ਕੈਨੇਡਾ ਵਿੱਚ  ਪੰਜਾਬੀ ਸੱਭਿਆਚਾਰ ਨੂੰ ਹੋਰ ਪ੍ਰਫੁੱਲਤ ਕਰ ਰਹੀ  ਗਿੱਧਾਕਾਰ ‘ਨਵਦੀਪ ਕੌਰ ਪੰਧੇਰ’

image1 (2)

ਨਿਊਯਾਰਕ/ਐਡਮਿਨਟਨ 29 ਜੁਲਾਈ –  26 ਸਾਲ ਦੀ ਛੈਲ ਛਬੀਲੀ, ਉੱਚੇ ਕੱਦ ਕਾਠ ਵਾਲੀ, ਘੁੰਗਰਾਲੇ ਵਾਲਾਂ ਦੀ ਦਿੱਖ ਵਾਲੀ ਨਵਦੀਪ ਕੌਰ ਪੰਧੇਰ ਕਨੇਡਾ ਦੇ ਮਸ਼ਹੂਰ ਖੂਬਸੂਰਤ ਸ਼ਹਿਰ ਐਡਮੰਟਨ ਵਿਖੇ ਰਹਿੰਦੀ ਹੈ। ਉਹ ਐਡਮੰਟਨ ਦੀ ਜੰਮਪਲ ਹੈ, ਉਸ ਦੇ ਮਾਤਾ-ਪਿਤਾ 1982 ਵਿੱਚ ਇੱਥੇ ਆ ਕੇ ਵਸ ਗਏ ਸੀ, ਉਹ ਜ਼ਿਲ੍ਹਾ ਸੰਗਰੂਰ ਦੇ ਪਿੰਡ ਨੱਥੂਮਾਜਰਾ ਦੇ ਰਹਿਣ ਵਾਲੇ ਹਨ। ਉਸ ਨੂੰ ਸੱਭਿਆਚਾਰ ਦੀਆਂ ਕਈ ਕਲਾਵਾਂ ਵਿੱਚ ਪ੍ਰਪੱਕਤਾ ਹਾਸਲ ਹੈ। ਜਿੱਥੇ ਉਹ ਇੱਕ ਕਰਮਠ, ਸਮਝਦਾਰ, ਤਜ਼ੁਰਬੇਕਾਰ, ਪ੍ਰਾਚੀਨ-ਆਧੁਨਿਕਤਾ ਦੀ ਸੁਮੇਲ ਕਲਾਸਿਕ ਗਿੱਧਾ ਕਲਾਕਾਰ ਹੈ, ਉਸ ਦੇ ਨਾਲ ਨਾਲ ਉਹ ਇੱਕ ਵਧੀਆ ਪੰਜਾਬੀ ਗਾਇਕਾ, ਮਰਮਸਪਰਸ਼ੀ ਭੰਗੜਾ ਕਲਾਕਾਰ, ਬੀ. ਏ./ਬੀ. ਐਡ ਅਤੇ ਖਾਸ ਕਰਕੇ ਇਨ੍ਹਾਂ ਗੁਣਾਂ ਦੇ ਨਾਲ ਨਾਲ ਉਹ ‘ਮਿਸ ਪੰਜਾਬਣ’ ਐਡਮੰਟਨ ਦਾ ਵੀ ਖਿਤਾਬ ਹਾਸਿਲ ਕਰ ਚੁੱਕੀ ਹੈ। ਹੋਰ ਖੁਸ਼ੀ ਵਾਲੀ ਗੱਲ ਇਹ ਹੈ ਕਿ ਉਹ ਤਿੰਨ ਪੁਸਤਕਾਂ ਵੀ ਸਾਹਿਤ ਦੀ ਝੋਲੀ ਵਿੱਚ (ਖਰੜੇ ਦੇ ਰੂਪ ਵਿੱਚ, ਛਪਣ ਅਧੀਨ) ਪਾਉਣ ਜਾ ਰਹੀ ਹੈ। ਇਹ ਪੁਸਤਕਾਂ ਭਾਵੇਂ ਅੰਗਰੇਜ਼ੀ ਵਿੱਚ ਹਨ ਪਰ ਪੰਜਾਬੀ ਸੱਭਿਆਚਾਰ, ਇਤਿਹਾਸ ਨਾਲ ਸਬੰਧਤ ਹਨ। ਇਹ ਪੁਸਤਕਾਂ ਭਗਤਾਂ ਤੋਂ ਲੈ ਕੇ ਅੱਜ ਦੇ ਪੰਜਾਬ ਦੇ ਵਾਤਾਵਰਨ¸ਹਾਲਾਤਾਂ ਉੱਪਰ ਕੇਂਦਰਿਤ ਹਨ, ਬਤੌਰ ਅਧਿਆਪਕਾ ਉਹ ਸਕੂਲਾਂ ਵਿੱਚ ਸਿੱਖ ਪੰਜਾਬੀ ਇਤਿਹਾਸ ਪੜ੍ਹਾਉਂਦੀ ਹੈ। ਉਸ ਨੇ ਸ਼ਿਕਾਗੋ ਅਤੇ ਐਡਮੰਟਨ ਦੇ ਕਈ ਸਕੂਲਾਂ ਵਿੱਚ ਪੰਜਾਬੀ ਵੀ ਪੜ੍ਹਾਈ ਹੈ ਅਤੇ ਪੜ੍ਹਾ ਰਹੀ ਹੈ।

