ਗਰੀਨ ਪਾਰਟੀ ਨੇ ਪੰਜਾਬੀ ਉਮੀਦਵਾਰ ਨਵਦੀਪ ਸਿੰਘ ਨੂੰ ਐਲਾਨਿਆ ਸੈਨੇਟ ਉਮੀਦਵਾਰ

WhatsApp Image 2018-08-19 at 3.29.19 PM
(ਨਵਦੀਪ ਸਿੰਘ ਨਾਲ ਮੌਜੂਦ ਹਨ ਸਾਬਕਾ ਸੈਨੇਟਰ ਲਾਰੀਸਾ ਵਾਟਰਸ ਅਤੇ ਐਮਪੀ ਮਾਈਕਲ ਬਰਕਮਨ)

ਪੰਜਾਬ ਦੇ ਜੰਮੇ-ਪਲ਼ੇ ਆਸਟ੍ਰੇਲੀਅਨ ਸਿਆਸਤਦਾਨ ਨਵਦੀਪ ਸਿੰਘ ਨੂੰ ਗਰੀਨ ਪਾਰਟੀ ਵੱਲੋਂ ਅਗਲੀ ਫੈਡਰਲ ਵੋਟਾਂ ਵਿੱਚ ਸੈਨੇਟਰ ‘ਲਰੀਸਾ ਵਾਟਰਸ’ ਦੀ ਅਗਵਾਈ ਵਾਲੀ ਟਿਕਟ ਉੱਪਰ ਦੂਜੇ ਨੰਬਰ ਦਾ, ‘ਕੁਈਨਜ਼ਲੈਂਡ’ ਲਈ ਉਮੀਦਵਾਰ ਬਣਾਇਆ ਹੈ।

ਪੰਜਾਬੀ ਮੀਡੀਆ ਨਾਲ ਗੱਲਬਾਤ ਦੌਰਾਨ ਨਵਦੀਪ ਸਿੰਘ ਨੇ ਦੱਸਿਆ, “ਬਦਲਦੇ ਆਰਥਿਕ ਮਾਹੌਲ ਵਿੱਚ ਵੱਡੀਆਂ ਕੰਪਨੀਆਂ ਦੇ ਮੁਨਾਫ਼ੇ ਬਹੁਤ ਵਧੇ ਹੋਏ ਹਨ ਛੋਟੇ ਕਾਰੋਬਾਰੀਆਂ ਦੇ ਕਾਰੋਬਾਰ ਅਤੇ ਨੌਕਰੀ ਪੇਸ਼ਾ ਲੋਕਾਂ ਦੀ ਆਰਥਿਕ ਹਾਲਤ ਵਿੱਚ ਖੜੋਤ ਆਈ ਹੈ। ਸਿਹਤ ਅਤੇ ਵਿੱਦਿਅਕ ਸੇਵਾਵਾਂ ਵਿੱਚ ਵੀ ਨਿਘਾਰ ਆਇਆ ਹੈ, ਇਸ ਸਮੱਸਿਆ ਦਾ ਸਰਕਾਰ ਕੋਈ ਵੀ ਅਸਰਦਾਰ ਹੱਲ ਦੇਣ ਤੋਂ ਨਾਕਾਮ ਹੋਈ ਹੈ। ਆਮ ਲੋਕਾਂ ਅਤੇ ਘੱਟ ਗਿਣਤੀਆਂ ਦੇ ਹਿੱਤਾਂ ਨਾਲ ਲਗਾਤਾਰ ਹੋ ਰਹੀ ਅਣਦੇਖੀ ਅਤੇ ਆਸਟ੍ਰੇਲੀਅਨ ਸਿਆਸਤ ਇੱਕ ਹਿੱਸੇ ਵੱਲੋਂ ਲਗਾਤਾਰ ਵਾਈਟ ਆਸਟ੍ਰੇਲੀਆ ਨੀਤੀ ਦੇ ਦੁਆਲੇ ਕੰਮ ਕਰਨ ਕਾਰਨ ਇੱਥੋਂ ਦੀ ਸਿਆਸਤ ਦਾ ਮਾਹੌਲ ਚਿੰਤਾਜਨਕ ਹੈ”।

