ਨਾਟਿਅਮ ਮੇਲੇ ਦੀ 12ਵੀਂ ਸ਼ਾਮ ਮਾਹੌਲ ਰੰਗਿਆ ਦੇਸ਼ ਭਗਤੀ ਦੇ ਰੰਗ ਵਿੱਚ

– ਨਾਟਕ ਗ਼ਦਰ ਐਕਸਪ੍ਰੈਸ ਨੂੰ ਵੇਖ ਦਰਸ਼ਕਾਂ ਨੇ ਖੜੇ ਹੋਕੇ ਵਜਾਈਆਂ ਤਾੜੀਆਂ

“ਕੀਰਤੀ ਕਿਰਪਾਲ ਦੀ ਟੀਮ ਵੱਲੋਂ ਦੇਸ਼ ਲਈ ਜਾਨਾਂ ਵਾਰ ਗਏ ਗ਼ਦਰੀ ਬਾਬਿਆਂ ਨੂੰ ਸਮਰਪਿਤ ਨਾਟਕ ਦੀ ਸਫਲ ਪੇਸ਼ਕਾਰੀ” -ਡਾ. ਸੁਰਜੀਤ ਪਾਤਰ

ਬਠਿੰਡਾ -ਨਾਟਿਅਮ ਬਠਿੰਡਾ ਵੱਲੋਂ ਬਲਵੰਤ ਗਾਰਗੀ ਓਪਨ ਏਅਰ ਥਿਏਟਰ ‘ਚ ਕਰਵਾਏ ਜਾ ਰਹੇ 10ਵੇਂ ਕੌਮੀ ਰੰਗ ਮੰਚ ਮੇਲੇ ਦੇ 12ਵੇਂ ਦਿਨ ਡਾਇਰੈਟਰ ਕੀਰਤੀ ਕਿਰਪਾਲ ਦੀ ਆਪਣੀ ਨਿਰਦੇਸ਼ਨਾ ‘ਚ ਡਾ. ਆਤਮਜੀਤ ਦਾ ਲਿਖਿਆ ਨਾਟਕ ਗ਼ਦਰ ਐਕਸਪ੍ਰੈਸ ਪੇਸ਼ ਕੀਤਾ ਗਿਆ, ਜਿਸਨੇ ਪੂਰੇ ਮਾਹੌਲ ਨੂੰ ਦੇਸ਼ ਭਗਤੀ ਦੇ ਰੰਗ ਵਿੱਚ ਰੰਗ ਦਿੱਤਾ। ਪੌਣੇ ਦੋ ਘੰਟੇ ਲੰਬਾ ਚੱਲੇ ਨਾਟਕ ਰਾਹੀਂ ਮੁਲਕ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਉਣ ਲਈ ਵਿਦੇਸ਼ੀ ਧਰਤੀਂ ਤੋਂ ਗ਼ਦਰ ਦਾ ਬਿਗੁਲ ਵਜਾਉਣ ਵਾਲੇ ਬਹਾਦੁਰ ਘੁਲਾਟੀਏ ਕਾਸ਼ੀ ਰਾਮ, ਹਰਨਾਮ ਸਿੰਘ ਕਾਹਰੀ-ਸਾਹਰੀ, ਭਾਈ ਭਗਵਾਨ ਸਿੰਘ, ਮੇਵਾ ਸਿੰਘ ਲੋਪੋਕੇ ਆਦਿ ਦੀ ਕਹਾਣੀ ਪੇਸ਼ ਕੀਤੀ ਗਈ, ਜਿਸ ਨੇ ਦਰਸ਼ਕਾਂ ਦੇ ਮਨਾਂ ਨੂੰ ਇਸ ਕਦਰ ਹਲੂਣਿਆਂ ਕਿ ਪੂਰੇ ਪੰਡਾਲ ਨੇ ਖੜੇ ਹੋ ਕੇ ਤਾੜੀਆਂ ਵਜਾਈਆਂ।

ਨਾਟਿਅਮ ਟੀਮ ਦੇ ਕਲਾਕਾਰਾਂ ਨੂੰ ਆਸ਼ੀਰਵਾਦ ਦੇਣ ਲਈ ਪੰਜਾਬ ਦੇ ਹਰਮਨ-ਪਿਆਰੇ ਸ਼ਾਇਰ, ਲੇਖਕ ਅਤੇ ਪੰਜਾਬ ਆਰਟ ਕੌਂਸਲ, ਚੰਡੀਗੜ੍ਹ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਮੇਲੇ ਦੀ 12ਵੀਂ ਸ਼ਾਮ ਨੂੰ ਸ਼ਹਿਰਵਾਸੀਆਂ ਦੇ ਸਨਮੁੱਖ ਪੇਸ਼ ਹੋਏ, ਜਿੰਨ੍ਹਾਂ ਇਸ ਸ਼ਾਨਦਾਰ ਪੇਸ਼ਕਾਰੀ ਲਈ ਟੀਮ ਨੂੰ ਵਧਾਈ ਦਿੱਤੀ ਅਤੇ ਨਾਟਕ ਦੀਆਂ ਹੋਰ ਪੇਸ਼ਕਾਰੀਆਂ ਕਰਵਾਉਣ ਦਾ ਵੀ ਭਰੋਸਾ ਦਿੱਤਾ।ਇਸ ਮੌਕੇ ਬਠਿੰਡਾ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ ਪਰਮਵੀਰ ਸਿੰਘ ਅਤੇ ਉਨ੍ਹਾਂ ਦੀ ਧਰਮ ਪਤਨੀ ਨਿਤਿਆ ਵੀ ਵਿਸ਼ੇਸ਼ ਤੌਰ ਤੇ ਹਾਜ਼ਿਰ ਸਨ।

Install Punjabi Akhbar App

Install
×