ਤਿੱਖੇ ਆਕਰਸ਼ਣ ਫਬੀਲੇ ਨੈਣ ਨਕਸ਼ਾਂ ਵਾਲੀ, ਘੜਵੀਂ ਸਰੀਰਕ ਬਣਤਰ ਨਾਲ ਭਰਪੂਰ, ਗਿਣੇ-ਮਿੱਥੇ ਤੰਦਰੁਸਤ ਆਕਾਰ ਵਾਲੀ ਖੂਬਸੂਰਤ ਨਵਦੀਪ ਭਾਵੇਂ ਡਿਊਟੀ ਦੌਰਾਨ ਕਨੇਡੀਅਨ ਪਹਿਰਾਵਾ ਪਾਉਂਦੀ ਹੈ ਪਰ ਉਸ ਨੂੰ ਪੰਜਾਬੀ ਪਹਿਰਾਵਾ ਜ਼ਿਆਦਾ ਪਸੰਦ ਹੈ।

image2
ਐਡਮੰਟਨ ਦੇ ਪ੍ਰਸਿੱਧ ਕਟ ਕੈਚਵਿਨ ਸਕੂਲ ਵਿਖੇ ਉਸ ਨੂੰ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ। ਇਸ ਸਕੂਲ ਵਿੱਚ ਪੰਜਾਬੀ ਬੱਚਿਆਂ ਦਾ 15 ਰੋਜ਼ਾ ਸਮਰ ਕੈਂਪ ਚਲ ਰਿਹਾ ਸੀ। ਸਕੂਲਾਂ ਵਿੱਚੋਂ ਲਗਭਗ 700 ਬੱਚੇ¸ਬੱਚੀਆਂ ਨੇ ਭਾਗ ਲਿਆ। ਜਿਨ੍ਹਾਂ ਦੀ ਉਮਰ ਕੋਈ ਚਾਰ ਸਾਲ ਤੋਂ ਲੈ ਕੇ 15 ਸਾਲਾਂ ਤੱਕ ਸੀ। ਇਸ ਕੈਂਪ ਦੇ ਇੰਚਾਰਜ ਸਨ ਜਨਾਬ ਵਰਿੰਦਰ ਸਿੰਘ ਭੁੱਲਰ ਤੇ ਉਨ੍ਹਾਂ ਦੇ ਸਹਿਯੋਗੀ ਸਨ ਪ੍ਰਸਿੱਧ ਲੇਖਿਕਾ ਬੀਬੀ ਜਰਨੈਲ ਕੌਰ ਧਾਲੀਵਾਲ ਅਤੇ ਹੋਰ ਅਧਿਆਪਕ।

ਨਵਦੀਪ ਨੇ ਦੱਸਿਆ ਕਿ ਇਸ ਕੈਂਪ ਵਿੱਚ ਬੱਚਿਆਂ ਨੂੰ ਗਿੱਧੇ-ਭੰਗੜੇ ਦੀ ਟ੍ਰੇਨਿੰਗ ਦੇ ਨਾਲ ਨਾਲ  ਪੰਜਾਬੀ ਲਿਖਣੀ, ਬੋਲਣੀ, ਪੜ੍ਹਨੀ ਤੇ ਸਮਝਣੀ ਦਾ ਅਭਿਆਸ ਕਰਵਾਇਆ ਜਾਂਦਾ ਹੈ ਤਾਂ ਜੋ ਵਿਦੇਸ਼ ਵਿੱਚ ਰਹਿ ਕੇ ਵੀ ਬੱਚੇ ਆਪਣੀ ਮਾਤ-ਭਾਸ਼ਾ, ਸੱਭਿਆਚਾਰ, ਵਿਰਸੇ ਅਤੇ ਵਿਰਾਸਤ ਨਾਲ ਜੁੜੇ ਰਹਿਣ।

