ਸ਼ਰਾਬ ਕਾਰੋਬਾਰ ਦੇ ਘਪਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ- ਸ੍ਰੀ ਜੀਦਾ

ਬਠਿੰਡਾ -ਸ਼ਰਾਬ ਦੀ ਵਿਕਰੀ ਸਦਕਾ ਬਠਿੰਡਾ ਜਿਲ੍ਹੇ ਵਿੱਚੋਂ 8 ਲੱਖ ਰੁਪਏ ਰੋਜਾਨਾਂ ਅਸਲ ਕੀਮਤ ਤੋਂ ਵੱਧ ਵਸੂਲੇ ਜਾ ਰਹੇ ਹਨ। ਇਹ ਦੋਸ਼ ਲਾਉਂਅਿਾਂ ਆਮ ਆਦਮੀ ਪਾਰਟੀ ਦੇ ਲੀਗਲ ਵਿੰਗ ਦੇ ਸੁਬਾਈ ਸਹਿ ਪ੍ਰਧਾਨ ਸ੍ਰੀ ਨਵਦੀਪ ਸਿੰਘ ਜੀਦਾ ਐਡਵੋਕੇਟ ਨੇ ਕਿਹਾ ਕਿ ਇਹ ਰਕਮ ਆਮ ਲੋਕਾਂ ਦੀ ਜੇਬ ਵਿੱਚੋਂ ਵੱਡੇ ਘਰਾਣਿਆਂ ਦੀਆਂ ਜੇਬਾਂ ਵਿੱਚ ਚਲੀ ਜਾਂਦੀ ਹੈ।
ਸ੍ਰੀ ਜੀਦਾ ਨੇ ਇਸ ਤੱਥ ਨੂੰ ਸਪਸ਼ਟ ਕਰਦਿਆਂ ਦੱਸਿਆ ਕਿ ਬਠਿੰਡਾ ਵਿੱਚ ਰੋਜਾਨਾ 40 ਤੋਂ 45 ਲੱਖ ਰੁਪਏ ਦੀ ਸ਼ਰਾਬ ਦੀ ਵਿੱਕਰੀ ਹੁੰਦੀ ਹੈ। ਸਰਾਬ ਦੀ ਇੱਕ ਬੋਤਲ ਦੀ ਵੱਧ ਤੋਂ ਵੱਧ ਕੀਮਤ 236 ਰੁਪਏ ਹਨ, ਪਰ 270 ਰੁਪਏ ਪ੍ਰਤੀ ਬੋਤਲ ਵੇਚੀ ਜਾ ਰਹੀ ਹੇ। ਇਸ ਤਰ੍ਹਾਂ ਰੋਜਾਨਾਂ 8 ਲੱਖ ਰੁਪਏ ਲੋਕਾਂ ਤੋਂ ਵੱਧ ਵਸੂਲ ਕੀਤੇ ਜਾ ਰਹੇ ਹਨ। ਇੱਕ ਸਾਲ ਵਿੱਚ ਬਠਿੰਡਾ ਜਿਲ੍ਹੇ ਚੋਂ 30 ਕਰੋੜ ਰੁਪਏ ਸ਼ਰਾਬ ਮਾਫ਼ੀਆ ਕੀਮਤ ਤੋਂ ਜਿਆਦਾ ਵਸੂਲ ਕਰ ਲੈਂਦਾ ਹੈ। ਜੇਕਰ ਸਮੁੱਚੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਇਹ ਅੰਕੜਾ 35 ਹਜ਼ਾਰ ਕਰੋੜ ਰੁਪਏ ਨੂੰ ਪਾਰ ਕਰ ਜਾਂਦਾ ਹੈ। ਉਹਨਾਂ ਇਹ ਵੀ ਦੱਸਿਆ ਕਿ ਜਿੱਥੇ ਇਹ ਰਕਮ ਧੱਕੇ ਨਾਲ ਲੋਕਾਂ ਤੋਂ ਵਸੂਲੀ ਜਾਂਦੀ ਹੈ ਉੱਥੇ ਪੰਜਾਬ ਦੇ ਖਜ਼ਾਨੇ ਨੂੰ ਵੀ 50 ਹਜਾਰ ਕਰੋੜ ਰੁਪਏ ਸਲਾਨਾ ਦਾ ਚੂਨਾ ਲਾਇਆ ਜਾ ਰਿਹਾ ਹੈ।