“ਪਰਵਾਸ ਨੇ ਆਸਟ੍ਰੇਲੀਆ ਦੀ ਤਰੱਕੀ ਵਿੱਚ ਖ਼ਾਸ ਯੋਗਦਾਨ ਪਾਇਆ ਹੈ ਪਰ ਕੁਝ ਪਾਰਟੀਆਂ ਪ੍ਰਵਾਸੀਆਂ ਤੇ ਪਰਵਾਸ ਨੂੰ ਹਊਆ ਦੱਸ ਕੇ ਮੁਲਕ ਦਾ ਮਾਹੌਲ ਖ਼ਰਾਬ ਕਰ ਰਹੀਆਂ ਹਨ। ਮਨੁੱਖਤਾ ਦੇ ਆਧਾਰ ਤੇ ਦਿੱਤੇ ਜਾਣ ਵਾਲੇ ਵੀਜ਼ੇ ਜਿਵੇਂ ਰਫ਼ਿਊਜੀ ਅਤੇ ਮਾਪਿਆਂ ਦੇ ਵੀਜ਼ੇ ਰੋਕ ਕੇ ਉੱਠ ਤੋਂ ਛਾਨਣੀ ਲਾਉਣ ਵਾਂਗ ਆਸਟ੍ਰੇਲੀਆ ਦਾ ਬੋਝ ਘੱਟ ਕਰਨ ਦੀਆਂ ਗੱਲਾਂ ਕਰ ਰਹੀਆਂ ਹਨ, ਪਰ ਇਸ ਤਰ੍ਹਾਂ ਦੀਆਂ ਨੀਤੀਆਂ ਦੇ ਸਮਾਜਿਕ ਅਸਰਾਂ ਦੀ ਜਾਣ ਬੁੱਝ ਕੇ ਅਣਦੇਖੀ ਹੋ ਰਹੀ ਹੈ”।

“ਆਸਟ੍ਰੇਲੀਆ ਦਾ ਮੌਜੂਦਾ ਸਭਿਆਚਾਰ ਦੁਨੀਆ ਦੇ ਵੱਖੋ ਵੱਖ ਖ਼ਿੱਤਿਆਂ ਚੋਂ ਆਉਣ ਵਾਲੇ ਲੋਕਾਂ ਦੇ ਸਭਿਆਚਾਰ ਦਾ ਕਾਬਲੇ ਤਾਰੀਫ਼ ਮਿਲਗੋਭਾ ਹੈ। ਪਰ ਸਰਕਾਰ ਦੀ ਇੱਕ ਧਿਰ ਪ੍ਰਵਾਸ ਅਤੇ ਪ੍ਰਵਾਸੀਆਂ ਨੂੰ ਹਊਆ ਦੱਸ ਰਹੀ ਹੈ। ਇਸ ਤਰ੍ਹਾਂ ਦੇ ਪ੍ਰਚਾਰ ਕਾਰਨ ਆਮ ਸਦਭਾਵਨਾ ਭੰਗ ਹੋਣ ਦਾ ਡਰ ਪੈਦਾ ਹੋ ਰਿਹਾ ਹੈ”।

“ਇਸ ਕਿਸਮ ਦੀ ਰਾਜਨੀਤੀ ਦਾ ਕਾਰਨ ਪਿਛਲੇ ਪੰਜ ਸਾਲਾਂ ਦੌਰਾਨ ਹੋਰਾਂ ਪਾਰਟੀਆਂ ਵੱਲੋਂ ਚੋਣ ਫੰਡਾ ਦੇ ਰੂਪ ਵਿੱਚ ਦਸ ਕਰੋੜ ਡਾਲਰ ਵੱਡੇ ਘਰਾਣਿਆਂ ਤੋਂ ਲੈਣ ਬਾਅਦ ਲੋਕ ਹੱਕਾਂ ਦੀ ਕੀਤੀ ਹੋਈ ਅਣਦੇਖੀ ਹੈ। ਗਰੀਨ ਪਾਰਟੀ ਜੋ ਕਿ ਕਾਰਪੋਰੇਟ ਘਰਾਣਿਆਂ ਤੋਂ ਚੋਣ ਫ਼ੰਡ ਨਹੀਂ ਲੈਂਦੀ ਉਹ ਇਸ ਸਮੱਸਿਆ ਦਾ ਸੌਖਾ ਹੱਲ ਕਰ ਸਕਦੀ ਹੈ।”

