
ਪੰਜਾਬੀ ਅਖ਼ਬਾਰ ਨੇ ਐਡੀਲੇਡ ਦੇ ਇੱਕ ਦੰਪਤੀ ਨਵਨਿੰਦਰ ਕੌਰ ਅਤੇ ਉਨ੍ਹਾਂ ਦੇ ਪਤੀ ਵਿਕਰਮ ਜੀਤ ਸਿੰਘ -ਜਿਨ੍ਹਾਂ ਨੂੰ ਆਸਟ੍ਰੇਲੀਆ ਵਿੱਚੋਂ ਚਲੇ ਜਾਣ ਦੇ ਹੁਕਮ ਸੁਣਾ ਦਿੱਤੇ ਗਏ ਸਨ, ਦਾ ਮੁੱਦਾ ਜ਼ੋਰ-ਸ਼ੋਰ ਨਾਲ ਚੁੱਕਿਆ ਸੀ ਅਤੇ ਇਨਸਾਫ਼ ਦੀ ਗੁਹਾਰ ਲਗਾਈ ਸੀ ਕਿਉਂਕਿ ਇਸ ਦੰਪਤੀ ਦੇ ਦੱਸਣ ਅਨੁਸਾਰ ਕੁੱਝ ਧੋਖੇਬਾਜ਼ ਲੋਕਾਂ ਨੇ ਇਨ੍ਹਾਂ ਨੂੰ ਗਲਤ ਸਲਾਹ ਮਸ਼ਵਰੇ ਦੇ ਕੇ ਇਨ੍ਹਾਂ ਤੋਂ ਲੱਖਾਂ ਡਾਲਰ ਡਕਾਰ ਲਏ ਸਨ ਅਤੇ ਫੇਰ ਲਾ-ਪਤਾ ਵੀ ਹੋ ਗਏ ਸਨ।
ਮਾਯੂਸੀ ਵਿੱਚ ਬੈਠੇ ਇਨ੍ਹਾਂ ਦੋਹਾਂ ਪਤੀ ਪਤਨੀ ਨੂੰ ਇਮੀਗ੍ਰੇਸ਼ਨ ਵਿਭਾਗ ਵੱਲੋਂ 30 ਸਤੰਬਰ, ਨੂੰ ਆਸਟ੍ਰੇਲੀਆ ਛੱਡ ਕੇ ਚਲੇ ਜਾਣ ਦਾ ਅਲਟੀਮੇਟਮ ਦਿੱਤਾ ਗਿਆ ਸੀ।
ਇਨ੍ਹਾਂ ਪਤੀ ਪਤਨੀ ਦੀ ਮਦਦ ਵਾਸਤੇ ਜਨਤਕ ਤੌਰ ਤੇ ਇੱਕ ਵਿਸ਼ੇਸ਼ ਦਸਤਖ਼ਤ ਅਭਿਆਨ ਵੀ ਚਲਾਇਆ ਗਿਆ ਸੀ ਜਿਸ ਵਿੱਚ ਕਿ ਹਜ਼ਾਰਾਂ ਹੀ ਮਦਦਗਾਰਾਂ ਨੇ ਦਸਤਖ਼ਤ ਕੀਤੇ ਸਨ ਅਤੇ ਸਰਕਾਰ ਕੋਲ ਇਨ੍ਹਾਂ ਦੀ ਆਸਟ੍ਰੇਲੀਆ ਵਿੱਚ ਮੁੜ ਤੋਂ ਰਿਹਾਇਸ਼ ਵਾਸਤੇ ਗੁਹਾਰ ਲਗਾਈ ਸੀ।
ਅਖ਼ਬਾਰ ਵਿੱਚ ਛਪੀ ਖ਼ਬਰ ਅਤੇ ਲੋਕਾਂ ਵੱਲੋਂ ਚਲਾਈ ਗਈ ਮੁਹਿੰਮ ਦਾ ਅਸਰ ਇਹ ਹੋਇਆ ਕਿ ਇਮੀਗ੍ਰੇਸ਼ਨ ਵਿਭਾਗ ਨੇ ਦੋਹਾਂ ਪਤੀ ਪਤਨੀ ਦਾ ਵੀਜ਼ਾ ਜਨਵਰੀ 2023 ਤੱਕ ਵਧਾ ਦਿੱਤਾ ਹੈ ਅਤੇ ਹੁਣ ਇਹ ਹੋਰ ਵੀ ਮਜ਼ਬੂਤੀ ਨਾਲ ਆਪਣਾ ਪੱਖ ਸਰਕਾਰ ਅੱਗੇ ਰੱਖ ਸਕਣਗੇ।
ਭਾਵੇਂ ਖ਼ਤਰਾ ਹਾਲੇ ਵੀ ਟਲ਼ਿਆ ਨਹੀਂ ਹੈ ਪਰੰਤੂ ਨਵਨਿੰਦਰ ਕੌਰ ਅਤੇ ਵਿਕਰਮ ਸਿੰਘ ਨੂੰ ਆਪਣੇ ਆਪ ਨੂੰ ਸਹੀ ਸਾਬਿਤ ਕਰਨ ਵਾਸਤੇ ਹੋਰ ਸਮਾਂ ਮਿਲ ਗਿਆ ਹੈ ਜਿਸ ਕਿ ਸਦ-ੳਪਯੋਗ ਕੀਤਾ ਜਾ ਸਕਦਾ ਹੈ।
ਦੋਹਾਂ ਦੇ ਚਿਹਰਿਆਂ ਉਪਰ ਹੁਣ ਥੋੜ੍ਹੀ ਖੁਸ਼ੀ ਦੇ ਭਾਵ ਹਨ ਅਤੇ ਦੋਹੇਂ ਜਣੇ ਆਪਣੇ ਪਾਲਤੂ ਜਾਨਵਰਾਂ ਨਾਲ ਖੁਸ਼ ਹਨ।
ਨਵਨਿੰਦਰ ਕੌਰ ਅਤੇ ਵਿਕਰਮ ਜੀਤ ਸਿੰਘ ਨੇ ਉਚੇਚੇ ਤੌਰ ਤੇ ਭਾਵਪੂਰਨ ਸ਼ਬਦਾਂ ਦੇ ਨਾਲ ਪੰਜਾਬੀ ਅਖ਼ਬਾਰ ਵੱਲੋਂ ਕੀਤੇ ਗਏ ਉਦਮ ਲਈ ਧੰਨਵਾਦ ਵੀ ਕੀਤਾ ਹੈ।