ਸ੍ਰੀ ਜੀਦਾ ਨੇ ਇਹ ਵੀ ਦੋਸ਼ ਲਾਇਆ ਕਿ ਪੰਜਾਬ ਵਿੱਚ ਸ਼ਰਾਬ ਦੀਆਂ ਜਾਅਲੀ ਫੈਕਟਰੀਆਂ ਚੱਲ ਰਹੀਆਂ ਹਨ, ਪਤਾ ਹੋਣ ਦੇ ਬਾਵਜੂਦ ਵੀ ਸਰਕਾਰ ਵੱਲੋਂ ਉਹਨਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ, ਕਿਉਂਕਿ ਸ਼ਰਾਬ ਮਾਫ਼ੀਏ ਦਾ ਅਕਾਲੀ ਦਲ ਅਤੇ ਕਾਂਗਰਸ ਦੇ ਲੀਡਰਾਂ ਨਾਲ ਕਥਿਤ ਸਬੰਧ ਹਨ। ਉਹਨਾਂ ਕਿਹਾ ਕਿ ਜਾਅਲੀ ਸ਼ਰਾਬ ਦੀਆਂ ਫੈਕਟਰੀਆਂ ਦੀ ਸ਼ਰਾਬ ਨਾਲ ਸੈਂਕੜੇ ਜਾਨਾਂ ਵੀ ਜਾ ਚੁੱਕੀਆਂ ਹਨ, ਪਰ ਸਰਕਾਰਾਂ ਅੱਖਾਂ ਮੀਚ ਕੇ ਬੈਠੀਆਂ ਹਨ। ਉਹਨਾਂ ਕਿਹਾ ਤਾਮਿਲਨਾਡੂ ਰਾਜ ਨਾਲੋਂ ਪੰਜਾਬ ਵਿੱਚ ਸ਼ਰਾਬ ਦੀ ਵਿੱਕਰੀ ਕਾਫ਼ੀ ਜਿਆਦਾ ਹੁੰਦੀ ਹੈ ਅਤੇ ਮਹਿੰਗੀ ਵੀ ਵਿਕਦੀ ਹੈ। ਪਰ ਤਾਮਿਲਨਾਡੂ ਵਿੱਚ ਸ਼ਰਾਬ ਤੋਂ 35 ਹਜ਼ਾਰ ਕਰੋੜ ਰੁਪਏ ਦੀ ਆਮਦਨ ਹੁੰਦੀ ਹੈ, ਜਦ ਕਿ ਪੰਜਾਬ ਨੂੰ 5 ਹਜ਼ਾਰ ਕਰੋੜ ਰੁਪਏ ਦੀ ਆਮਦਨ ਹੋ ਰਹੀ ਹੈ।
ਸ੍ਰੀ ਜੀਦਾ ਨੇ ਕਿਹਾ ਕਿ ਸ਼ਰਾਬ ਦੇ ਕਾਰੋਬਾਰ ਵਿੱਚ ਬਹੁਤ ਵੱਡਾ ਘਪਲਾ ਹੈ ਅਤੇ ਆਮ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ। ਉਹਨਾਂ ਮੰਗ ਕੀਤੀ ਕਿ ਇਸ ਸਬੰਧੀ ਉੱਚ ਪੱਧਰੀ ਪੜਤਾਲ ਹੋਣੀ ਚਾਹੀਦੀ ਹੈ। ਸ੍ਰੀ ਜੀਦਾ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਇਸ ਘਪਲੇ ਦੀ ਜਾਂਚ ਨਾ ਕਰਵਾਈ ਤਾਂ ਉਹ ਹਾਈਕੋਰਟ ਪਹੁੰਚ ਕਰਨਗੇ ਅਤੇ ਸਿੱਟ ਬਣਾ ਕੇ ਪੜਤਾਲ ਕਰਾਉਣ ਦੀ ਬੇਨਤੀ ਕਰਨਗੇ॥

Welcome to Punjabi Akhbar

Install Punjabi Akhbar
×
Enable Notifications    OK No thanks