ਇਸ ਕੈਂਪ ਵਿੱਚ ਸਭ ਤੋਂ ਮਹੱਤਵਪੂਰਨ ਗੱਲ ਇਹ ਸੀ ਕਿ ਨਵਦੀਪ ਨੇ ਗਿੱਧੇ ਦੇ ਤਾਲ-ਲੈਅ ਲਈ ਜਿਹੜੇ ਗੀਤਾਂ ਦੀ ਚੋਣ ਕੀਤੀ ਸੀ ਉਹ ਬਹੁਤ ਹੀ ਸਲਾਹੁਣਯੋਗ ਸੀ। ਸੁਰਿੰਦਰ ਕੌਰ ਦੇ ਗਾਏ ਪੁਰਾਣੇ ਦਿਲਕਸ਼ ਸੀਨੇ ‘ਚ ਹੂਲ ਤੇ ਲਲਕ ਪਾਉਣ ਵਾਲੇ ਗੀਤ ਜੋ ਨੰਦ ਲਾਲ ਨੂਰਪੁਰੀ ਤੇ ਹੋਰਨਾਂ ਦੇ ਲਿਖੇ ਹੋਏ ਸਨ, ਕਮਾਲ ਸੀ।

ਖਾਸ ਕਰਕੇ ਗਿੱਧੇ ਨੂੰ ਬੁਲੰਦੀਆਂ ਅਤੇ ਪੰਜਾਬੀ ਸੱਭਿਆਚਾਰ ਦੀ ਅਗਵਾਈ ਕਰਦੇ ਇਹ ਗੀਤ ਜੋ ਪੰਜਾਬੀ ਦੇ ਠੇਠ ਸ਼ਬਦ ਅਤੇ ਅਲੋਪ ਹੋ ਚੁੱਕੇ ਸ਼ਬਦਾਂ ਨੂੰ ਜਿੰਦਾ ਕਰਨ ਦੇ ਪਰਾਏਵਾਰੀ ਹਨ। ਜਿਵੇਂ ਕਿ ‘ਗੋਰੀ ਦੀਆ ਝਾਂਜਰਾਂ ਬੁਲਾਉਂਦੀਆਂ’, ‘ਚੰਨ ਵੇ ਕਿ ਸ਼ੌਕਣ ਮੇਲੇ ਦੀ’, ‘ਪੈਰ ਧੋ ਕੇ ਝਾਂਜਰਾਂ ਪਾਉਂਦੀ ਮੇਲਦੀ ਆਉਂਦੀ’, ‘ਮਧਾਣੀਆਂ…ਹਾਏ ਵੇ ਮੇਰੇ ਡਾਢਿਆ ਰੱਬਾ’, ‘ਜੁੱਤੀ ਕਸੂਰੀ ਪੈਰੀਂ ਨਾ ਪੂਰੀ’, ‘ਕਾਲੇ ਰੰਗ ਦਾ ਪਰਾਂਦਾ ਮੇਰੇ ਸਜਣਾਂ ਨੇ ਆਂਦਾ, ਨੀ ਮੈਂ ਚੁੰਮ ਚੁੰਮ ਰਖਦੀ ਫਿਰਾਂ’, ‘ਸੂਹੇ ਚੀਰੇ ਵਾਲਿਆ ਮੈਂ ਕਹਿੰਦੀ ਆਂ’, ਆਦਿ ਗੀਤ ਇਸ ਸਮਰ ਕੈਂਪ ਦਾ ਸ਼ਿੰਗਾਰ ਸਨ ਗਿੱਧੇ ਦੀ ਲੈਅ ਵਿੱਚ। ਨੰਦ ਲਾਲ ਨੂਰਪੁਰੀ ਦੇ ਇਹ ਜਿੰਦਾ ਗੀਤ ਕਲੇਜੇ ਵਿੱਚ ਧੂਹ ਪਾ ਕੇ ਸਕੂਨ ਵਿੱਚ ਲੈ ਜਾਂਦੇ ਹਨ। ਇਹ ਗੀਤ ਪੰਜਾਬੀ ਸੱਭਿਆਚਾਰ ਨੂੰ ਜਿਊਂਦੇ  ਰੱਖਣਗੇ ਚੰਨ ਸੂਰਜ ਤੇ ਤਾਰਿਆਂ ਦੇ ਵਾਂਗ।

