ਼ਨਾਨ ਕਰਨ ਤੋਂ ਵਾਂਝਿਆਂ ਕੀਤਾ ਜਾ ਸਕੇ। ਹਕੁਮਤ ਦੇ ਪਹਿਰੇ ਤੋੜਦੇ ਹੋਏ ਭਾਈ ਸੁੱਖਾ ਸਿੰਘ ਮਾੜ੍ਹੀ ਕੰਬੋਕੇ ਅਤੇ ਭਾਈ ਥਰ੍ਹਾਜ਼ ਸਿੰਘ ਨੇ ਸਰੋਵਰ ਵਿਚ ਇਸ਼ਨਾਨ ਵੀ ਕੀਤਾ ਅਤੇ ਜਾਂਦੇ ਹੋਏ ਕਾਜ਼ੀ ਅਬਦੁਲ ਰਹਿਮਾਨ ਅਤੇ ਉਸਦੇ ਪੁੱਤਰ ਦਾ ਫਾਹਾ ਵੱਢ ਗਏ। ਸਮੱਦ ਖਾਂ ਦੀ ਅਗਵਾਈ ਵਿਚ ਹਕੂਮਤ ਦੀ ਫੌਜ ਸਿੱਖਾਂ ਦੇ ਸਰਦਾਰ ਕਪੂਰ ਸਿੰਘ ਦੀ ਭਾਲ ਕਰ ਰਹੀ ਸੀ। ਇਸੇ ਦੌਰਾਨ ਸੰਨ 1737 ਵਿਚ ਹਕੂਮਤ ਨੇ ਸਰਕਾਰੀ ਟੈਕਸ ਨਾ ਭਰਨ ਦਾ ਬਹਾਨਾ ਬਣਾ ਕੇ ਭਾਈ ਮਨੀ ਸਿੰਘ ਜੀ ਸਮੇਤ ਹੋਰ ਕਈ ਸਿੰਘਾਂ ਨੂੰ ਸਖਤ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ। ਸਿੱਖਾਂ ਵਿਚ ਇਸ ਬਾਰੇ ਬਹੁਤ ਗੁੱਸਾ ਸੀ, ਸੋ ਸਰਦਾਰ ਅਘੱੜ ਸਿੰਘ ਅਤੇ ਭਾਈ ਥਰਾਜ਼ ਸਿੰਘ ਨੇ ਭਾਈ ਸਾਹਿਬ ਦੇ ਕਾਤਲਾਂ ਨੂੰ ਮਾਰ ਮੁਕਾਇਆ। ਇਕ ਮੁੱਖ ਦੋਸ਼ੀ ਅਬਦੁਲ ਸਮੱਦ ਖਾਂ ਨੂੰ ਜੰਗ ਦੇ ਮੈਦਾਨ ਵਿਚ ਕਾਬੂ ਕਰਕੇ ਘੋੜਿਆਂ ਦੇ ਮਗਰ ਬੰਨ੍ਹ ਕੇ ਮਾਰਿਆ, ਪਰ ਜਕਰੀਆ ਖਾਂ ਖਾਲਸੇ ਤੋਂ ਡਰਦਾ ਫੌਜਾਂ ਦੇ ਭਾਰੀ ਪਹਿਰੇ ਅਧੀਨ ਕਿਲ੍ਹੇ ਵਿਚ ਲੁੱਕ ਕੇ ਬੈਠਾ ਰਿਹਾ।
ਇਧਰ ਸੰਨ 1738 ਵਿਚ ਨਾਦਰ ਸ਼ਾਹ ਨੇ ਦਿੱਲੀ ਵਿਚ ਇਕ ਲੱਖ ਤੋਂ ਉਪਰ ਵਿਅਕਤੀਆਂ ਨੂੰ ਮਰਵਾ ਦਿੱਤਾ ਅਤੇ ਜਦੋਂ ਉਹ 70 ਕਰੋੜ ਮੁੱਲ ਦੇ ਗਹਿਣੇ, 25 ਕ੍ਰੋੜ ਜੰਗ ਦਾ ਇਵਜ਼ਾਨਾ, 1000 ਹਾਥੀ, 7000 ਘੋੜੇ, 10000 ਊਠ, ਹਜਾਰਾਂ ਦੀ ਗਿਣਤੀ ਵਿਚ ਮਾਹਰ ਕਾਰੀਗਰਾਂ ਅਤੇ ਔਰਤਾਂ ਨੂੰ ਗੁਲਾਮ ਬਣਾ ਕੇ ਮਾਰੋ ਮਾਰ ਕਰਦਾ ਪੰਜਾਬ ਵਿਚੋਂ ਦੀ ਵਾਪਸ ਲੰਘ ਰਿਹਾ ਸੀ ਤਾਂ ਨਵਾਬ ਕਪੂਰ ਸਿੰਘ ਦੀ ਅਗਵਾਈ ਹੇਠ ਸਿੰਘਾਂ ਨੇ ਅਚਾਨਕ ਹਮਲਾ ਕਰਕੇ ਬੰਦੀ ਔਰਤਾਂ ਨੂੰ ਛੁਡਵਾਇਆ ਅਤੇ ਨਾਦਰ ਸ਼ਾਹ ਲੁੱਟ ਦੇ ਮਾਲ ਵਿਚੋਂ ਹਿੱਸਾ ਵੰਡਾਇਆ। ਨਾਦਰ ਸ਼ਾਹ ਨੇ ਗੁੱਸੇ ਵਿਚ ਆ ਕੇ ਜ਼ਕਰੀਆ ਖਾਂ ਨੂੰ ਪੁਛਿਆ ਕਿ ਇਹ ਕੌਣ ਹਨ ਜਿਨ੍ਹਾਂ ਨੇ ਮੇਰਾ ਰਾਹ ਰੋਕਿਆ ਹੈ। ਇਸ ਵਾਕਿਆਤ ਨੂੰ ਗਿਆਨੀ ਰਤਨ ਸਿੰਘ ਨੇ ਇਉਂ ਕਲਮ ਬੰਧ ਕੀਤਾ ਹੈ :-

