ਵਚਨ ਜੋ ਪੰਜਾਬੀਆਂ ਨੂੰ ਦਿੰਦਾ ਹਾਂ, ਤਨਦੇਹੀ ਨਾਲ ਪੂਰਾ ਕਰਾਂਗਾ -ਨਵਜੋਤ ਸਿੱਧੂ

ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਤੋਂ ਹਰਵਿੰਦਰ ਸਿੰਘ ਲਾਡੀ ਦਾ ਐਲਾਨ

ਬਠਿੰਡਾ -ਮੇਰਾ ਕੋਈ ਧੜਾ ਨਹੀਂ, ਨਾ ਹੀ ਮੈਂ ਵਿਧਾਇਕਾਂ ਤੇ ਵਜ਼ੀਰਾਂ ਦੇ ਮੁੰਡਿਆਂ ਨੂੰ ਚੇਅਰਮੈਨੀਆਂ ਵੰਡਦਾ ਹਾਂ। ਵਾਅਦੇ ਕਰਨਾ ਤੇ ਕਸਮਾਂ ਚੁੱਕਣਾ ਮੇਰੀ ਫਿਤਰਤ ਨਹੀਂ, ਬੱਸ ਇੱਕ ਉਹ ਵਚਨ ਹੀ ਹੈ, ਜੋ ਪੰਜਾਬੀਆਂ ਨੂੰ ਦਿੰਦਾ ਹੀ ਨਹੀਂ ਬਲਕਿ ਤਨਦੇਹੀ ਨਾਲ ਪੂਰਾਂ ਕਰਾਂਗਾ। ਜੇ ਅਜਿਹਾ ਨਾ ਹੋਇਆ ਤਾਂ ਸਿਆਸਤ ਦੀ ਬਜਾਏ ਘਰ ਬੈਠਣ ਨੂੰ ਤਰਜੀਹ ਦੇਵਾਂਗਾ।
ਆਪ ਮੁਹਾਰੇ ਉਮੜੀ ਹਜ਼ਾਰਾਂ ਲੋਕਾਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਇਹ ਵਿਚਾਰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸ੍ਰ: ਨਵਜੋਤ ਸਿੰਘ ਸਿੱਧੂ ਨੇ ਅੱਜ ਵਿਧਾਨ ਸਭਾ ਹਲਕਾ ਦਿਹਾਤੀ ਬਠਿੰਡਾ ਦੇ ਪਿੰਡ ਨਰੂਆਣਾ ਦੀ ਦਾਣਾ ਮੰਡੀ ਵਿਖੇ ਪ੍ਰਗਟ ਕੀਤੇ। ਇਸ ਰੈਲੀ ਦਾ ਆਯੋਜਨ ਹਲਕਾ ਇੰਚਾਰਜ ਹਰਵਿੰਦਰ ਸਿੰਘ ਲਾਡੀ ਨੇ ਕੀਤਾ।
ਸ੍ਰੀ ਸਿੱਧੂ ਨੂੰ ਜੀ ਆਇਆਂ ਕਹਿਣ ਦੇ ਰੂਪ ਵਿੱਚ ਇੱਕ ਤਰ੍ਹਾਂ ਦਾ ਰੁਦਨ ਕਰਦਿਆਂ ਸ੍ਰੀ ਲਾਡੀ ਨੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨੂੰ ਦੱਸਿਆ ਕਿ ਉਸਦੇ ਹਲਕੇ ਦੀਆਂ ਪੰਚਾਇਤਾਂ ਲਈ ਆਈ 15 ਕਰੋੜ ਰੁਪਏ ਦੀ ਗਰਾਂਟ ਨੂੰ ਰੁਕਵਾ ਕੇ ਉਹਨਾਂ ਦੀ ਸਰਕਾਰ ਦੀ ਹੀ ਇੱਕ ਅਹਿਮ ਹਸਤੀ ਇਹ ਰਕਮ ਸਰਕਾਰੀ ਏਜੰਸੀਆਂ ਦੇ ਜ਼ਰੀਏ ਖ਼ਰਚ ਕਰਵਾਉਣ ਲਈ ਯਤਨਸ਼ੀਲ ਹੈ। ਇੱਥੇ ਹੀ ਬੱਸ ਨਹੀਂ ਗੁਲਾਬੀ ਸੁੰਡੀ ਵੱਲੋਂ ਕੀਤੇ ਨਰਮੇਂ ਦੇ ਨੁਕਸਾਨ ਬਦਲੇ ਅਜੇ ਤੱਕ ਕਿਸਾਨਾਂ ਨੂੰ ਮਿਲਣ ਵਾਲਾ ਮੁਆਵਜਾ ਵੀ ਜਾਣ ਬੁੱਝ ਕੇ ਰੁਕਵਾਇਆ ਗਿਐ ਤਾਂ ਕਿ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਉਸ ਦੇ ਹਲਕੇ ਵਿੱਚ ਹੋਣ ਵਾਲੀ ਕਾਂਗਰਸ ਪਾਰਟੀ ਦੀ ਜਿੱਤ ਨੂੰ ਹਾਰ ਵਿੱਚ ਤਬਦੀਲ ਕਰਵਾਇਆ ਜਾ ਸਕੇ।
ਨਾਂ ਲਏ ਤੋਂ ਬਗੈਰ ਵਿੱਤ ਮੰਤਰੀ ਸ੍ਰ: ਮਨਪ੍ਰੀਤ ਸਿੰਘ ਬਾਦਲ ਤੇ ਅਸਿੱਧੇ ਹਮਲੇ ਕਰਦਿਆਂ ਲਾਡੀ ਨੇ ਕਿਹਾ ਕਿ ਉਸਦੇ ਹਲਕੇ ਵਿੱਚ ਐੱਸ ਐੱਸ ਪੀ ਤੋਂ ਲੈ ਕੇ ਕਿਸੇ ਵੀ ਅਧਿਕਾਰੀ ਦੀ ਹਿੰਮਤ ਨਹੀਂ ਕਿ ਵੱਡੇ ਘਰ ਦੇ ਅਹਿਲਕਾਰ ਇੱਕ ਸਿਪਾਹੀ ਦੇ ਹੁਕਮ ਤੋਂ ਬਿਨ੍ਹਾਂ ਉਹ ਕਿਸੇ ਵੀ ਥਾਨੇ ਦਾ ਥਾਨਾ ਮੁਖੀ ਤਾਂ ਕੀ ਅਰਦਲੀ ਤੱਕ ਵੀ ਬਦਲ ਜਾਂ ਤਾਇਨਾਤ ਨਹੀਂ ਕਰ ਸਕਦੇ। ਸੰਗੀਨ ਦੋਸ਼ ਲਾਉਂਦਿਆਂ ਹਲਕਾ ਇੰਚਾਰਜ ਨੇ ਦੱਸਿਆ ਕਿ ਬਠਿੰਡਾ ਤੋਂ ਡੱਬਵਾਲੀ ਤੱਕ ਸੜਕ ਦੇ ਹੋ ਰਹੇ ਨਵ ਨਿਰਮਾਣ ਲਈ ਜੋ ਜ਼ਮੀਨ ਇਕੁਆਇਰ ਕੀਤੀ ਗਈ ਹੈ, ਉਸ ਬਦਲੇ ਸਧਾਰਨ ਕਿਸਾਨਾਂ ਦੇ ਮੁਕਾਬਲੇ ਅਮੀਰਾਂ ਨੂੰ ਜਾਅਲੀ ਵਪਾਰਕ ਥਾਵਾਂ ਬਹਾਨੇ ਕਰੋੜਾਂ ਰੁਪਏ ਵੱਧ ਦੇ ਕੇ ਇੱਕ ਅਜਿਹੇ ਸਕੈਂਡਲ ਨੂੰ ਅੰਜਾਮ ਦਿੱਤਾ ਗਿਐ, ਜੋ ਕਾਂਗਰਸ ਪਾਰਟੀ ਲਈ ਭਵਿੱਖ ਵਿੱਚ ਘਾਤਕ ਸਾਬਤ ਹੋ ਸਕਦਾ ਹੈ। ਆਪਣੇ ਹਲਕੇ ਦੇ ਵਿਕਾਸ ਨੂੰ ਰੁਕਵਾਉਣ ਵਾਲੇ ਆਗੂ ਨੂੰ ਪਾਗਲਪਣ ਦੇ ਇਲਾਜ ਵਾਲਾ ਟੀਕਾ ਲਗਵਾਉਣ ਦੀ ਅਪੀਲ ਕਰਦਿਆਂ ਸ੍ਰੀ ਲਾਡੀ ਨੇ ਦਹਾਈ ਦਿੱਤੀ ਕਿ ਕਾਂਗਰਸ ਨੂੰ ਬਚਾਉਣ ਲਈ ਬੁੱਕਲ ਦੇ ਸੱਪਾਂ ਤੋਂ ਬਚਿਆ ਜਾਵੇ।