ਨਵਦੀਪ ਗਿੱਧੇ ਦੀਆ ਕਿਰਿਆਵਾਂ ਦੇ ਨਵੇਂ-ਨਵੇਂ ਅਤੇ ਪ੍ਰਾਚੀਨ ਅਭਿਆਸ ਕਰਵਾਉਣ ਵਿੱਚ ਮੁਹਾਰਤ ਰੱਖਦੀ ਹੈ, ਗੀਤ ਤੇ ਤਰਜ਼ ਦੇ ਮੁਤਾਬਕ ਸਰੀਰਕ ਅੰਗਾਂ ਨੂੰ ਇਸ ਤਰ੍ਹਾਂ ਦੀਆਂ ਖੂਬਸੂਰਤ ਦਿਲਕਸ਼ ਹਰਕਤਾਂ ਦੇਣਾ ਕਿ ਵੇਖਣ ਵਾਲਾ ਅਸ਼ ਅਸ਼ ਕਰ ਉੱਠਦਾ ਹੈ। ਗਿੱਧੇ ਲਈ ਸਰੀਰਕ ਲਚਕ ਤੇ ਲੈਅ ਦਾ ਸਮਤੋਲ ਹੋਣਾ ਬਹੁਤ ਜਰੂਰੀ ਹੈ। ਲੈਅ ਲਚਕ ਅਤੇ ਅਭਿਆਸ ਗਿੱਧੇ ਦੀ ਮੁਢਲੀ ਪਰਿਭਾਸ਼ਾ ਕਹੀ ਜਾਂਦੀ ਹੈ, ਇਹ ਗਿੱਧੇ ਦੀ ਜਿੰਦ ਜਾਨ ਹੁੰਦੀ ਹੈ। ਇਸ ਤੋਂ ਬਗੈਰ ਗਿੱਧਾ ਬੇਜਾਨ, ਬੇਸਵਾਦੀ, ਬੇਅਰਥ, ਬੇਤਅਕਲੁਫ ਤੇ ਨੀਰਸ ਹੋ ਕੇ ਰਹਿ ਜਾਂਦਾ ਹੈ।

ਨਵਦੀਪ ਨੇ ਦੱਸਿਆ ਕਿ ਸੰਗੀਤ, ਲੈਅ ਅਤੇ ਅਭਿਆਸ ਜਦ ਅੰਤਰਮੁਖੀ ਹੋ ਕੇ ਬਾਹਰ ਨਿਕਲਦਾ ਹੈ ਤਾਂ ਸਾਰਾ ਵਾਤਾਵਰਨ ਗਿੱਧਾਮਈ ਹੋ ਜਾਂਦਾ ਹੈ। ਗਿੱਧਾ ਉਹ ਜੋ ਅੰਦਰੋਂ ਬਾਹਰ ਨਿਕਲੇ। ਗਿੱਧਾ ਇੱਕ ਅਧਿਆਤਮਿਕ ਅਭਿਆਸ ਹੈ। ਜਿਸ ਨਾਲ ਇਕਾਗਰਤਾ ਦੀਆਂ ਕਈ ਪਰਤਾਂ ਖੁਲ੍ਹਦੀਆ ਹਨ ਜੋ ਏਕਮ ਵਿੱਚ ਪ੍ਰਵੇਸ਼ ਕਰ ਜਾਂਦੀਆਂ ਹਨ ਇਸ ਨੂੰ ਹੀ ਯੋਗ ਅਤੇ ਵਿਗਿਆਨ ਕਿਹਾ ਜਾਂਦਾ ਹੈ।