ਪੂਛਯੋ ਖਾਨੂ ਕੋ ਨਾਦਰ ਆਇ। ਹਮ ਕੋ ਲੂਟਨਹਾਰ ਬਤਾਇ।
ਜਿਨ ਲੁਟ ਖਾਯੋ ਹਮਰੋ ਰਾਹ। ਮੁਲਕ ਉਸੇ ਕੀ ਉਡਾ ਦਿਉ ਸਵਾਹਿ।
ਤਬ ਖਾਨੂ ਨੇ ਐਸ ਬਖਾਨੀ। ਮੁਲਕ ਉਸੇ ਕੀ ਨਾਹਿ ਨਿਸ਼ਾਨੀ।
ਖੜੇ ਸੋਵੈਂ ਔਰ ਚਲਤੇ ਖਾਹਿ। ਨਾਹਿ ਬੈਠੇ ਵੈ ਕਿਤੇ ਰਖਾਇ।
ਨੂਨ ਘਿਰਤ ਕੋ ਸੁਵਾਦ ਨ ਜਾਨੇ। ਹਮ ਦੁਖ ਦੇਵੈਂ ਵੈ ਸੁਖ ਮਾਨੇ।
ਹਾੜ ਨ ਦਿਨ ਭਰ ਪੀਵੈ ਪਾਨੀ। ਸਿਆਲ ਰਖੈ ਨ ਅਗਨ ਨਿਸ਼ਾਨੀ।
ਨਹਿ ਖਾਵੈਂ ਵੈ ਪੀਸਯ ਨਾਜ। ਬਹੁਤ ਵੈ ਕਰਕੇ ਭਾਜ।
ਏਕ ਹੋਏ ਤਾਂ ਸੌ ਸੌ ਲਰੈ। ਮਰਨ ਮਾਰਨ ਤੇ ਮੂਲ ਨ ਡਰੈਂ।

ਦੋਹਰਾ
ਰਹੈ ਚਾਉ ਉਨ ਮਰਨ ਕੋ, ਦੀਨ ਮਜ਼ਹਬ ਕੇ ਭਾਇ।
ਹਮ ਮਾਰਤ ਉਨ ਥਕ ਗੲੈ, ਉਇ ਘਟਤ ਨ ਕਿਤਹੂ ਜਾਇ।