ਸ੍ਰੀ ਲਾਡੀ ਦੇ ਵਿਚਾਰਾਂ ਦੀ ਪੁਸਟੀ ਕਰਦਿਆਂ ਪੰਜਾਬ ਦੇ ਟਰਾਂਸਪੋਰਟ ਮੰਤਰੀ ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਲੋਕ ਸਭਾ ਦੀਆਂ ਚੋਣਾਂ ਵੇਲੇ ਸ੍ਰੀ ਸਿੱਧੂ ਵੱਲੋਂ ਪੰਚੀ ਪਝੰਤਰ ਦੀ ਗੱਲ ਉਸਨੂੰ ਉਦੋਂ ਤਾਂ ਸਮਝ ਨਹੀਂ ਸੀ ਆਈ, ਪਰ ਨਤੀਜੇ ਨੇ ਇਹ ਸਪਸ਼ਟ ਕਰ ਦਿੱਤਾ ਕਿ ਖੇਡ ਰਲ ਕੇ ਹੀ ਖੇਡੀ ਗਈ ਸੀ। ਵੜਿੰਗ ਮੁਤਾਬਕ ਜੇ ਅਜਿਹਾ ਨਾ ਹੁੰਦਾ ਤਾਂ ਉਹ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਬੁਰੀ ਤਰ੍ਹਾਂ ਹਰਾਉਣ ਵਿੱਚ ਸਫ਼ਲ ਹੋ ਜਾਂਦਾ। ਲਾਡੀ ਨੂੰ ਸਰੀਫ਼ ਤੇ ਆਪਣੇ ਲੋਕਾਂ ਨਾਲ ਜੁੜਿਆ ਹੋਇਆ ਕਾਂਗਰਸ ਵਰਕਰ ਕਰਾਰ ਦਿੰਦਿਆਂ ਸ੍ਰੀ ਵੜਿੰਗ ਨੇ ਸ੍ਰੀ ਸਿੱਧੂ ਨੂੰ ਅਪੀਲ ਕੀਤੀ ਕਿ ਉਹ ਇਸ ਗਰੀਬ ਦੀ ਬਾਂਹ ਫੜਣ।
ਆਪਣੀ ਸਰਕਾਰ ਦੀ ਕਹਿਣੀ ਤੇ ਕਰਨੀ ਉੱਤੇ ਸੁਆਲ ਉਠਾਉਂਦਿਆਂ ਸ੍ਰੀ ਨਵਜੋਤ ਸਿੰਘ ਸਿੱਧੂ ਨੇ ਲੋਕਾਂ ਨੂੰ ਪੁੱਛਿਆ ਕਿ ਕੀ ਉਹਨਾਂ ਨੂੰ ਕੇਬਲ ਦੀ ਸੇਵਾ ਸੌ ਰੁਪਏ ਮਹੀਨਾ, ਰੇਤਾ ਸਾਢੇ ਪੰਜ ਰੁਪਏ ਫੁੱਟ ਮਿਲਦੈ? ਜਵਾਬ ਨਾਂਹ ਵਿੱਚ ਮਿਲਣ ਤੇ ਉਹਨਾਂ ਕਿਹਾ ਕਿ ਹੁਣ ਪੰਚੀ ਪਝੰਤਰ ਦਾ ਸੌਦਾ ਬਦਲ ਕੇ ਸੱਠ ਚਾਲੀ ਹੋ ਚੁੱਕਾ ਹੈ। ਅੱਜ ਦੀ ਇਕੱਤਰਤਾ ਨੂੰ ਹੁਣ ਤੱਕ ਪੰਜਾਬ ਵਿੱਚ ਹੋਈਆਂ ਰੈਲੀਆਂ ਤੋਂ ਕਿਤੇ ਵੱਧ ਕਰੰਟ ਵਾਲੀ ਦਸਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਉਹ ਵੀ ਬਿਜਲੀ ਦੀ ਇੱਕ ਅਜਿਹੀ ਨੰਗੀ ਤਾਰ ਹੈ ਜੋ ਵੱਡੇ ਤੋਂ ਵੱਡੇ ਖੱਬੀਖਾਨਾਂ ਦਾ ਪਟਾਕਾ ਪਾਉਣ ਦੇ ਸਮਰੱਥ ਹੈ।
