
(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਆਸਟ੍ਰੇਲੀਆਈ ਰਾਜਨੀਤੀ ਅਤੇ ਰਾਜਨੀਤਿਕ ਅੱਜ ਕੱਲ੍ਹ ਮਹਿਲਾਵਾਂ ਵੱਲੋਂ -ਉਨ੍ਹਾਂ ਪ੍ਰਤੀ ਕੀਤੇ ਜਾ ਰਹੇ ਅਭੱਦਰ ਵਿਵਹਾਰਾਂ ਤੋਂ ਲੈ ਕੇ ਸਰੀਰਕ ਸ਼ੋਸ਼ਣ ਤੱਕ ਦੇ ਇਲਜ਼ਾਮਾਂ ਲਈ ਦਿੱਤੀਆਂ ਜਾ ਰਹੀਆਂ ਸ਼ਿਕਾਇਤਾਂ ਦੇ ਇਰਦ ਗਿਰਦ ਹੀ ਘੁੰਮਦੀ ਨਜ਼ਰ ਆ ਰਹੀ ਹੈ ਅਤੇ ਦਿਨ ਪ੍ਰਤੀ ਦਿਨ ਕੋਈ ਨਾ ਕੋਈ ਅਜਿਹੀ ਸ਼ਿਕਾਇਤ, ਪੀੜਿਤ ਮਹਿਲਾਵਾਂ ਵੱਲੋਂ ਦਾਇਰ ਕੀਤੀ ਜਾਂਦੀ ਹੈ ਜਿਸ ਵਿੱਚ ਕਿ ਉਚ ਕੋਟੀ ਦੇ ਰਾਜਨੀਤਿਕ ਹਸਤੀਆਂ ਅਤੇ ਪਾਰਲੀਮੈਂਟ ਦਾ ਸਟਾਫ ਤੱਕ ਵੀ ਸ਼ਾਮਿਲ ਹੁੰਦੇ ਹਨ।
ਇਸੇ ਸਿਲਸਿਲੇ ਵਿੱਚ ਹੁਣ ਇੱਕ ਹੋਰ ਨਾਮ ਨੈਸ਼ਨਲ ਐਮ.ਪੀ. ਐਨੇ ਵੈਬਸਟਰ ਦਾ ਜੁੜ ਗਿਆ ਹੈ ਜਿਨ੍ਹਾਂ ਨੇ ਕਿ ਸ਼ਿਕਾਇਤ ਕੀਤੀ ਹੈ ਕਿ ਬੀਤੇ ਹਫ਼ਤੇ, ਕੈਨਬਰਾ ਪਾਰਲੀਮੈਂਟ ਦੇ ਅੰਦਰ ਹੀ ਉਨ੍ਹਾਂ ਨਾਲ ਸਰੀਰਕ ਸ਼ੋਸ਼ਣ, ਅਭੱਦਰ ਵਿਵਹਾਰ ਕੀਤਾ ਗਿਆ ਅਤੇ ਉਨ੍ਹਾਂ ਨੂੰ ਹੈਰਾਸ ਵੀ ਕੀਤਾ ਗਿਆ। ਇਸ ਸ਼ਿਕਾਇਤ ਵਿੱਚਲੇ ਕਸੂਰਵਾਰ ਦਾ ਨਾਮ ਕੀ ਹੈ ਇਸ ਨੂੰ ਹਾਲੇ ਤੱਕ ਨਸ਼ਰ ਨਹੀਂ ਕੀਤਾ ਗਿਆ।
ਵੈਸੇ ਦਰਸਾਇਆ ਇਹ ਗਿਆ ਹੈ ਕਿ ਉਕਤ ਕਸੂਰਵਾਰ ਵਿਅਕਤੀ ਨੇ ਮੁਆਫੀ ਵੀ ਮੰਗ ਲਈ ਹੈ ਅਤੇ ਅੱਗੇ ਤੋਂ ਅਜਿਹਾ ਨਾ ਕਰਨ ਦਾ ਵਚਨ ਵੀ ਕੀਤਾ ਹੈ ਅਤੇ ਡਾ. ਵੈਬਸਟਰ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਉਪਰ ਸੰਤੁਸ਼ਟੀ ਹੈ ਅਤੇ ਉਹ ਇਹ ਵੀ ਨਹੀਂ ਚਾਹੁੰਦੇ ਕਿ ਕਿਸੇ ਦਾ ਰੌਜ਼ਗਾਰ ਖੋਹ ਲਿਆ ਜਾਵੇ ਅਤੇ ਸਾਰੀ ਉਮਰ ਉਸਨੂੰ ਗੁਮਨਾਮੀ ਜਾਂ ਸ਼ਰਮਨਾਕ ਜ਼ਿੰਦਗੀ ਅਧੀਨ ਬਿਤਾਉਣੀ ਪਵੇ ਇਸ ਲਈ ਉਹ ਉਕਤ ਕਸੂਰਵਾਰ ਨੂੰ ਮੁਆਫ ਕਰਦੇ ਹਨ।
ਉਧਰ ਦੂਸਰੇ ਪਾਸੇ, ਡਾ. ਲੇਮਿੰਗ ਨੂੰ ਰਾਜਨੀਤੀ ਵਿੱਚੋਂ ਬਾਹਰ ਕੱਢਣ ਦੇ ਦਬਾਅ ਲਗਾਤਾਰ ਸਰਕਾਰ ਉਪਰ ਬਣਾਏ ਜਾ ਰਹੇ ਹਨ ਅਤੇ ਹਵਾਲਾ ਦਿੱਤਾ ਜਾ ਰਿਹਾ ਹੈ ਕਿ ਜੇਕਰ ਇੱਕ ਸ਼ਖ਼ਸ, ਜਿਸ ਉਪਰ ਕਿ ਗੰਭੀਰ ਆਰੋਪ ਲਗਾਏ ਗਏ ਹੋਣ, ਆਪਣੇ ਅਹੁਦੇ ਉਪਰ ਬਰਕਰਾਰ ਰਹਿੰਦਾ ਹੈ ਤਾਂ ਫੇਰ ਉਸ ਖ਼ਿਲਾਫ਼ ਕੀਤੀ ਜਾਣ ਵਾਲੀ ਪੜਤਾਲ ਦਾ ਕੋਈ ਮਾਇਨਾ ਹੀ ਨਹੀਂ ਰਹਿ ਜਾਂਦਾ ਅਤੇ ਪੜਤਾਲ ਦੀ ਰਿਪੋਰਟ ਹਮੇਸ਼ਾ ਹੀ ਇੱਕਤਰਫਾ ਰਹਿੰਦੀ ਹੈ। ਇਸ ਵਾਸਤੇ ਵਿਰੋਧੀਆਂ ਦੀ ਮੰਗ ਹੈ ਕਿ ਡਾ. ਲੇਮਿੰਗ ਨੂੰ ਫੌਰਨ ਉਹਨਾਂ ਦੇ ਅਹੁਦਿਆਂ ਤੋਂ ਬਰਖ਼ਾਸਤ ਕੀਤਾ ਜਾਵੇ ਅਤੇ ਨਿਰਪੱਖ ਜਾਂਚ ਕੀਤੀ ਜਾਵੇ।