“ਬਾਕੀ ਸਾਰੇ ਪੱਛਮੀ ਜਗਤ ਤੋਂ ਉਲਟ ਆਸਟ੍ਰੇਲੀਆ ਵਿੱਚ ਪਰਵਾਸੀਆਂ ਅਤੇ ਮੂਲ ਵਾਸੀਆਂ ਦੀ ਗਿਣਤੀ ਮੁਤਾਬਿਕ ਉਨ੍ਹਾਂ ਦੀ ਸੰਸਦੀ ਸੰਸਥਾਨਾਂ ਵਿੱਚ ਨੁਮਾਇੰਦਗੀ ਬਹੁਤ ਘੱਟ ਹੈ। ਗਰੀਨ ਪਾਰਟੀ ਇਸੇ ਤੱਥ ਨੂੰ ਬਦਲਣ ਤੇ ਵੀ ਕੰਮ ਕਰ ਰਹੀ ਹੈ।”

“ਨਵਦੀਪ ਮੁਤਾਬਿਕ ਪਰਵਾਸੀਆਂ ਦੇ ਬੱਚੇ ਆਪਣੇ ਬਜ਼ੁਰਗਾਂ ਦੀ ਗੈਰ ਮੌਜੂਦਗੀ ਵਿੱਚ ਆਪਣੀ ਬੋਲੀ ਤੋਂ ਟੁੱਟ ਰਹੇ ਹਨ ਅਤੇ ਇੱਕ ਰਾਜਨੀਤਿਕ ਤੌਰ ਤੇ ਯਤੀਮ ਪੀੜ੍ਹੀ ਆਪਣੀ ਅਗਲੀ ਨਸਲ ਦੀ ਸਭਿਆਚਾਰਕ ਨਸਲਕੁਸ਼ੀ ਹੁੰਦੀ ਦੇਖ ਰਹੀ ਹੈ।”

ਇੱਥੇ ਜ਼ਿਕਰਯੋਗ ਹੈ ਕਿ ਨਵਦੀਪ ਨੇ ਦੋ ਹਜ਼ਾਰ ਸਤਾਰਾਂ ਵਿੱਚ ਸੂਬੇ ਦੀ ਮੁੱਖ ਮੰਤਰੀ ਖ਼ਿਲਾਫ਼ ਸਟੇਟ ਪਾਰਲੀਮੈਂਟ ਦੀ ਚੋਣ ਲੜੀ ਸੀ ਅਤੇ ਚੋਣ ਦੇ ਪ੍ਰਦਰਸ਼ਨ ਕਾਰਨ ਇਸ ਬਾਰ ਗਰੀਨ ਪਾਰਟੀ ਨੇ ਉਨ੍ਹਾਂ ਨੂੰ ਸੇਨੈੱਟ ਚੋਣਾਂ ਵਿਚ ਵਿਚ ਦੂਜਾ ਸਥਾਨ ਦੇ ਕੇ ਨਿਵਾਜਿਆ ਹੈ। ਸੈਨੇਟ ਦੀ ਇਹ ਚੋਣ ਅਗਲੇ ਸਾਲ ਦੇ ਆਰੰਭ ਵਿੱਚ ਫੈਡਰਲ ਚੋਣਾਂ ਦੇ ਨਾਲ ਹੋਵੇਗੀ। ਪਿਛਲੀਆਂ ਚੋਣਾਂ ਦੌਰਾਨ ਮਿਲੇ ਭਾਈਚਾਰਕ ਸਮਰਥਨ ਨੂੰ ਦੇਖਦੇ ਹੋਏ ਇਸ ਚੋਣ ਨੂੰ ਲੈ ਕੇ ਭਾਈਚਾਰਾ ਆਸਵੰਦ ਹੈ।

Install Punjabi Akhbar App

Install
×