ਹੱਕ ਮੰਗਦੇ ਟੀਚਰਾਂ ਜਾਂ ਹੋਰ ਲੋਕਾਂ ਤੇ ਹੋ ਰਹੇ ਤਸੱਦਦ ਤੋਂ ਦੁਖੀ ਹੁੰਦਿਆਂ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਲੀਕ ਹੁੰਦੇ ਸਰਮਾਏ ਨੂੰ ਰੋਕ ਕੇ ਖਜ਼ਾਨੇ ਦੀ ਭਰਪਾਈ ਨਾਲ ਬਿਮਾਰੀ ਦਾ ਇਲਾਜ ਕੀਤਾ ਜਾ ਸਕਦਾ ਹੈ। ਡਾਂਗਾਂ ਵਰ੍ਹਾ ਕੇ ਚੁੱਪ ਕਰਾਇਆਂ ਨਹੀਂ ਸਰਨਾ। ਲਾਡੀ ਵੱਲੋਂ ਚੁੱਕੇ ਸੁਆਲਾਂ ਨਾਲ ਸਹਿਮਤੀ ਪ੍ਰਗਟ ਕਰਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਇਸ ਗਰੀਬ ਦੇ ਰਾਹ ‘ਚ ਰੋੜੇ ਅਟਕਵਾਉਣ ਲਈ ਪਿੱਛੋਂ ਕਿਹੜੀ ਤਾਕਤ ਤਾਰ ਹਿਲਾਉਂਦੀ ਹੈ। ਸ੍ਰੀ ਲਾਡੀ ਦੀ ਬਾਂਹ ਚੁੱਕ ਕੇ ਕਾਂਗਰਸ ਪ੍ਰਧਾਨ ਨੇ ਐਲਾਨ ਕੀਤਾ ਕਿ ਉਹ ਇਸ ਸਖ਼ਸ ਨੂੰ ਵਿਧਾਇਕ ਬਣਵਾ ਕੇ ਹੀ ਰਹਿਣਗੇ।
ਪੰਜਾਬ ਦੇ ਦੁੱਖਾਂ ਦੀ ਦਾਰੂ ਆਪਣੇ ਪੰਜਾਬ ਮਾਡਲ ਨੂੰ ਦਸਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਜੇ ਉਸਦੀ ਆਗੂ ਪ੍ਰਿਅੰਕਾ ਗਾਂਧੀ ਤੇ ਰਾਹੁਲ ਗਾਂਧੀ ਦੀ ਇਜਾਜਤ ਹੋਏ ਤਾਂ ਉਹ ਸੂਬੇ ਦੀ ਤਕਦੀਰ ਬਦਲਣ ਲਈ ਯਤਨ ਕਰਨਗੇ। ਵਿਰੋਧੀਆਂ ਵੱਲੋਂ ਕੀਤੀ ਜਾ ਰਹੀ ਊਲ ਜਲੂਲ ਚਰਚਾ ਦੀ ਖਿੱਲੀ ਉਡਾਉਂਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਉਹ ਤਾ ਜਿੰਦਗੀ ਆਪਣੇ ਆਗੂਆਂ ਤੇ ਕਾਗਰਸ ਪਾਰਟੀ ਨਾਲ ਵਫ਼ਾ ਨਿਭਾਉਣਗੇ। ਇਸ ਮੌਕੇ ਸਾਬਕਾ ਮੰਤਰੀ ਸ੍ਰੀ ਹਰਮਿੰਦਰ ਸਿੰਘ ਜੱਸੀ ਤੇ ਉਹਨਾਂ ਦੇ ਸਮਰਥਕ ਵੀ ਮੌਜੂਦ ਸਨ।

Install Punjabi Akhbar App

Install
×