ਤਾਂ ਨਾਦਰ ਸ਼ਾਰ ਨੇ ਹਾਲਾਤ ਸਮਝਦੇ ਜ਼ਕਰੀਆ ਖਾਂ ਨੂੰ ਸੁਚੇਤ ਕੀਤਾ ਕਿ ਉਹ ਦਿਨ ਦੂਰ ਨਹੀਂ, ਜਦੋਂ ਇਹ ਕੌਮ ਇਸ ਮੁਲਕ ਦੀ ਬਾਦਸ਼ਾਹਤ ਮਾਨੇਗੀ।
ਕਾਜ਼ੀ ਅਬਦੁਲ ਰਹਿਮਾਨ ਦੇ ਮਾਰੇ ਜਾਣ ਤੋਂ ਬਾਅਦ ਹਕੂਮਤ ਨੇ ਮੱਸੇ ਰੰਘੜ੍ਹ ਨੂੰ ਅੰਮ੍ਰਿਤਸਰ ਵਿਖੇ ਕੋਤਵਾਲ ਲਾਇਆ। ਉਸਨੇ ਦਰਬਾਰ ਸਾਹਿਬ ਦੀ ਜੋ ਬੇਅਦਬੀ ਕੀਤੀ ਸਰਦਾਰ ਸੁੱਖਾ ਸਿੰਘ ਮਾੜੀ ਕੰਬੋਕੇ ਅਤੇ ਮਹਿਤਾਬ ਸਿੰਘ ਮੀਰਾਂਕੋਟੀਏ ਨੇ ਮੱਸੇ ਰੰਗੜ ਦਾ ਸਿਰ ਵੱਢ ਕੇ ਖਾਲਸੇ ਦੇ ਕਦਮਾਂ ‘ਚ ਲਿਆ ਧਰਿਆ। ਉਸ ਤੋਂ ਬਾਅਦ ਠਰੂ ਪਿੰਡ ਦਾ ਰਾਜਪੂਤ ਸਲਾਬਤ ਖਾਂ ਅੰਮ੍ਰਿਤਸਰ ਦਾ ਹਾਕਮ ਬਣਾਇਆ ਗਿਆ ਤਾਂ ਨਵਾਬ ਕਪੂਰ ਸਿੰਘ ਅਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੇ 1747 ਵਿਚ ਉਸਦੇ ਵੀ ਟੋਟੇ ਕਰ ਦਿਤੇ। ਉਸਦਾ ਭਤੀਜਾ ਨਜਾਬਤ ਖਾਂ ਜਦੋਂ ਸਰਦਾਰ ਆਹਲੂਵਾਲੀਏ ਉਤੇ ਵਾਰ ਕਰਨ ਲਗਾ ਤਾਂ ਨਵਾਬ ਕਪੂਰ ਸਿੰਘ ਨੇ ਤੀਰ ਦੇ ਇਕੋ ਵਾਰ ਨਾਲ ਉਸਨੂੰ ਵੀ ਢੇਰੀ ਕਰ ਦਿਤਾ।
ਸੰਨ 1753 ਵਿਚ ਨਵਾਬ ਕਪੂਰ ਸਿੰਘ ਜੀ ਨੇ ਆਪਣਾ ਅੰਤਿਮ ਸਮਾਂ ਨੇੜੇ ਜਾਣ ਕੇ ਮਾਤਾ ਸੁੰਦਰ ਕੌਰ ਵੱਲੋਂ ਮਿਲੀ ਗਾਤਰੇ ਕ੍ਰਿਪਾਨ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੂੰ ਸੌਂਪਣਾ ਕੀਤੀ ਅਤੇ ਪ੍ਰਣ ਲਿਆ ਕਿ ਖਾਲਸਾ ਪੰਥ ਨੂੰ ਇਕ ਮੁੱਠ ਰਖਣਗੇ। ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਖੇਰੂੰ-ਖੇਰੂੰ ਹੋਏ ਸਿੱਖ ਪੰਥ ਨੂੰ ਮੁੜ ਤੋਂ ਜਥੇਬੰਦ ਕਰਕੇ ਉਭਾਰਨ ਦਾ ਸਿਹਰਾ ਨਵਾਬ ਕਪੂਰ ਸਿੰਘ ਜਿਹੇ ਦੂਰ-ਅੰਦੇਸ਼ੀ ਅਤੇ ਮਹਾਨ ਯੋਧੇ ਦੇ ਸਿਰ ‘ਤੇ ਹੀ ਸੋਭਦਾ ਹੈ।

 ਦਲਜੀਤ ਸਿੰਘ (ਮਹਿਤਾ ਚੌਂਕ)

wmunch09@gmail.com

Install Punjabi Akhbar App

Install
×