ਗਿੱਧਾ ਇੱਕ ਸਰਵੋਤਮ ਯੋਗ ਦਾ ਹਿੱਸਾ ਹੈ। ਇਸ ਨਾਲ ਮਾਨਸਿਕ, ਸਰੀਰਕ ਸੰਤੁਲਨ ਤਾਂ ਬਣਦਾ ਹੈ ਤੇ ਕਈ ਬਿਮਾਰੀਆ ਤੋਂ ਵੀ ਛੁਟਕਾਰਾ ਦਿੰਦਾ ਹੈ। ਨਵਦੀਪ ਨੇ ਦੱਸਿਆ ਕਿ ਐਡਮੰਟਨ ਵਿੱਚ ਹਰ ਸਾਲ ਮਨਾਏ ਜਾਂਦੇ ਤੀਆਂ ਦੇ ਤਿਉਹਾਰ, ਸਾਵਣ ਦੇ ਤਿਉਹਾਰ ਅਤੇ ਹੋਰ ਪੰਜਾਬੀ ਸੱਭਿਆਚਾਰ ਦੇ ਦਿਨ ਤਿਉਹਾਰਾਂ ਵਿੱਚ ਉਹ ਗਿੱਧੇ ਅਤੇ ਨੱਚਣ ਕੁੱਦਣ ਅਤੇ ਹੋਰ ਮਨੋਰੰਜਨ ਕਿਰਿਆਵਾਂ ਦੀ ਉਹ ਅਗਵਾਈ ਵੀ ਕਰਦੀ ਹੈ। ਇਨ੍ਹਾਂ ਤਿਉਹਾਰਾਂ ਵਿੱਚ ਲੜਕੀਆਂ, ਬੱਚੀਆਂ ਅਤੇ ਬਜ਼ੁਰਗ ਔਰਤਾਂ ਵਧ ਚੜ੍ਹਕੇ ਭਾਗ ਲੈਂਦੀਆਂ ਹਨ ਇਸ ਦਿਨ ਐਡਮੰਟਨ ਮਿੰਨੀ ਪੰਜਾਬ ਨਜ਼ਰ ਆਉਂਦਾ ਹੈ, ਖੁਲ੍ਹ ਕੇ ਹਾਸਾ ਠੱਠਾ ਤੇ ਪੰਜਾਬੀ ਮਜ਼ਾਕ ਸੱਭਿਆਚਾਰ ਨੂੰ ਮੁੜ ਜਿਊਂਦਾ ਕਰ ਦਿੰਦਾ ਹੈ।

ਨਵਦੀਪ ਹੁਣ ਤਕ ਲਗਭਗ ਹਜ਼ਾਰਾਂ ਬੱਚੀਆਂ ਨੂੰ ਗਿੱਧਾ ਸਿਖਾ ਚੁੱਕੀ ਹੈ। ਉਸ ਨੇ ਆਖਿਰ ਵਿੱਚ ਕਿਹਾ ਕਿ ਉਸਦੀ ਦਿਲੀ ਤਮੰਨਾ ਹੈ ਕਿ ਉਹ ਪੰਜਾਬੀ, ਸਿੱਖ ਇਤਿਹਾਸ, ਪੰਜਾਬ ਦਾ ਇਤਿਹਾਸ ਪੜ੍ਹਾਉਂਦੀ ਰਹੇ ਤਾਂ ਜੋ ਏਧਰ ਵਿਦੇਸ਼ਾਂ ‘ਚ ਬੈਠੇ ਬੱਚੇ ਆਪਣੇ ਸੱਭਿਆਚਾਰ ਨਾਲ, ਗੁਰੂਆਂ, ਪੀਰਾਂ, ਪੈਗੰਬਰਾਂ, ਰਿਸ਼ੀਆਂ, ਮੁਨੀਆਂ ਨਾਲ ਵੀ ਜੁੜੇ ਰਹਿਣ। ਉਸਨੇ ਕਿਹਾ ਕਿ ਅਗਰ ਉਸਨੂੰ ਮਾਡਲਿੰਗ ਅਤੇ ਪੰਜਾਬੀ ਫਿਲਮਾਂ, ਨਾਟਕਾਂ ਵਿੱਚ ਜਾਣ ਦਾ ਮੌਕਾ ਮਿਲਿਆ ਤਾਂ ਉਹ ਜਰੂਰ ਕੰਮ ਕਰੇਗੀ, ਅਭਿਨੈ ਕਰੇਗੀ। ਭਵਿੱਖ ਵਿੱਚ ਉਸਦੀ ਆਸ ਹੈ ਕਿ ਉਹ ਇਸੇ ਤਰ੍ਹਾਂ ਹੀ ਪੰਜਾਬੀ ਸੱਭਿਆਚਾਰ ਨੂੰ ਜਿੰਦਾ ਰੱਖਣ ਲਈ ਅਣਥੱਕ ਉਪਰਾਲੇ ਕਰਦੀ ਰਹੇਗੀ।

Install Punjabi Akhbar App

Install
×